ਪੀਏਯੂ ਦੀ ਵਿਦਿਆਰਥਣ ਗੁਰਕੰਵਲ ਕੌਰ ਸੇਖੋਂ ਨੂੰ ਮਿਲੀ ਯੁਵਾ ਖੋਜ ਫੈਲੋੋਸ਼ਿਪ
ਸੇਖੋਂ ਨੂੰ ਇਹ ਫੈਲੋਸ਼ਿਪ ਪੂਨੇ ਦੇ ਟੈਰੇ ਪਾਲਿਸੀ ਸੈਂਟਰ ਵੱਲੋਂ ਕਰਵਾਏ ਆਨਲਾਈਨ ਸਮਾਗਮ ਦੌਰਾਨ ਪ੍ਰਦਾਨ ਕੀਤੀ ਗਈ। ਸੇਖੋਂ ਦੀ ਚੋਣ ਰਾਸ਼ਟਰੀ ਪੱਧਰ ਤੇ 800 ਉਮੀਦਵਾਰਾਂ ਵਿੱਚੋਂ ਹੋਈ ਹੈ। ਉਸ ਨੇ ਫਾਈਨਲ ਇੰਟਰਵਿਊ ਅਤੇ ਪੇਸ਼ਕਾਰੀ ਲਈ 15 ਖੋਜੀਆਂ ਦਾ ਮੁਕਾਬਲਾ ਕੀਤਾ ਅਤੇ ਇਸ ਫੈਲੋਸ਼ਿਪ ਦੀ ਜੇਤੂ ਬਣੀ।
Publish Date: Tue, 01 Jun 2021 06:46 PM (IST)
Updated Date: Tue, 01 Jun 2021 06:49 PM (IST)
ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੀਏਯੂ ਦੇ ਬੇਸਿਕ ਸਾਇੰਸਿਜ਼ ਕਾਲਜ ’ਚ ਬਾਇਓਕੈਮਿਸਟਰੀ ਵਿਭਾਗ ਦੀ ਪੀਐੱਚਡੀ ਵਿਦਿਆਰਥਣ ਗੁਰਕੰਵਲ ਕੌਰ ਸੇਖੋਂ ਨੂੰ ਸਾਲ 2020-21 ਲਈ ਡਾ.ਏਪੀਜੇ ਅਬਦੁਲ ਕਲਾਮ ਯੁਵਾ ਖੋਜ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਹੈ। ਸੇਖੋਂ ਨੂੰ ਇਹ ਫੈਲੋਸ਼ਿਪ ਪੂਨੇ ਦੇ ਟੈਰੇ ਪਾਲਿਸੀ ਸੈਂਟਰ ਵੱਲੋਂ ਕਰਵਾਏ ਆਨਲਾਈਨ ਸਮਾਗਮ ਦੌਰਾਨ ਪ੍ਰਦਾਨ ਕੀਤੀ ਗਈ। ਸੇਖੋਂ ਦੀ ਚੋਣ ਰਾਸ਼ਟਰੀ ਪੱਧਰ ਤੇ 800 ਉਮੀਦਵਾਰਾਂ ਵਿੱਚੋਂ ਹੋਈ ਹੈ। ਉਸ ਨੇ ਫਾਈਨਲ ਇੰਟਰਵਿਊ ਅਤੇ ਪੇਸ਼ਕਾਰੀ ਲਈ 15 ਖੋਜੀਆਂ ਦਾ ਮੁਕਾਬਲਾ ਕੀਤਾ ਅਤੇ ਇਸ ਫੈਲੋਸ਼ਿਪ ਦੀ ਜੇਤੂ ਬਣੀ।
ਆਪਣੀ ਪੀਐੱਚਡੀ ਖੋਜ ਵਿੱਚ ਸੇਖੋਂ ਝੋਨੇ ਦੀ ਪਰਾਲੀ ਨੂੰ ਈਠਾਨੋਲ ਅਤੇ ਜ਼ਾਇਲੀਟੋਲ ’ਚ ਬਦਲਾਉਣ ਦੀ ਪ੍ਰਕਿਰਿਆ ’ਤੇ ਕੰਮ ਕਰ ਰਹੀ ਹੈ। ਉਸ ਦੇ ਨਿਗਰਾਨ ਡਾ. ਮੋਨਿਕਾ ਸਚਦੇਵਾ ਤੱਗੜ ਹਨ। ਇਸ ਦੌਰਾਨ ਖੋਜਾਰਥੀ ਖੇਤੀ ਇੰਜੀਨੀਅਰਿੰਗ ਕਾਲਜ ਦੇ ਨਵਿਆਉਣਯੋਗ ਊਰਜਾ ਵਿਭਾਗ ਦੀ ਪਾਠਕ ਐਨਰਜੀ ਲੈਬਾਰਟਰੀ ਵਿੱਚ ਆਪਣਾ ਕਾਰਜ ਜਾਰੀ ਰੱਖ ਰਹੀ ਹੈ।
ਇਸ ਫੈਲੋਸ਼ਿਪ ਵਿੱਚ 25,000 ਰੁਪਏ ਅਤੇ ਸ਼ੋਭਾ ਪੱਤਰ ਸ਼ਾਮਲ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਡੀਨ ਪੋਸਟ ਗ੍ਰੈਜੂਏਟ ਸਟਡੀਜ਼ ਡਾ. ਜੀਕੇ ਸਾਂਘਾ ਡੀਨ ਖੇਤੀ ਇੰਜੀਨੀਅਰਿੰਗ ਕਾਲਜ ਡਾ. ਅਸ਼ੋਕ ਕੁਮਾਰ, ਡੀਨ ਬੇਸਿਕ ਸਾਇੰਸਜ਼ ਕਾਲਜ ਡਾ. ਸ਼ੰਮੀ ਕਪੂਰ, ਬਾਇਓਕਮਿਸਟਰੀ ਵਿਭਾਗ ਦੇ ਮੁਖੀ ਡਾ. ਸੁਚੇਤਾ ਸ਼ਰਮਾ ਅਤੇ ਨਵਿਆਉਣਯੋਗ ਊਰਜਾ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਨੇ ਵਿਦਿਆਰਥਣ ਨੂੰ ਇਸ ਵੱਕਾਰੀ ਫੈਲੋਸ਼ਿਪ ਲਈ ਵਧਾਈ ਦਿੰਦਿਆਂ ਉਸ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ।