ਸਿਖਲਾਈ ਨਾਲ ’ਵਰਸਿਟੀ ਦਾ ਸੁਰੱਖਿਆ ਢਾਂਚਾ ਹੋਵੇਗਾ ਹੋਰ ਮਜ਼ਬੂਤ ’ਤੇ ਸੁਚਾਰੂ-ਡਾ.ਗੋਸਲ

-ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਸੁਰੱਖਿਆ ਦੇ ਮੱਦੇਨਜ਼ਰ ਤਿੰਨ ਰੋਜ਼ਾ ਕੋਰਸ ਆਰੰਭ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਮੰਗਲਵਾਰ ਨੂੰ ਪੀਏਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਯੂਨੀਵਰਸਿਟੀ ਦੇ ਸੁਰੱਖਿਆ ਕਰਮੀਆਂ ਲਈ ਵਿਸ਼ੇਸ਼ ਸਿਖਲਾਈ ਕੋਰਸ ਆਰੰਭ ਹੋ ਗਿਆ। ਇਹ ਤਿੰਨ ਰੋਜ਼ਾ ਕੋਰਸ ਯੂਨੀਵਰਸਿਟੀ ਦੀ ਸੁਰੱਖਿਆ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਉਨਾਂ ਦੀ ਜ਼ਿੰਮੇਵਾਰੀ ਹੋਰ ਯੋਗਤਾ ਨਾਲ ਨਿਭਾਉਣ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਬਨਾਉਣ ਲਈ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਕੋਰਸ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਜਦ ਕਿ ਪੰਜਾਬ ਪੁਲਿਸ ਦੇ ਸੇਵਾ ਮੁਕਤ ਅਧਿਕਾਰੀ ਗੁਰਦੇਵ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਕਾਰਜਕਾਰੀ ਮਿਲਖ ਅਧਿਕਾਰੀ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਿਰਕਤ ਕੀਤੀ। ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਦੀ ਸੁਰੱਖਿਆ ਅਤੇ ਸੁਚਾਰੂ ਕੰਮਕਾਜ ਵਿੱਚ ਸੁਰੱਖਿਆ ਕਰਮੀਆਂ ਦਾ ਯੋਗਦਾਨ ਬਿਨਾਂ ਸ਼ੱਕ ਵਡੇਰਾ ਹੈ। ਸੁਰੱਖਿਆ ਕਰਮੀਆਂ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਹੈ ਪਰ ਨਾਲ ਹੀ ਵਧਦੀਆਂ ਆਵਾਜਾਈ ਸਹੂਲਤਾਂ ਅਤੇ ਸੁਰੱਖਿਆ ਲੋੜਾਂ ਦੇ ਫਲਸਰੂਪ ਨਵੀਆਂ ਤਕਨੀਕੀ ਸੇਧਾਂ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ। ਡਾ. ਗੋਸਲ ਨੇ ਦੱਸਿਆ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਬਾਹਰੋਂ ਆਉਣ ਵਾਲਿਆਂ ਦੇ ਸਾਧਨ ਅਤੇ ਵਿਹਾਰ ਦੇ ਤਰੀਕੇ ਵਿੱਚ ਤਬਦੀਲੀ ਦੇਖੀ ਗਈ ਹੈ। ਇਸ ਲਈ ਸੁਰੱਖਿਆ ਕਰਮੀਆਂ ਨੂੰ ਆਪਣੀ ਜ਼ਿੰਮੇਵਾਰੀ ਵਧੇਰੇ ਸੁਹਿਰਦਤਾ ਨਾਲ ਨਿਭਾਉਣ ਦੀ ਲੋੜ ਮਹਿਸੂਸ ਹੁੰਦੀ ਹੈ। ਉਨਾਂ ਆਸ ਪ੍ਰਗਟਾਈ ਕਿ ਇਸ ਸਿਖਲਾਈ ਕੋਰਸ ਤੋਂ ਬਾਅਦ ਯੂਨੀਵਰਸਿਟੀ ਦਾ ਸੁਰੱਖਿਆ ਢਾਂਚਾ ਹੋਰ ਮਜ਼ਬੂਤ ਅਤੇ ਸੁਚਾਰੂ ਹੋਵੇਗਾ।
---
ਸੁਰੱਖਿਆ ਕਰਮੀ ਨੂੰ ਆਪਣੀ ਦਿੱਖ ਤੋਂ ਲੈ ਕੇ ਵਿਹਾਰ ਤੱਕ ਕਿਵੇਂ ਸੁਚੇਤ ਹੋਣ ਦੀ ਲੋੜ
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਗੁਰਦੇਵ ਸਿੰਘ ਨੇ ਸੁਰੱਖਿਆ ਕਰਮੀਆਂ ਨੂੰ ਅਜਿਹੀਆਂ ਬਹੁਤ ਸਾਰੀਆਂ ਨਵੀਆਂ ਗੱਲਾਂ ਅਤੇ ਧਾਰਨਾਵਾਂ ਦੱਸੀਆਂ ਜਿਹੜੀਆਂ ਕਿਸੇ ਪੱਧਰ ਤੇ ਜਾਨ ਮਾਲ ਦੀ ਸੁਰੱਖਿਆ ਲਈ ਲਾਭਕਾਰੀ ਹੋ ਸਕਦੀਆਂ ਹਨ। ਉਨਾਂ ਦੱਸਿਆ ਕਿ ਸੁਰੱਖਿਆ ਕਰਮੀ ਨੂੰ ਆਪਣੀ ਦਿੱਖ ਤੋਂ ਲੈ ਕੇ ਵਿਹਾਰ ਤੱਕ ਕਿਵੇਂ ਸੁਚੇਤ ਹੋਣ ਦੀ ਲੋੜ ਹੈ, ਨਾਲ ਹੀ ਉਨਾਂ ਪੁਲਿਸ ਪ੍ਰਸਾਸ਼ਨ ਦੇ ਬਹੁਤ ਸਾਰੇ ਤਜਰਬੇ ਸਾਂਝੇ ਕਰਦਿਆਂ ਇਸ ਕੰਮ ਦੀ ਜਾਣਕਾਰੀ ਅਤੇ ਇਸਦਾ ਵਿਹਾਰਕ ਪੱਖ ਵੀ ਸਾਂਝਾ ਕੀਤਾ। ਅਪਰ ਨਿਰਦੇਸ਼ਕ ਸੰਚਾਰ ਅਤੇ ਕਾਰਜਕਾਰੀ ਮਿਲਖ ਅਧਿਕਾਰੀ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਸ ਕੋਰਸ ਨੂੰ ਕਰਵਾਉਣ ਦਾ ਮੰਤਵ ਸੁਰੱਖਿਆ ਕਰਮੀਆਂ ਵਿੱਚ ਸਵੈ ਭਰੋਸਾ ਅਤੇ ਯੋਗਤਾ ਦਾ ਵਿਕਾਸ ਕਰਨਾ ਹੈ। ਸਮਾਰੋਹ ਦਾ ਸੰਚਾਲਨ ਕੋਰਸ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਕੀਤਾ। ਸੁਰੱਖਿਆ ਅਧਿਕਾਰੀ ਡਾ. ਸੁਖਪ੍ਰੀਤ ਸਿੰਘ ਵੱਲੋਂ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਸਭ ਦਾ ਧੰਨਵਾਦ ਕੀਤਾ ਗਿਆ।