ਆਊਟ ਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
ਆਊਟ ਸੋਰਸ ਇੰਪਲਾਈਜ ਫੈਡਰੇਸ਼ਨ ਪੰਜਾਬ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
Publish Date: Thu, 21 May 2026 06:25 PM (IST)
Updated Date: Fri, 22 May 2026 04:13 AM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਬਿਜਲੀ ਨਿਗਮ ਵਿੱਚ ਐਨਸੀਸੀ (ਨੋਡਲ ਕੰਪਲੇਂਟ ਸੈਂਟਰ), ਸੀਆਰਸੀ (ਕਸਟਮਰ ਰਿਲੇਸ਼ਨ ਸੈਂਟਰ), ਸਟੋਰੇਜ ਅਤੇ ਮੀਟਰਿੰਗ ਲੈਬ ਵਿੱਚ ਕੰਮ ਕਰ ਰਹੇ ਕਰੀਬ 1700 ਆਊਟਸੋਰਸ ਕੱਚੇ ਮੁਲਾਜ਼ਮਾਂ ਦੀ ਜਥੇਬੰਦੀ ਆਊਟ ਸੋਰਸ ਇੰਪਲਾਈਜ ਫੈਡਰੇਸ਼ਨ ਪੰਜਾਬ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਬੁੱਧਵਾਰ ਰਾਤ 12 ਵਜੇ ਤੋਂ ਕੰਮ ਛੱਡ ਕੇ ਹੜਤਾਲ ’ਤੇ ਗਏ ਕਰਮਚਾਰੀਆਂ ਨੇ ਪੰਜਾਬ ਭਰ ਵਿੱਚ ਡਵੀਜ਼ਨ ਪੱਧਰ ’ਤੇ ਐਕਸੀਅਨਾਂ ਨੂੰ ਮੰਗ ਪੱਤਰ ਸੌਂਪਦੇ ਹੋਏ ਰੋਸ ਪ੍ਰਦਰਸ਼ਨ ਅਤੇ ਗੇਟ ਰੈਲੀਆਂ ਕੀਤੀਆਂ। ਮੁਲਾਜ਼ਮਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਬਿਜਲੀ ਨਿਗਮ ਪ੍ਰਬੰਧਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸਾਲਾਂ ਤੋਂ ਨਿਗੂਣੀ ਤਨਖ਼ਾਹ ’ਤੇ ਸੇਵਾ ਨਿਭਾ ਰਹੇ ਕੱਚੇ ਕਰਮਚਾਰੀਆਂ ਨੂੰ ਵਿਭਾਗ ਵਿੱਚ ਕੰਟਰੈਕਟ ਅਧੀਨ ਲੈ ਕੇ ਰੈਗੂਲਰ ਕਰਨ ਲਈ ਜਲਦ ਨੀਤੀ ਬਣਾਈ ਜਾਵੇ। ਸੁੰਦਰ ਨਗਰ ਡਵੀਜ਼ਨ ਵਿੱਚ ਐਕਸੀਅਨ ਨੂੰ ਮੰਗ ਪੱਤਰ ਦੇਣ ਉਪਰੰਤ ਕੀਤੀ ਗਈ ਗੇਟ ਰੈਲੀ ਨੂੰ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਅਤੇ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੇ ਸਾਂਝੇ ਥੜੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 12 ਤੋਂ 14 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ’ਤੇ ਕੰਮ ਕਰ ਰਹੇ, ਜਿਨ੍ਹਾਂ ਵਿੱਚ ਕਈ ਪੋਸਟ ਗ੍ਰੈਜੂਏਟ ਤੱਕ ਪੜ੍ਹੇ ਨੌਜਵਾਨ ਸ਼ਾਮਲ ਹਨ, ਉਨ੍ਹਾਂ ਨੂੰ ਰੈਗੂਲਰ ਕਰਕੇ ਫੁੱਲ ਸਕੇਲ ਸਮੇਤ ਸਾਰੇ ਭੱਤੇ ਦਿੱਤੇ ਜਾਣ। ਇਸ ਮੌਕੇ ਗੌਰਵ ਕੁਮਾਰ (ਸਰਕਲ ਪ੍ਰਧਾਨ), ਧਰਮਪਾਲ (ਡਵੀਜ਼ਨ ਪ੍ਰਧਾਨ) ਅਤੇ ਕਮਲਦੀਪ ਸਿੰਘ ਰਣੀਆਂ (ਸਬ ਡਵੀਜ਼ਨ ਪ੍ਰਧਾਨ, ਟੀਐਸਯੂ) ਨੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਰੈਲੀ ਦੌਰਾਨ ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਚਰਨਜੀਤ ਸਿੰਘ, ਗੋਪਾਲ, ਟੀਨਾ, ਸੁਨੀਤਾ, ਸਰੂਚੀ, ਰਿਤਿਕਾ, ਮਨਦੀਪ ਕੁਮਾਰ, ਪਰਮਜੋਤ ਸਿੰਘ, ਦਿਪੀਕਾ, ਕਾਰਤਿਕ, ਅਵਤਾਰ ਸਿੰਘ, ਰਿਤੂ, ਅਮਨਦੀਪ ਕੌਰ, ਚਰਨਪ੍ਰੀਤ ਕੌਰ, ਸੁਨੀਲ ਕੁਮਾਰ, ਲਵਕੁਸ਼, ਸੰਦੀਪ ਕੁਮਾਰ, ਯਤਨਪ੍ਰੀਤ ਸਿੰਘ, ਇਮਾਮ ਤਿਆਗੀ, ਅਨਿਲ ਸੈਣੀ ਸਮੇਤ ਹੋਰ ਮੁਲਾਜ਼ਮ ਹਾਜ਼ਰ ਰਹੇ। ਜਥੇਬੰਦੀ ਆਗੂਆਂ ਨੇ ਦੱਸਿਆ ਕਿ ਐਨਸੀਸੀ ਕਰਮਚਾਰੀ ਸੂਬੇ ਭਰ ਦੇ ਖਪਤਕਾਰਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਸੰਬੰਧਤ ਕਰਮਚਾਰੀਆਂ ਤੱਕ ਪਹੁੰਚਾਉਂਦੇ ਅਤੇ ਨਿਪਟਾਰੇ ਦੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਭੇਜਦੇ ਹਨ, ਜਦਕਿ ਸੀਆਰਸੀ ਕਰਮਚਾਰੀ ਖਪਤਕਾਰਾਂ ਨਾਲ ਸਿੱਧਾ ਸੰਪਰਕ ਰੱਖਦੇ ਹੋਏ ਦਫ਼ਤਰੀ ਕੰਮਕਾਜ ਦਾ ਵੱਡਾ ਹਿੱਸਾ ਸੰਭਾਲਦੇ ਹਨ। ਉਨ੍ਹਾਂ ਕਿਹਾ ਕਿ ਹੜਤਾਲ ਦਾ ਅਸਰ ਬਿਜਲੀ ਪ੍ਰਬੰਧ ’ਤੇ ਪੈ ਸਕਦਾ ਹੈ, ਕਿਉਂਕਿ ਰੈਗੂਲਰ ਮੁਲਾਜ਼ਮ ਪਹਿਲਾਂ ਹੀ ਵਰਕ ਟੂ ਰੂਲ ਸੰਘਰਸ਼ ’ਤੇ ਹਨ ਅਤੇ 24 ਮਈ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਦੇ ਘਿਰਾਓ ਦੀ ਤਿਆਰੀ ਕਰ ਰਹੇ ਹਨ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਪ੍ਰਬੰਧਨ ਨੇ ਕੱਚੇ ਅਤੇ ਪੱਕੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜਲਦ ਹਾਂ-ਪੱਖੀ ਫੈਸਲਾ ਨਾ ਲਿਆ ਤਾਂ ਗਰਮੀ ਦੇ ਮੌਸਮ ਦੌਰਾਨ ਬਿਜਲੀ ਪ੍ਰਬੰਧ ਗੰਭੀਰ ਪ੍ਰਭਾਵ ਹੇਠ ਆ ਸਕਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।