ਵੋਟਰਾਂ ਦੇ ਹੱਥ ਉਮੀਦਵਾਰਾਂ ਦੀ ਡੋਰ! 32 ਵਾਰਡਾਂ ਦੇ 140 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ 1 ਲੱਖ ਵੋਟਰ, ‘ਆਪ’ ਦੇ ਹਰੀਸ਼ ਗੁਪਤਾ ਬਿਨਾਂ ਮੁਕਾਬਲਾ ਜੇਤੂ
ਨਗਰ ਕੌਂਸਲ ਖੰਨਾ ਦੀ 26 ਮਈ ਨੂੰ ਹੋਣ ਵਾਲੀਆਂ ਚੋਣਾਂ ਜਿੱਤਣ ਲਈ ਚਾਰ ਪ੍ਰਮੁੱਖ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਏਸ਼ੀਆ ਦੀ ਵੱਡੀ ਮੰਡੀ ਵਜੋਂ ਜਾਣੇ ਜਾਂਦੇ ਖੰਨਾ ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਤੇ ਵੋਟਰਾਂ ’ਚ ਭਾਰੀ ਉਤਸ਼ਾਹ ਹੈ। ਸ਼ਹਿਰ ’ਚ ਕੁੱਲ 33 ਵਾਰਡ ਹਨ, ਜਿੱਥੇ 99391 ਵੋਟਰ ਹਨ, ਜਿਨ੍ਹਾਂ ’ਚ ਮਰਦ ਵੋਟਰਾਂ ਦੀ ਗਿਣਤੀ 51,680 ਅਤੇ ਮਹਿਲਾ ਵੋਟਰਾਂ ਦੀ ਗਿਣਤੀ 47,709 ਹੈ ਜਦਕਿ 2 ਹੋਰ ਵੋਟਰ ਹਨ।
Publish Date: Mon, 25 May 2026 12:47 PM (IST)
Updated Date: Mon, 25 May 2026 12:54 PM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ। ਨਗਰ ਕੌਂਸਲ ਖੰਨਾ ਦੀ 26 ਮਈ ਨੂੰ ਹੋਣ ਵਾਲੀਆਂ ਚੋਣਾਂ ਜਿੱਤਣ ਲਈ ਚਾਰ ਪ੍ਰਮੁੱਖ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਏਸ਼ੀਆ ਦੀ ਵੱਡੀ ਮੰਡੀ ਵਜੋਂ ਜਾਣੇ ਜਾਂਦੇ ਖੰਨਾ ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਤੇ ਵੋਟਰਾਂ ’ਚ ਭਾਰੀ ਉਤਸ਼ਾਹ ਹੈ। ਸ਼ਹਿਰ ’ਚ ਕੁੱਲ 33 ਵਾਰਡ ਹਨ, ਜਿੱਥੇ 99391 ਵੋਟਰ ਹਨ, ਜਿਨ੍ਹਾਂ ’ਚ ਮਰਦ ਵੋਟਰਾਂ ਦੀ ਗਿਣਤੀ 51,680 ਅਤੇ ਮਹਿਲਾ ਵੋਟਰਾਂ ਦੀ ਗਿਣਤੀ 47,709 ਹੈ ਜਦਕਿ 2 ਹੋਰ ਵੋਟਰ ਹਨ।
ਐਤਕੀ ਦੀਆਂ ਵੋਟਾਂ ’ਚ ‘ਆਪ’ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ, ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ, ਸ਼੍ਰੋਮਣੀ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਯਾਦੂ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਦੀ ਪਰਖ ਵੀ ਹੋਵੇਗੀ ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਕਰੀਬ 10 ਮਹੀਨੇ ਪਹਿਲਾਂ ਵੋਟਾਂ ਹੋ ਰਹੀਆਂ ਹਨ।
ਦੱਸਣਯੋਗ ਹੈ ਕਿ ਵਾਰਡ-12 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰੀਸ਼ ਗੁਪਤਾ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ ਜਦਕਿ ਹੁਣ 32 ਵਾਰਡਾਂ ਦੀਆਂ ਭਲਕੇ 26 ਮਈ ਨੂੰ ਵੋਟਾਂ ਪੈਣਗੀਆਂ, ਜਿਸ ’ਚ 140 ਉਮੀਦਵਾਰ ਮੈਦਾਨ ’ਚ ਹਨ। ਇਸ ਚੋਣ ’ਚ ਆਮ ਆਦਮੀ ਪਾਰਟੀ ਦੇ 32, ਕਾਂਗਰਸ ਦੇ 31, ਸ਼੍ਰੋਮਣੀ ਅਕਾਲੀ ਦਲ ਦੇ 31, ਭਾਰਤੀ ਜਨਤਾ ਪਾਰਟੀ ਦੇ 26, ਬਹੁਜਨ ਸਮਾਜ ਪਾਰਟੀ ਦੇ 3 ਤੇ ਆਜ਼ਾਦ ਤੌਰ ’ਤੇ 17 ਉਮੀਦਵਾਰ ਡਟੇ ਹੋਏ ਹਨ।
ਲੰਮਾ ਸਮਾਂ ਕਾਂਗਰਸ ਨਗਰ ਕੌਂਸਲ ’ਤੇ ਕਾਬਜ਼
ਦੱਸਣਯੋਗ ਹੈ ਕਿ ਨਗਰ ਕੌਂਸਲ ਖੰਨਾ ’ਤੇ ਲੰਬਾ ਸਮਾਂ ਕਾਂਗਰਸ ਦਾ ਕਬਜ਼ਾ ਰਿਹਾ ਹੈ। ਪਿਛਲੇ ਦੋ ਕਾਰਜਕਾਲ ਤੋਂ ਤਾਂ ਕਾਂਗਰਸ ਪਾਰਟੀ ਹੀ ਕਾਬਜ਼ ਰਹੀ ਹੈ। ਸਾਬਕਾ ਮੰਤਰੀ ਗੁਰਕੀਰਤ ਕੋਟਲੀ ਵੱਲੋਂ ਤੀਜੀ ਵਾਰ ਕਬਜ਼ਾ ਜਮਾਉਣ ਲਈ ਲਗਾਤਾਰ ਸਿਆਸੀ ਮੈਦਾਨ ’ਚ ਆਪਣੀ ਪੈਠ ਬਣਾਉਣ ਲਈ ਲੱਗੇ ਹੋਏ ਹਨ। ਉਨ੍ਹਾਂ ਵੱਲੋਂ ਵੋਟਰਾਂ ’ਚ ਕਾਂਗਰਸ ਦੀ ਕਮੇਟੀ ਰਿਪੀਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪੂਰੀ ਤਰ੍ਹਾਂ ਸਰਗਰਮ ਹਨ।
‘ਆਪ’ ਵੱਲੋਂ ਸ਼ਹਿਰ ਦੀ ਨੁਹਾਰ ਬਦਲਣ ਦੇ ਨਾਂਅ ’ਤੇ ਵੋਟਾਂ ਦੀ ਮੰਗ
ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਆਪ ਚੋਣ ਮੈਦਾਨ ’ਚ ਹੈ, ਜਿਸ ਦੀ ਖੰਨਾ ’ਚ ਅਗਵਾਈ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਕੀਤੀ ਜਾ ਰਹੀ ਹੈ। ਉਹ ਕਾਂਗਰਸ ਦੇ ਕਬਜ਼ੇ ਨੂੰ ਖੋਹਣ ਲਈ ਦਿਨ ਰਾਤ ਮਿਹਨਤ ’ਚ ਲੱਗੇ ਹੋਏ ਹਨ। ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਲਗਾਤਾਰ ਸਰਗਰਮ ਹਨ। ਸ਼ਹਿਰ ’ਚ ਰਿਕਾਰਤ ਤੋੜ ਵਿਕਾਸ ਕਰਵਾਉਣ ਤੇ ਸ਼ਹਿਰ ਦੀ ਨੁਹਾਰ ਬਦਲਣ ਦਾ ਪ੍ਰਣ ਕਰਦੇ ਹੋਏ ‘ਆਪ’ ਉਮੀਦਵਾਰਾਂ ਲਈ ਵੋਟਾਂ ਦੀ ਮੰਗ ਕਰ ਰਹੇ ਹਨ।
ਅਕਾਲੀ ਦਲ ਵੱਲੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਏਜੰਡਾ
ਇਸੇ ਤਰ੍ਹਾਂ ਅਕਾਲੀ ਉਮੀਦਵਾਰਾਂ ਦੀ ਜਿੱਤ ਲਈ ਹਲਕਾ ਇੰਚਾਰਜ਼ ਯਾਦਵਿੰਦਰ ਸਿੰਘ ਯਾਦੂ ਸਿਰ ਤੋੜ ਯਤਨ ਕਰ ਰਹੇ ਹਨ। ਯਾਦੂ ਦੀ ਅਗਵਾਈ ’ਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਚੋਣਾਂ ਲੜੀਆਂ ਜਾ ਰਹੀਆਂ ਹਨ। ਵੋਟਰਾਂ ਦੇ ਮਨਾਂ ’ਚ ਯਾਦੂ ਦਾ ਕਿਰਦਾਰ ਆਮ ਲੋਕਾਂ ਤੇ ਪਾਰਟੀ ਵਰਕਰਾਂ ਨਾਲ ਡੱਟ ਕੇ ਖੜ੍ਹਨ ਵਾਲੇ ਆਗੂ ਦੀ ਬਣਿਆ ਹੋਇਆ ਹੈ। ਯਾਦੂ ਵੱਲੋਂ ਨਗਰ ਕੌਂਸਲ ਖੰਨਾ ਨੂੰ ਭ੍ਰ਼ਿਸ਼ਟਾਚਾਰ ਨੂੰ ਖ਼ਤਮ ਕਰਨ ਤੇ ਪੂਰੀ ਇਮਾਨਦਾਰ ਨਾਲ ਕੰਮ ਕਰਨ ਦਾ ਵਾਅਦਾ ਕਰਕੇ ਸ਼ਹਿਰ ਵਾਸੀਆਂ ਤੋਂ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਪ੍ਰੋ. ਭੁਪਿੰਦਰ ਸਿੰਘ ਚੀਮਾ ਤੇ ਵਕੀਲ ਚਿਰਾਂਸ਼ੂ ਰਤਨ ਡਟੇ ਹੋਏ ਹਨ, ਉਹ ਖੰਨਾ ਦੀ ਵਾਗਡੋਰ ਭਾਜਪਾ ਦੇ ਹੱਥ ਦੇਣ ਦੀ ਮੰਗ ਕਰ ਰਹੇ ਹਨ ਪਰ ਹੁਣ ਵੋਟਰ ਹੀ ਫ਼ੈਸਲਾ ਕਰਨਗੇ ਕਿ ਉਹ ਕਿਸ ਦੇ ਹੱਕ ’ਚ ਭੁਗਤਦੇ ਹਨ।