ਪੀਏਯੂ ਦੇ ਵਿਦਿਆਰਥੀਆਂ ਵੱਲੋਂ ਪਰਾਲੀ ਦੀ ਸੰਭਾਲ ਨੂੰ ਦਰਸਾਉਂਦੇ ਨਾਟਕ ਦਾ ਮੰਚਨ
ਪੀਏਯੂ ਦੇ ਵਿਦਿਆਰਥੀਆਂ ਵੱਲੋਂ ਪਰਾਲੀ ਦੀ ਸੰਭਾਲ ਨੂੰ ਦਰਸਾਉਂਦੇ ਨਾਟਕ ਦਾ ਮੰਚਨ
Publish Date: Fri, 17 Apr 2026 06:26 PM (IST)
Updated Date: Fri, 17 Apr 2026 06:27 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਦੀ ਟੀਮ ਨੇ ਮੱਧ ਪ੍ਰਦੇਸ਼ ਦੇ ਰਾਈਸਨ ਜ਼ਿਲ੍ਹੇ ਵਿਚ ਪਰਾਲੀ ਦੀ ਸੰਭਾਲ ਨੂੰ ਦਰਸਾਉਂਦੇ ਨਾਟਕ ਦਾ ਮੰਚਨ ਕੀਤਾ। ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਜਦਕਿ ਭਾਰਤ ਦੇ ਖੇਤੀਬਾੜੀ ਵਿਕਾਸ ਮੰਤਰੀ ਮਾਣਯੋਗ ਸ਼ਿਵਰਾਜ ਚੌਹਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਤੋਂ ਇਲਾਵਾ ਭਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਨਿਰਦੇਸ਼ਕ ਜਨਰਲ ਡਾਕਟਰ ਐਮਐਲ ਜਾਟ, ਅਪਰ ਨਿਰਦੇਸ਼ਕ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਡਾਕਟਰ ਰਾਜਬੀਰ ਬਰਾੜ, ਅਟਾਰੀ ਦੇ ਨਿਰਦੇਸ਼ਕ ਡਾਕਟਰ ਪਰਵਿੰਦਰ ਸ਼ੇਰੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਗਿਆਨੀ ਹਾਜ਼ਰ ਸਨ। ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਵਿਚ ਚੌਹਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਤਿਆਰ ਵਿਗਿਆਨਿਕ ਲਘੂ ਨਾਟਕ ਲੋਕਾਂ ਵਿਚ ਚੇਤਨਾ ਪੈਦਾ ਕਰਨ ਲਈ ਬਹੁਤ ਸਹਾਇਕ ਸਿੱਧ ਹੋਇਆ ਹੈ। ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਦੇ ਵਿਚ ਵੀ ਅਜਿਹੇ ਨਾਟਕਾਂ ਦਾ ਮੰਚਨ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। ਭਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਨਿਰਦੇਸ਼ਕ ਜਨਰਲ ਡਾਕਟਰ ਐਮਐਲ ਜਾਟ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿਚ 95 ਫੀਸਦੀ ਪਰਾਲੀ ਨੂੰ ਅੱਗ ਲਗਾਉਣ ਦੇ ਕੇਸ ਘਟੇ ਹਨ। ਇਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਮਸ਼ੀਨਰੀ ਬੜੀ ਸਹਾਇਕ ਸਿੱਧ ਹੋਈ ਹੈ। ਉਨਾਂ ਕਿਹਾ ਕਿ ਦੂਜੇ ਸੂਬਿਆਂ ਨੂੰ ਵੀ ਪੰਜਾਬ ਨੂੰ ਮੂਹਰੇ ਰੱਖ ਕੇ ਸੇਧ ਲੈਣੀ ਚਾਹੀਦੀ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਲਕਸ਼ੇ, ਪ੍ਰਤੀਕ, ਅਨਮੋਲ ਸਿੰਘ, ਰਆਂਸ਼ੀ, ਜਸਕੀਰਤ ਸਿੰਘ, ਗੌਰਵ, ਪ੍ਰਗਤੀ, ਵੰਸ਼, ਡੈਨੀਅਲ ਨੇ ਇਸ ਵਿਗਿਆਨਿਕ ਨਾਟਕ ਵਿਚ ਭਾਗ ਲਿਆ। ਇਹ ਨਾਟਕ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਸੰਯੁਕਤ ਨਿਰਦੇਸ਼ਕ ਡਾਕਟਰ ਅਨਿਲ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਸੀ। ਸਭ ਦਾ ਧੰਨਵਾਦ ਕਰਦੇ ਹੋਏ ਮੋਹਨ ਯਾਦਵ ਨੇ ਕਿਹਾ ਕਿ ਬੀਤੇ ਸਮੇਂ ਤੋਂ ਮੱਧ ਪ੍ਰਦੇਸ਼ ਦੇ ਵਿੱਚ ਪਰਾਲੀ ਅਤੇ ਨਾੜ ਫੂਕਣ ਦੇ ਰੁਝਾਨ ਵਿੱਚ ਵਾਧਾ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਤੋਂ ਇਸ ਸਬੰਧੀ ਸੇਧਾਂ ਲਈਆਂ ਜਾਣਗੀਆਂ।