ਪਦਮਸ੍ਰੀ ਪਾਤਰ ਦੀ ਯਾਦ ਨੂੰ ਮੁੜ ਤਾਜ਼ਾ ਕਰ ਗਈ ‘ਸ਼ਮਾਦਾਨ’
ਪਦਮ ਸ੍ਰੀ ਪਾਤਰ ਦੀ ਯਾਦ ਨੂੰ ਮੁੜ ਤਾਜ਼ਾ ਕਰ ਗਈ ਸੰਗੀਤਕ ਸ਼ਾਮ ‘ਸ਼ਮਾਦਾਨ’
Publish Date: Sat, 09 May 2026 06:24 PM (IST)
Updated Date: Sun, 10 May 2026 04:09 AM (IST)
-ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਭੁਪਿੰਦਰ ਕੌਰ ਪਾਤਰ, ਉਪਕਾਰ ਸਿੰਘ ਅਤੇ ਮਨਰਾਜ ਪਾਤਰ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਆਰਕੇ ਗ਼ਜ਼ਲ ਟਾਈਮ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬੀ ਦੇ ਹਰਮਨ ਪਿਆਰੇ ਕਵੀ ਸਵ: ਡਾ. ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਸਮਰਪਿਤ ਸੰਗੀਤਕ ਸ਼ਾਮ ‘ਸ਼ਮਾਦਾਨ’ ਕਰਵਾਈ ਗਈ। ਡਾ. ਸੁਰਜੀਤ ਪਾਤਰ ਦੇ ਧਰਮ-ਪਤਨੀ ਭੁਪਿੰਦਰ ਕੌਰ ਪਾਤਰ, ਵੀਰ ਉਪਕਾਰ ਸਿੰਘ ਅਤੇ ਸਪੁੱਤਰ ਮਨਰਾਜ ਪਾਤਰ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵੀ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸੁਰਜੀਤ ਪਾਤਰ ਦੀ ਯਾਦ ਵਿੱਚ ਸ਼ਮਾ ਰੋਸ਼ਨ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਸ਼ਾਇਰੀ ਅਤੇ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਰੱਖੇ। ਸੰਗੀਤਕ ਸ਼ਾਮ ਦੀ ਸ਼ੁਰੂਆਤ ਵਿੱਚ ਡਾ. ਸ਼ਵੇਤਾ ਨੇ ਉਨ੍ਹਾਂ ਦੀ ਇੱਕ ਨਜ਼ਮ ‘ ਅਸਾਡੀ ਤੁਹਾਡੀ ਮੁਲਾਕਾਤ ਹੋਈ ’ ਦੀ ਪੇਸ਼ਕਾਰੀ ਨਾਲ ਮਾਹੌਲ ਭਾਵਪੂਰਨ ਬਣਾ ਦਿੱਤਾ। ਮਨਰਾਜ ਪਾਤਰ ਨੇ ਆਪਣੇ ਪਿਤਾ ਦੇ ਖੂਬਸੂਰਤ ਗੀਤ 'ਕੀ ਦੱਸੀਏ ਹਾਲ ਪੰਜਾਬ ਦਾ' ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਨ ਕੀਤਾ। ਉਪਕਾਰ ਸਿੰਘ ਨੇ 'ਉਜਲੇ ਸ਼ੀਸ਼ੇ ਸਨਮੁੱਖ ਮੈਨੂੰ, ਚਿਰ ਤੱਕ ਨਾ ਖਲਿਹਾਰ' ਅਤੇ ਭੁਪਿੰਦਰ ਕੌਰ ਤੇ ਜਸਪ੍ਰੀਤ ਕੌਰ ਨੇ 'ਖੂਬ ਨੇ ਇਹ ਝਾਂਜਰ ਛਣਕਣ ਲਈ' ਗਾ ਕੇ ਪਾਤਰ ਦਾ ਯਾਦ ਨੂੰ ਮੁੜ ਤਾਜਾ ਕਰ ਦਿੱਤਾ। ਰਣਧੀਰ ਕੰਵਲ ਨੇ ਸੁਰਜੀਤ ਪਾਤਰ ਦੀਆਂ ਮਸ਼ਹੂਰ ਗ਼ਜ਼ਲਾਂ ‘ਮੈਂ ਰਾਹਾਂ ‘ਤੇ ਨਹੀਂ ਤੁਰਦਾ’ ਅਤੇ ‘ਦੁੱਖਾਂ ਭਰਿਆ ਦਿਲ ਪੈਮਾਨਾ ਛੱਡ ਪਰੇ’ ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਪੇਸ਼ ਕੀਤੀਆਂ। ਮੰਚ ਸੰਚਾਲਨ ਡਾ. ਰੇਨੂੰ ਵਰਮਾ ਵੱਲੋਂ ਕੀਤਾ ਗਿਆ। ਡਾ. ਗੁਰਇਕਬਾਲ ਸਿੰਘ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡਾ. ਅਮਰਜੀਤ ਸਿੰਘ ਹੇਅਰ, ਗੁਰਪ੍ਰੀਤ ਸਿੰਘ ਤੂਰ, ਅਮਰਜੀਤ ਸਿੰਘ ਸ਼ੇਰਪੁਰੀ, ਡਾ. ਦੇਵਿੰਦਰ ਦਿਲਰੂਪ ਸਿੰਘ, ਡਾ ਨਿਰਮਲ ਜੌੜਾ, ਤ੍ਰੈਲੋਚਨ ਲੋਚੀ, ਮਨਦੀਪ ਕੌਰ ਭੰਮਰਾ, ਡਾ.ਹਰੀ ਸਿੰਘ ਜਾਚਕ ਅਤੇ ਹੋਰ ਪਤਵੰਤੇ ਹਾਜ਼ਰ ਸਨ।