ਪੀਏਯੂ ਨੇ ਵਿਹਾਰਕ ਸਿਖਲਾਈ ਪ੍ਰੋਗਰਾਮ ਕਰਵਾਇਆ
ਪੀਏਯੂ ਨੇ ਵਿਹਾਰਕ ਸਿਖਲਾਈ ਪ੍ਰੋਗਰਾਮ ਕਰਵਾਇਆ
Publish Date: Tue, 19 May 2026 06:43 PM (IST)
Updated Date: Wed, 20 May 2026 04:07 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨੇ ਖੇਤੀ ਅਧਿਕਾਰੀਆਂ ਅਤੇ ਸਹਾਇਕ ਖੇਤੀ ਇੰਜਨੀਅਰਾਂ ਦੇ ਨਾਲ-ਨਾਲ ਖੇਤੀ ਵਿਕਾਸ ਕਰਮੀਆਂ ਲਈ ਇੱਕ ਰੋਜ਼ਾ ਹੱਥੀ ਸਿਖਲਾਈ ਦੇਣ ਦਾ ਵਿਹਾਰਕ ਸਿਖਲਾਈ ਪ੍ਰੋਗਰਾਮ ਕਰਵਾਇਆ ਜਿਸ ਵਿੱਚ 30 ਦੇ ਕਰੀਬ ਸਿਖਿਆਰਥੀ ਸ਼ਾਮਿਲ ਹੋਏ। ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਸਾਉਣੀ ਦੀਆਂ ਫ਼ਸਲਾਂ ਲਈ ਪਸਾਰ ਕਰਮੀਆਂ ਅਤੇ ਖੇਤੀ ਅਧਿਕਾਰੀਆਂ ਨੂੰ ਝੋਨੇ, ਨਰਮੇ ਅਤੇ ਹੋਰ ਫ਼ਸਲਾਂ ਵਿੱਚ ਵਰਤੀ ਜਾਣ ਵਾਲੀ ਮਸ਼ੀਨਰੀ ਅਤੇ ਤਕਨਾਲੋਜੀਆਂ ਦੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਦੌਰਾਨ ਝੋਨੇ ਦੀ ਮਸ਼ੀਨੀ ਲੁਆਈ, ਪਨੀਰੀ ਸੰਬੰਧੀ ਤਕਨੀਕਾਂ, ਸੂਖਮ ਛਿੜਕਾਅ ਤਕਨੀਕਾਂ ਅਤੇ ਰਹਿੰਦ-ਖੂੰਹਦ ਸੰਭਾਲ ਦੇ ਢੰਗਾਂ ਉੱਪਰ ਜ਼ੋਰ ਦਿੱਤਾ ਗਿਆ। ਖੇਤੀ ਮਸ਼ੀਨਰੀ ਮਾਹਿਰ ਡਾ. ਮਹੇਸ਼ ਕੁਮਾਰ ਨਾਰੰਗ ਇਸ ਸਿਖਲਾਈ ਪ੍ਰੋਗਰਾਮ ਦੇ ਕੁਆਡੀਨੇਟਰ ਸਨ। ਮਾਹਿਰਾਂ ਨੇ ਵੱਖ-ਵੱਖ ਮਸ਼ੀਨਾਂ ਅਤੇ ਵਿਸ਼ੇਸ਼ ਤੌਰ ਤੇ ਝੋਨਾ ਲਾਉਣ ਅਤੇ ਪਨੀਰੀ ਦੇ ਰੱਖ-ਰਖਾਵ ਵਾਲੀਆਂ ਮਸ਼ੀਨਾਂ ਤੋਂ ਇਲਾਵਾ ਰਿਮੋਟ ਅਧਾਰਿਤ ਲਵਾਈ ਮਸ਼ੀਨਾਂ ਅਤੇ ਮੈਟ ਟਾਈਪ ਨਰਸਰੀ ਮਸ਼ੀਨਾਂ ਸੰਬੰਧੀ ਸਿਖਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਡਰੋਨ ਦੀ ਸਹਾਇਤਾ ਨਾਲ ਕੀਤੇ ਜਾਣ ਵਾਲੇ ਛਿੜਕਾਅ ਅਤੇ ਖਾਦਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਹ ਸਿਖਲਾਈ ਪ੍ਰੋਗਰਾਮ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ ਨੇਪਰੇ ਚੜਿਆ। ਉਨਾਂ ਆਸ ਪ੍ਰਗਟਾਈ ਕਿ ਮਾਹਿਰਾਂ ਦੀ ਸੂਝ ਦੇ ਵਿਕਾਸ ਲਈ ਇਹ ਸਿਖਲਾਈ ਪ੍ਰੋਗਰਾਮ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ। ਡਾ. ਮਹੇਸ਼ ਕੁਮਾਰ ਨਾਰੰਗ, ਡਾ. ਅਨੂਪ ਦੀਕਸ਼ਤ, ਡਾ. ਸ਼ਿਵ ਕੁਮਾਰ ਲੋਹਾਨ, ਡਾ ਅਪੂਰਵ ਪ੍ਰਕਾਸ਼, ਡਾ. ਸੰਤੋਸ਼ ਕੁਮਾਰ ਅਤੇ ਡਾ. ਬੂਟਾ ਸਿੰਘ ਢਿੱਲੋਂ ਨੇ ਵੱਖ-ਵੱਖ ਵਿਹਾਰਕ ਸੈਸ਼ਨਾਂ ਦੌਰਾਨ ਗੱਲਬਾਤ ਕੀਤੀ। ਇਸ ਮੌਕੇ ਸੰਯੁਕਤ ਨਿਰਦੇਸ਼ਕ ਖੇਤੀ ਇੰਜਨੀਅਰਿੰਗ ਜਗਦੀਸ਼ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।