ਕੌਮਾਂਤਰੀ ਸਾਈਬਰ ਗਿਰੋਹ ਦਾ ਪਰਦਾਫਾਸ਼, ਯੂਰਪ-ਅਮਰੀਕਾ ਦੇ ਲੋਕਾਂ ਨੂੰ ਠੱਗਣ ਵਾਲੇ 132 ਕਾਬੂ
ਯੂਰਪ ਤੇ ਉੱਤਰੀ ਅਮਰੀਕਾ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਸ਼ਟਰੀ ਗਿਰੋਹ ‘ਤੇ ਵੱਡੀ ਕਾਰਵਾਈ
Publish Date: Fri, 15 May 2026 07:45 PM (IST)
Updated Date: Sat, 16 May 2026 04:13 AM (IST)

* 1.07 ਕਰੋੜ ਦੀ ਨਕਦੀ, 98 ਲੈਪਟਾਪ ਤੇ 229 ਮੋਬਾਈਲ ਬਰਾਮਦ * ਹਵਾਲਾ ਤੇ ਕ੍ਰਿਪਟੋਕਰੰਸੀ ਰਾਹੀਂ ਭਾਰਤ ਲਿਆਂਦੀ ਜਾਂਦੀ ਸੀ ਠੱਗੀ ਦੀ ਰਕਮ * ਓਪਨਰ ਤੇ ਕਲੋਜ਼ਰ ਟੀਮਾਂ ਰਾਹੀਂ ਵਿਦੇਸ਼ੀਆਂ ਨੂੰ ਬਣਾਉਂਦੇ ਸਨ ਸ਼ਿਕਾਰ * 300 ਤੋਂ ਵੱਧ ਬੈਂਕ ਖਾਤੇ ਫ੍ਰੀਜ਼, 19 ਲਗਜ਼ਰੀ ਵਾਹਨ ਜ਼ਬਤ ਫੋਟੋ ਨੰਬਰ-38,39 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਸਾਈਬਰ ਅਪਰਾਧ ਵਿਰੋਧੀ ਕਾਰਵਾਈ ਕਰਦਿਆਂ ਇਕ ਕੌਮਾਂਤਰੀ ਸਾਈਬਰ ਠੱਗੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਯੂਰਪ ਤੇ ਉੱਤਰੀ ਅਮਰੀਕਾ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਆਨਲਾਈਨ ਧੋਖਾਧੜੀ ਤੇ ਵਿੱਤੀ ਠੱਗੀਆਂ ਕਰ ਰਿਹਾ ਸੀ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੰਧੂ ਟਾਵਰ ਤੇ ਸਿਲਵਰ ਓਕ ਇਲਾਕਿਆਂ ਸਮੇਤ ਕਈ ਥਾਈਂ ਛਾਪੇਮਾਰੀ ਕਰ ਕੇ 132 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਾਰਵਾਈ ਦੌਰਾਨ 1.07 ਕਰੋੜ ਰੁਪਏ ਦੀ ਨਕਦੀ, 98 ਲੈਪਟਾਪ, 229 ਮੋਬਾਈਲ ਫੋਨ ਤੇ 19 ਲਗਜ਼ਰੀ ਵਾਹਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 300 ਤੋਂ ਵੱਧ ਬੈਂਕ ਖਾਤੇ ਵੀ ਫ੍ਰੀਜ਼ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਠੱਗੀ ਦੀ ਰਕਮ ਦੀ ਲੈਣ-ਦੇਣ ਹੁੰਦੀ ਸੀ। ਇੰਝ ਕਰਦੇ ਸਨ ਵਿਦੇਸ਼ੀਆਂ ਨਾਲ ਠੱਗੀ ਪੁਲਿਸ ਜਾਂਚ ਅਨੁਸਾਰ ਪੀੜਤਾਂ ਦੇ ਕੰਪਿਊਟਰਾਂ ’ਤੇ ਗਿਰੋਹ ਦੇ ਮੈਂਬਰ ਮਾਈਕ੍ਰੋਸਾਫਟ ਦੇ ਨਾਮ ’ਤੇ ਫਰਜ਼ੀ ਪੌਪ-ਅੱਪ ਸੁਨੇਹੇ ਭੇਜਦਾ ਸੀ। ਇਨ੍ਹਾਂ ’ਚ ਵਾਇਰਸ ਹਮਲੇ ਜਾਂ ਸੁਰੱਖਿਆ ਖ਼ਤਰੇ ਦੀ ਚਿਤਾਵਨੀ ਦੇ ਕੇ ਇਕ ਕਸਟਮਰ ਕੇਅਰ ਨੰਬਰ ਦਿੱਤਾ ਜਾਂਦਾ ਸੀ। ਜਿਵੇਂ ਹੀ ਵਿਦੇਸ਼ੀ ਨਾਗਰਿਕ ਉਸ ਨੰਬਰ ‘ਤੇ ਕਾਲ ਕਰਦੇ, ਕਾਲ “ਐਕਸ-ਲਾਈਟ” ਐਪ ਰਾਹੀਂ ਠੱਗਾਂ ਤੱਕ ਪਹੁੰਚ ਜਾਂਦੀ ਸੀ। ਹਰ ਕਾਲ ਸੈਂਟਰ ’ਚ 8 ਤੋਂ 10 ਟੀਮਾਂ ਕੰਮ ਕਰਦੀਆਂ ਸਨ ਤੇ ਹਰ ਟੀਮ ’ਚ 6 ਤੋਂ 7 ਮੈਂਬਰ ਸ਼ਾਮਲ ਹੁੰਦੇ ਸਨ। ‘ਓਪਨਰ’ ਪੀੜਤ ਨੂੰ ਅਲਟਰਾ ਵਿਊਵਰ ਵਰਗਾ ਰਿਮੋਟ ਐਕਸੈੱਸ ਸਾਫਟਵੇਅਰ ਡਾਊਨਲੋਡ ਕਰਵਾਉਂਦੇ ਸਨ, ਜਿਸ ਨਾਲ ਕੰਪਿਊਟਰ ਦਾ ਪੂਰਾ ਕੰਟਰੋਲ ਠੱਗਾਂ ਕੋਲ ਚਲਾ ਜਾਂਦਾ ਸੀ। ਬਾਅਦ ’ਚ ‘ਕਲੋਜ਼ਰ’ ਖ਼ੁਦ ਨੂੰ ਬੈਂਕ ਅਧਿਕਾਰੀ ਦੱਸ ਕੇ ਪੀੜਤਾਂ ਤੋਂ ਪੈਸੇ ‘ਸੁਰੱਖਿਅਤ ਖਾਤਿਆਂ’ ’ਚ ਟ੍ਰਾਂਸਫਰ ਕਰਵਾਉਂਦੇ ਸਨ। ਕਈ ਮਾਮਲਿਆਂ ’ਚ ਸੋਨਾ ਖਰੀਦਵਾ ਕੇ ਡੋਰਸਟੈਪ ਪਿਕਅੱਪ ਵੀ ਕਰਵਾਈ ਜਾਂਦੀ ਸੀ। ਹਵਾਲਾ ਤੇ ਕ੍ਰਿਪਟੋ ਰਾਹੀਂ ਭਾਰਤ ਲਿਆਂਦਾ ਜਾਂਦਾ ਸੀ ਪੈਸਾ ਪੁਲਿਸ ਮੁਤਾਬਕ ਠੱਗੀ ਨਾਲ ਕਮਾਈ ਗਈ ਰਕਮ ਹਵਾਲਾ ਤੇ ਕ੍ਰਿਪਟੋਕਰੰਸੀ ਰਾਹੀਂ ਭਾਰਤ ਤੱਕ ਪਹੁੰਚਾਈ ਜਾਂਦੀ ਸੀ। ਹਰ ਆਪ੍ਰੇਟਰ ਰੋਜ਼ਾਨਾ 8 ਤੋਂ 10 ਕਾਲਾਂ ਹੈਂਡਲ ਕਰਦਾ ਸੀ ਤੇ ਗਿਰੋਹ ਦੀ ਕਮਾਈ ਕਰੋੜਾਂ ’ਚ ਸੀ। ਵਧੀਆ ‘ਪਰਫਾਰਮੈਂਸ’ ਕਰਨ ਵਾਲੇ ਮੁਲਾਜ਼ਮਾਂ ਨੂੰ ਇਨਸੈਂਟਿਵ ਵੀ ਦਿੱਤੇ ਜਾਂਦੇ ਸਨ, ਜਿਸ ਕਾਰਨ ਨੌਜਵਾਨ ਵੱਡੀ ਗਿਣਤੀ ’ਚ ਇਸ ਗਿਰੋਹ ਨਾਲ ਜੁੜ ਰਹੇ ਸਨ। ਮਾਲਕਾਂ ਤੇ ਕਿਰਾਏਦਾਰਾਂ ਦੀ ਵੀ ਹੋਵੇਗੀ ਜਾਂਚ ਪੁਲਿਸ ਹੁਣ ਡਿਜ਼ੀਟਲ ਸਬੂਤਾਂ, ਮਨੀ ਟ੍ਰੇਲ, ਕ੍ਰਿਪਟੋ ਲੈਣ-ਦੇਣ ਤੇ ਕਾਲ ਸੈਂਟਰਾਂ ਲਈ ਵਰਤੀਆਂ ਗਈਆਂ ਇਮਾਰਤਾਂ ਦੇ ਮਾਲਕਾਂ ਤੇ ਕਿਰਾਏਦਾਰਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਈਬਰ ਅਪਰਾਧੀਆਂ ਤੇ ਗ਼ੈਰ-ਕਾਨੂੰਨੀ ਵਿੱਤੀ ਨੈੱਟਵਰਕਾਂ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।