ਦੌੜਾਕ ਗੁਰਵਿੰਦਰ ਸਿੰਘ ਨੇ ਹਰ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਾਇਆ
ਦੌੜਾਕ ਗੁਰਵਿੰਦਰ ਸਿੰਘ ਨੇ ਹਰ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਾਇਆ
Publish Date: Wed, 27 May 2026 07:06 PM (IST)
Updated Date: Thu, 28 May 2026 04:08 AM (IST)

ਫੋਟੋ ਨੰਬਰ-20,21,22 ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਭਾਰਤੀ ਅਥਲੈਟਿਕਸ ਲਈ ਮਾਣ ਵਾਲਾ ਦਿਨ ਉਸ ਵੇਲੇ ਬਣ ਗਿਆ ਜਦੋਂ ਪੰਜਾਬ ਦੇ ਹੋਣਹਾਰ ਦੌੜਾਕ ਗੁਰਵਿੰਦਰ ਸਿੰਘ ਨੇ 100 ਮੀਟਰ ਦੌੜ ਵਿੱਚ ਨਵਾਂ ਇਤਿਹਾਸ ਰਚ ਦਿੱਤਾ। ਗੁਰਵਿੰਦਰ ਸਿੰਘ ਨੇ ਨਾ ਸਿਰਫ਼ ਆਪਣਾ ਨਾਮ ਭਾਰਤ ਦੇ ਪਹਿਲੇ ਨੰਬਰ ਦੇ ਦੌੜਾਕਾਂ ਵਿੱਚ ਦਰਜ ਕਰਵਾਇਆ, ਸਗੋਂ ਉਹ ਏਸ਼ੀਆ ਦੇ ਦੂਜੇ ਸਭ ਤੋਂ ਤੇਜ਼ ਅਥਲੀਟ ਵਜੋਂ ਵੀ ਉਭਰ ਕੇ ਸਾਹਮਣੇ ਆਇਆ। ਉਸ ਦੀ ਇਸ ਉਪਲਬਧੀ ਨਾਲ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ।ਉਸ ਨੇ 10.09 ਸੈਕਿੰਡ ਵਿੱਚ ਦੌੜ ਪੂਰੀ ਕਰਕੇ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ। ਜਿੱਤ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਆਪਣੀ ਜੇਬ ਵਿੱਚੋਂ ਇੱਕ ਪਰਚੀ ਕੱਢੀ, ਜਿਸ ਉੱਤੇ ਲਿਖਿਆ ਸੀ “ਅਜੇ ਮੁੱਕਿਆ ਨਹੀਂ”। ਇਹ ਸ਼ਬਦ ਸਿਰਫ਼ ਇੱਕ ਸੁਨੇਹਾ ਨਹੀਂ ਸਨ, ਸਗੋਂ ਭਾਰਤੀ ਅਥਲੈਟਿਕਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਵੇਖੇ ਜਾ ਰਹੇ ਹਨ। ਮਾਸਟਰ ਅਸ਼ੋਕ ਕੁਮਾਰ ਬੀਏ,ਬੀਪੀਐਡ ਨੇ ਕਿਹਾ ਕਿ ਗੁਰਵਿੰਦਰ ਸਿੰਘ ਦੀ ਇਹ ਕਾਮਯਾਬੀ ਸਿਰਫ਼ ਉਸ ਦੀ ਮਿਹਨਤ ਦਾ ਨਤੀਜਾ ਨਹੀਂ, ਸਗੋਂ ਇਹ ਪੰਜਾਬ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਰੀਰਕ ਅਤੇ ਮਾਨਸਿਕ ਤਾਕਤ ਵਿੱਚ ਵਾਧਾ ਹੁੰਦਾ ਹੈ ਅਤੇ ਗੁਰਵਿੰਦਰ ਵਰਗੇ ਖਿਡਾਰੀ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਅਭਿਆਸ, ਸੰਤੁਲਿਤ ਖੁਰਾਕ ਅਤੇ ਸਖ਼ਤ ਅਨੁਸ਼ਾਸਨ ਹੀ ਕਿਸੇ ਖਿਡਾਰੀ ਨੂੰ ਚੋਟੀ ਤੱਕ ਪਹੁੰਚਾਉਂਦੇ ਹਨ। ਹਰ ਸਾਲ ਸਾਹਨੇਵਾਲ ਅੰਦਰ ਮੈਰਾਥਨ ਦੌੜਾਂ ਕਰਵਾਉਣ ਵਾਲੇ ਗੁਲਸ਼ਨ ਕੁਮਾਰ ਨੇ ਕਿਹਾ ਕਿ ਗੁਰਵਿੰਦਰ ਸਿੰਘ ਦੀ ਇਹ ਉਪਲਬਧੀ ਦੇਸ਼ ਦੇ ਹਰ ਖਿਡਾਰੀ ਲਈ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਉਮਰ ਨਹੀਂ, ਸਗੋਂ ਹੌਸਲਾ ਅਤੇ ਲਗਨ ਮਹੱਤਵ ਰੱਖਦੇ ਹਨ। ਉਨ੍ਹਾਂ ਕਿਹਾ ਕਿ ਗੁਰਵਿੰਦਰ ਸਿੰਘ ਦੀ ਮਿਹਨਤ ਅਤੇ ਜਜ਼ਬੇ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਅਥਲੈਟਿਕਸ ਹੁਣ ਨਵੀਆਂ ਉੱਚਾਈਆਂ ਨੂੰ ਛੂਹਣ ਲਈ ਤਿਆਰ ਹੈ। ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਵਾਲੇ ਕੈਪਟਨ ਸੁਖਜੀਤ ਸਿੰਘ ਹਰਾ ਨੇ ਕਿਹਾ ਕਿ ਗੁਰਵਿੰਦਰ ਸਿੰਘ ਦੀ ਦੌੜ ਨੇ ਪੂਰੇ ਦੇਸ਼ ਦੇ ਨੌਜਵਾਨ ਦੌੜਾਕਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ “ਅਜੇ ਮੁੱਕਿਆ ਨਹੀਂ” ਵਾਲੀ ਪਰਚੀ ਦਰਸਾਉਂਦੀ ਹੈ ਕਿ ਗੁਰਵਿੰਦਰ ਦੇ ਸੁਪਨੇ ਅਜੇ ਹੋਰ ਵੱਡੇ ਹਨ ਅਤੇ ਉਹ ਭਵਿੱਖ ਵਿੱਚ ਹੋਰ ਵੀ ਵੱਡੀਆਂ ਉਪਲਬਧੀਆਂ ਹਾਸਲ ਕਰਨ ਲਈ ਤਿਆਰ ਹੈ। ਗੁਰਵਿੰਦਰ ਸਿੰਘ ਦੀ ਇਸ ਇਤਿਹਾਸਕ ਉਪਲਬਧੀ ਨਾਲ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਖੇਡ ਪ੍ਰੇਮੀ ਅਤੇ ਨੌਜਵਾਨ ਉਸ ਨੂੰ ਆਪਣੇ ਲਈ ਪ੍ਰੇਰਣਾ ਮੰਨ ਰਹੇ ਹਨ। ਉਸ ਦੀ ਇਹ ਜਿੱਤ ਸਿਰਫ਼ ਇੱਕ ਰਿਕਾਰਡ ਨਹੀਂ, ਸਗੋਂ ਇਹ ਸੰਦੇਸ਼ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ।