‘ਆਪ’ ਉਮੀਦਵਾਰ ਸਮੇਤ ਚਾਰਾਂ ਦੇ ਕਾਗਜ਼ ਹੋਏ ਰੱਦ
‘ਆਪ’ ਉਮੀਦਵਾਰ ਸਮੇਤ ਚਾਰਾਂ ਦੇ ਕਾਗਜ਼ ਹੋਏ ਰੱਦ
Publish Date: Mon, 18 May 2026 06:45 PM (IST)
Updated Date: Tue, 19 May 2026 04:08 AM (IST)

110 ਨਾਮਜ਼ਦਗੀਆਂ ’ਚੋਂ 106 ਪਾਈਆਂ ਦਰੁਸਤ, ਨਾਮਜ਼ਦਗੀਆਂ ਦੀ ਪੜਤਾਲ ਨੂੰ ਲੈ ਕੇ ਉਮੀਦਵਾਰਾਂ ਦਾ ਲੱਗਿਆ ਰਿਹਾ ਤਾਂਤਾ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨਗਰ ਕੌਂਸਲ ਚੋਣਾਂ ਲਈ ਅੱਜ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮੇਤ ਚਾਰਾਂ ਦੇ ਕਾਗਜ਼ ਖਾਮੀਆਂ ਦੇ ਚੱਲਦਿਆਂ ਰੱਦ ਕਰ ਦਿੱਤੇ ਗਏ। ਜਗਰਾਓਂ ਦੇ ਰਿਟਰਨਿੰਗ ਅਫਸਰ ਅਤੇ ਐਕਸੀਅਨ ਰਵੀ ਚੌਪੜਾ ਤੇ ਸਹਾਇਕ ਰਿਟਰਨਿੰਗ ਅਫਸਰ ਅਤੇ ਤਹਿਸੀਲਦਾਰ ਰੇਸ਼ਮ ਸਿੰਘ ਦੀ ਅਗਵਾਈ ਹੇਠ ਚੋਣ ਅਮਲੇ ਦੀ ਵੱਡੀ ਟੀਮ ਵੱਲੋਂ ਅੱਜ ਜਗਰਾਓਂ ਨਗਰ ਕੌਂਸਲ ਚੋਣਾਂ ਲਈ ਕਾਗਜ਼ ਭਰਨ ਵਾਲੇ 110 ਉਮੀਦਵਾਰਾਂ ਦੀ ਫਾਈਲਾਂ ਦੀ ਪੜਤਾਲ ਕੀਤੀ ਗਈ। ਇਸ ਦੌਰਾਨ ਜਗਰਾਓਂ ਦੇ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਬੀਹਲਾ ਦੇ ਨਾਮਜ਼ਦਗੀ ਪੱਤਰ ਦੀ ਫਾਈਲ ਅਧੂਰੀ ਹੋਣ ਕਾਰਨ ਕਾਗਜ਼ ਰੱਦ ਕਰ ਦਿੱਤੇ ਗਏ, ਜਦਕਿ ਇਸੇ ਵਾਰਡ ਤੋਂ ਆਪ ਦੇ ਦੂਸਰੀ ਉਮੀਦਵਾਰ ਪਰਮਜੀਤ ਕੌਰ ਦੇ ਕਾਗਜ਼ ਸਹੀ ਪਾਏ ਗਏ। ਇਸੇ ਤਰ੍ਹਾਂ ਵਾਰਡ ਨੰਬਰ 8 ਤੋਂ ਆਜ਼ਾਦ ਕਾਗਜ਼ ਭਰਨ ਵਾਲੇ ਉਮੀਦਵਾਰ ਪ੍ਰਦੀਪ ਸਿੰਘ ਦੀ ਉਮਰ 21 ਸਾਲਾਂ ਤੋਂ ਘੱਟ ਹੋਣ ਕਾਰਨ ਉਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਵਾਰਡ ਨੰਬਰ 11 ਬੀਸੀ ਰਿਜ਼ਰਵ ਤੋਂ ਕਾਗਜ਼ ਦਾਖਲ ਕਰਨ ਵਾਲੇ ਸੁਖਵਿੰਦਰ ਸਿੰਘ ਵੱਲੋਂ ਬੀਸੀ ਸਰਟੀਫਿਕੇਟ ਨਾ ਲਗਾਉਣ ਕਾਰਨ ਉਨ੍ਹਾਂ ਦੇ ਕਾਗਜ ਰੱਦ ਕੀਤੇ ਗਏ। ਇਸੇ ਤਰ੍ਹਾਂ ਵਾਰਡ ਨੰਬਰ 22 ਤੋਂ ਆਜ਼ਾਦ ਕਾਗਜ਼ ਦਾਖਲ ਕਰਨ ਵਾਲੀ ਮਨਮੋਹਨ ਕੌਰ ਦੀ ਫਾਈਲ ਅਧੂਰੀ ਹੋਣ ਕਾਰਨ ਉਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਅੱਜ ਨਾਮਜ਼ਦਗੀਆਂ ਦੀ ਪੜਤਾਲ ਨੂੰ ਲੈ ਕੇ ਐੱਸਡੀਐੱਮ ਦਫ਼ਤਰ ਵਿਖੇ ਉਮੀਦਵਾਰਾਂ ਦਾ ਤਾਂਤਾ ਲੱਗਿਆ ਰਿਹਾ। ਕਈ ਉਮੀਦਵਾਰਾਂ ਨੂੰ ਸੱਤਾ ਧਿਰ ਦਾ ਡਰ ਸਤਾਉਂਦਾ ਰਿਹਾ ਕਿ ਉਨ੍ਹਾਂ ਦੇ ਕਾਗਜ਼ ਰੱਦ ਨਾ ਕਰ ਦਿੱਤੇ ਜਾਣ ਪਰ ਜਗਰਾਓਂ ਪ੍ਰਸ਼ਾਸਨ ਵੱਲੋਂ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਪੂਰੀ ਤਰ੍ਹਾਂ ਪਾਰਦਰਸ਼ਤਾ ਦਰਸਾਉਂਦਿਆਂ ਰਿਟਰਨਿੰਗ ਅਫਸਰ ਰਵੀ ਚੌਪੜਾ ਅਤੇ ਸਹਾਇਕ ਰਿਟਰਨਿੰਗ ਅਫਸਰ ਰੇਸ਼ਮ ਸਿੰਘ ਵੱਲੋਂ ਬਕਾਇਦਾ ਰੱਦ ਕੀਤੀਆਂ ਫਾਈਲਾਂ ’ਚ ਖਾਮੀਆਂ ਦਾ ਜ਼ਿਕਰ ਕਰਦਿਆਂ ਫਿਰ ਉਨ੍ਹਾਂ ਨੂੰ ਰੱਦ ਕੀਤਾ ਗਿਆ। ਹੁਣ ਜਗਰਾਓਂ ਨਗਰ ਕੌਂਸਲ ਚੋਣਾਂ ਵਿਚ ਉਮੀਦਵਾਰਾਂ ਦੀ ਗਿਣਤੀ 110 ਤੋਂ ਘੱਟ ਕੇ 106 ਰਹਿ ਗਈ ਹੈ। ਅੱਜ 19 ਮਈ ਨੂੰ ਨਾਮਜ਼ਦਗੀਆਂ ਪੱਤਰ ਵਾਪਸ ਲੈਣ ਦੀ ਆਖ਼ਰੀ ਤਰੀਕ ਹੈ। ਜਿਸ ਤੋਂ ਬਾਅਦ ਚੋਣ ਮੈਦਾਨ ਵਿਚ ਕਿੰਨੇ ਉਮੀਦਵਾਰ ਰਹਿ ਜਾਂਦੇ ਹਨ ਦਾ ਪਤਾ ਲੱਗੇਗਾ।