ਪੀਏਯੂ ਨੇ ਵਿਕਸਤ ਕੀਤੀ ਮੱਕੀ ਦੀ ਨਵੀਂ ਹਾਈਬ੍ਰਿਡ ਕਿਸਮ ‘ਪੀਐਮਐਚ 17’
ਪੀਏਯੂ ਨੇ ਵਿਕਸਤ ਕੀਤੀ ਮੱਕੀ ਦੀ ਨਵੀਂ ਹਾਈਬ੍ਰਿਡ ਕਿਸਮ ‘ਪੀਐਮਐਚ 17’
Publish Date: Sun, 24 May 2026 08:10 PM (IST)
Updated Date: Mon, 25 May 2026 04:13 AM (IST)

ਫੋਟੋ ਨੰਬਰ-1 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਉਣੀ ਰੁੱਤ ਲਈ ਦਾਣੇ ਤੇ ਸਾਈਲੇਜ ਦੋਵਾਂ ਮੰਤਵਾਂ ਲਈ ਨਵਾਂ ਮੱਕੀ ਹਾਈਬ੍ਰਿਡ ਪੀਐੱਮਐੱਚ-17 ਵਿਕਸਤ ਕੀਤਾ ਗਿਆ ਹੈ। ਪੀਏਯੂ ਵੱਲੋਂ ਵਿਕਸਤ ਇਹ ਕਿਸਮ ਖਾਸ ਤੌਰ ’ਤੇ ਪੰਜਾਬ ਦੇ ਕਿਸਾਨਾਂ ਲਈ ਤਿਆਰ ਕੀਤੀ ਗਈ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਫ਼ਸਲ ਦੀ ਬਿਜਾਈ ਸੰਭਵ ਹੋਵੇ ਤਾਂ 20 ਜੂਨ ਤੱਕ ਪੂਰੀ ਕਰ ਲਈ ਜਾਵੇ ਤਾਂ ਜੋ ਮਾਨਸੂਨ ਦੀਆਂ ਬਾਰਿਸ਼ਾਂ ਤੇ ਵੱਧ ਨਮੀ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਬਰਸਾਤੀ ਹਾਲਾਤ ’ਚ ਚੰਗੀ ਨਿਕਾਸੀ, ਇਕਸਾਰ ਬਿਜਾਈ ਤੇ ਵਧੀਆ ਅੰਕੁਰਣ ਲਈ ਨਿਊਮੈਟਿਕ ਪਲਾਂਟਰ ਰਾਹੀਂ ਬੈੱਡਾਂ ’ਤੇ ਬਿਜਾਈ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਬੈੱਡਾਂ ’ਤੇ ਬਿਜਾਈ ਕਰਨ ਨਾਲ ਫ਼ਸਲ ਦੇ ਡਿੱਗਣ ਤੇ ਪਾਣੀ ਖੜ੍ਹਨ ਨਾਲ ਹੋਣ ਵਾਲੇ ਨੁਕਸਾਨ ਨੂੰ ਵੀ ਘਟਾਇਆ ਜਾ ਸਕਦਾ ਹੈ। ਇਹ ਕਿਸਮ ਪੰਜਾਬ ’ਚ ਝੋਨੇ ਦਾ ਬਦਲ ਬਨਾਉਣ ਲਈ ਵੀ ਪ੍ਰਚਾਰਿਤ ਕੀਤੀ ਜਾ ਰਹੀ ਹੈ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ। ਇਸ ਕਿਸਮ ਦੇ ਛੇਤੀ ਤਿਆਰ ਹੋਣ ਕਾਰਨ ਅਗਲੀ ਫ਼ਸਲ ਦੀ ਬਿਜਾਈ ਸਮੇਂ ’ਤੇ ਹੋ ਸਕਦੀ ਹੈ। ਪੀਐੱਮਐੱਚ-17 ਦੀ ਕਾਸ਼ਤ ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਮਿਲੇਗੀ ਮਜ਼ਬੂਤੀ ਡਾ. ਸੁਰਿੰਦਰ ਸੰਧੂ ਪ੍ਰਿੰਸੀਪਲ ਮੱਕੀ ਬਰੀਡਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਨੁਸਾਰ ਪੀਏਯੂ ਵੱਲੋਂ ਵਿਕਸਤ ਇਹ ਪਹਿਲਾ ਸਿੰਗਲ ਕਰਾਸ ਦੋ-ਮੰਤਵੀ ਮੱਕੀ ਹਾਈਬ੍ਰਿਡ ਹੈ, ਜੋ ਪੰਜਾਬ ’ਚ ਦਾਣਿਆਂ ਦਾ ਵਧੇਰੇ ਝਾੜ ਤੇ ਵਧੀਆ ਕੁਆਲਿਟੀ ਦੇ ਸਾਈਲੇਜ ਲਈ ਬਹੁਤ ਉਪਯੋਗੀ ਹੈ। ਪੀਐੱਮਐੱਚ-17 ਇਕ ਵੱਧ ਪੈਦਾਵਾਰ ਦੇਣ ਵਾਲਾ ਹਾਈਬ੍ਰਿਡ ਹੈ, ਜਿਸ ਦੇ ਬੂਟੇ ਲੰਬੇ, ਮਜ਼ਬੂਤ ਤੇ ਖੜ੍ਹੇ ਚੌੜੇ ਪੱਤਿਆਂ ਵਾਲੇ ਹਨ। ਇਸ ਦੀਆਂ ਛੱਲੀਆਂ ਲੰਬੀਆਂ ਤੇ ਪੀਲੇ-ਸੰਤਰੀ ਦਾਣਿਆਂ ਵਾਲੀਆਂ ਆਕਰਸ਼ਕ ਹੁੰਦੀਆਂ ਹਨ। ਇਹ ਹਾਈਬ੍ਰਿਡ ਲਗਪਗ 96 ਦਿਨਾਂ ’ਚ ਪੱਕਦਾ ਹੈ ਅਤੇ ਸਿਫ਼ਾਰਿਸ਼ੀ ਖੇਤੀ ਤਕਨੀਕਾਂ ਅਧੀਨ ਕਰੀਬ 25 ਕੁਇੰਟਲ ਪ੍ਰਤੀ ਏਕੜ ਝਾੜ ਦੇ ਸਕਦਾ ਹੈ। ਇਸ ਦੇ ਬੂਟਿਆਂ ’ਚ ਵਧੇਰੇ ਹਰਾ ਚਾਰਾ ਤੇ ਚੰਗੀ ਸਾਈਲੇਜ ਗੁਣਵੱਤਾ ਹੋਣ ਕਰ ਕੇ ਇਹ ਡੇਅਰੀ ਕਿਸਾਨਾਂ ਲਈ ਵੀ ਬਹੁਤ ਲਾਭਕਾਰੀ ਹੈ। ਪੀਐੱਮਐੱਚ-17 ਦੇ ਦਾਣਿਆਂ ’ਚ 65 ਫ਼ੀਸਦੀ ਤੋਂ ਵੱਧ ਸਟਾਰਚ ਹੋਣ ਕਰ ਕੇ ਇਹ ਹਾਈਬ੍ਰਿਡ ਈਥਾਨੋਲ ਉਦਯੋਗ ਲਈ ਵੀ ਉਚਿਤ ਹੈ। ਇਕ ਏਕੜ ਦੀ ਬਿਜਾਈ ਲਈ ਕਰੀਬ 10 ਕਿੱਲੋ ਬੀਜ ਦੀ ਲੋੜ ਹੁੰਦੀ ਹੈ। ਬੀਜ 240 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ 5 ਤੇ 10 ਕਿੱਲੋ ਪੈਕ ’ਚ ਪੀਏਯੂ ਲੁਧਿਆਣਾ ਦੇ ਗੇਟ ਨੰਬਰ 1 ਸਥਿਤ ਬੀਜ ਵਿਕਰੀ ਕੇਂਦਰ ਤੇ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇਜ਼) ’ਤੇ ਉਪਲਬਧ ਹੈ। ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੌਜੂਦਾ ਸਾਉਣੀ ਰੁੱਤ ਦੌਰਾਨ ਸਮੇਂ ਸਿਰ ਬੀਜ ਪ੍ਰਾਪਤ ਕਰ ਕੇ ਇਸ ਹਾਈਬ੍ਰਿਡ ਦੀ ਵੱਧ ਤੋਂ ਵੱਧ ਕਾਸ਼ਤ ਕੀਤੀ ਜਾਵੇ। ਪੀਐੱਮਐੱਚ-17 ਦੀ ਕਾਸ਼ਤ ਨਾਲ ਕਿਸਾਨਾਂ ਨੂੰ ਵੱਧ ਪੈਦਾਵਾਰ ਤੇ ਆਮਦਨ ਪ੍ਰਾਪਤ ਹੋਣ ਦੇ ਨਾਲ-ਨਾਲ ਪੰਜਾਬ ਦੇ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਵੀ ਮਜ਼ਬੂਤੀ ਮਿਲੇਗੀ।