ਪੀਏਯੂ ਨੇ ਦਰੱਖਤਾਂ ’ਤੇ ਮੇਖਾਂ ਨਾਲ ਕਿਊਆਰ ਕੋਡ ਲਾ ਕੇ ਦਰੱਖ਼ਤ ਕੀਤੇ ਜ਼ਖ਼ਮੀ
’ਤੇ ਲੋਹੇ ਦੀਆਂ ਕਿਲਾਂ ਨਾਲ ਕਿਊਆਰ ਕੋਡ ਲਗਾ ਕੇ ਦਰੱਖ਼ਤ ਕੀਤੇ ਜ਼ਖ਼ਤੀ
Publish Date: Tue, 12 May 2026 07:28 PM (IST)
Updated Date: Wed, 13 May 2026 04:10 AM (IST)

- ਹੋਰਾਂ ਨੂੰ ਸੇਧ ਦੇਣ ਵਾਲੀ ਪੀਏਯੂ ਦੇ ਵਤੀਰੇ ਨਾਲ ਵਾਤਾਵਰਣ ਪ੍ਰੇਮੀਆਂ ’ਚ ਰੋਸ ਦੀ ਲਹਿਰ - ਇਹ ਆਮ ਲੋਕਾਂ ਤੱਕ ਪ੍ਰਮਾਣਿਕ ਜਾਣਕਾਰੀ ਪਹੁੰਚਾਉਣ ਦਾ ਆਧੁਨਿਕ ਤਰੀਕਾ : ਡਾ. ਗੋਸਲ ਫੋਟੋ ਨੰਬਰ-9,10,11,12 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਕਿਸਾਨਾਂ ਤੇ ਹੋਰਨਾਂ ਨੂੰ ਸੇਧ ਦੇਣ ਵਾਲੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਆਪਣੇ ਲੁਧਿਆਣਾ ਕੈਂਪਸ ’ਚ ਵੱਖ-ਵੱਖ ਕਿਸਮਾਂ ਦੇ ਦਰੱਖਤਾਂ ਬਾਰੇ ਵਿਦਿਆਰਥੀਆਂ ਤੇ ਬਾਹਰੋਂ ਆਉਣ ਵਾਲਿਆਂ ਨੂੰ ਜਾਣਕਾਰੀ ਦੇਣ ਲਈ ਨਵੀਂ ਤਕਨੀਕ ਕਿਊਆਰ ਕੋਡ ਅਪਣਾਈ ਜਾ ਰਹੀ ਹੈ। ਪੀਏਯੂ ਦੇ ਬਹੁਤ ਸਾਰੇ ਦਰੱਖ਼ਤਾਂ ਉੱਪਰ ਉਨਾਂ ਦੀ ਕਿਸਮ, ਉਪਯੋਗਤਾ, ਵਰਤੋਂ ਦੇ ਤਰੀਕੇ ਤੇ ਲਾਭ ਆਦਿ ਬਾਰੇ ਜਾਣਕਾਰੀ ਦੇਣ ਲਈ ਮੇਖਾਂ ਨਾਲ ਸਟੀਲ ਦੀਆਂ ਪਲੇਟਾਂ ਲਗਾ ਕੇ ਕਿਊਆਰ ਕੋਡ ਲਾਏ ਜਾ ਰਹੇ ਹਨ, ਜਿਸ ਨਾਲ ਦਰੱਖ਼ਤ ਜ਼ਖ਼ਮੀ ਹੋ ਰਹੇ ਹਨ। ਪੀਏਯੂ ਦੇ ਅਜਿਹੇ ਵਤੀਰੇ ਕਰ ਕੇ ਵਾਤਾਵਰਣ ਪ੍ਰੇਮੀ ਤੇ ਆਮ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਅਨੁਸਾਰ ਜੇਕਰ ਪੀਏਯੂ ਹੀ ਅਜਿਹਾ ਕਰੇਗੀ ਤਾਂ ਆਮ ਲੋਕਾਂ ਨੂੰ ਰੁੱਖਾਂ ਨੂੰ ਜ਼ਖਮੀ ਕਰਨ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਜਾਣਕਾਰੀ ਅਨਸਾਰ ਕਿਊਆਰ ਕੋਡਾਂ ਨੂੰ ਸਕੈਨ ਕਰ ਕੇ ਕੋਈ ਵੀ ਇੰਨਾਂ ਰੁੱਖਾਂ ਸਬੰਧੀ ਪ੍ਰਮਾਣਿਕ ਜਾਣਕਾਰੀ ਨਾਲ ਭਰਪੂਰ ਹੋ ਸਕਦਾ ਹੈ। ਪੀਏਯੂ ’ਚ ਭਰਪੂਰ ਰੂਪ ’ਚ ਲੱਗੇ ਰੁੱਖ ਮਰੋੜਫਲੀ, ਨੀਲੀ ਗੁਲਮੋਹਰ, ਕ੍ਰਿਸਮਸ, ਸਤਪਤੀਆ, ਪਗੋਡਾ, ਅਸ਼ੋਕਾ, ਕਚਨਾਰ, ਲਾਲ ਬੋਤਲ ਬੁਰਸ਼, ਗੁਲਾਬੀ ਤੁਣ, ਸਿਲਵਰ ਓਕ, ਮੌਲਸਰੀ, ਜੋੜ ਤੋੜ, ਨਿੰਮ, ਅੰਬ, ਜਾਮਣ, ਢਿਊ, ਡੇਕ, ਸਫੈਦਾ, ਗੂਲਰ ਤੇ ਆੜੂ ਆਦਿ ਦਰੱਖਤਾਂ ਬਾਰੇ ਕਿਊਆਰ ਕੋਡ ਲਾਉਣ ਦਾ ਕਾਰਜ ਸੰਪੰਨ ਹੋ ਗਿਆ ਹੈ। ਦੂਜੇ ਪਾਸੇ ਵਾਤਾਵਰਣ ਪ੍ਰੇਮੀਆਂ ਨੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਇਸ ਨਾਲ ਦਰੱਖਤਾਂ ਨੂੰ ਨੁਕਸਾਨ ਹੋ ਸਕਦਾ ਹੈ। ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਾਤਾਵਰਨ ਦੀ ਸੰਭਾਲ ਤੇ ਰੁੱਖਾਂ ਬਾਰੇ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਨਿਰੰਤਰ ਵਚਨਬੱਧ ਹੈ। ਉਨ੍ਹਾਂ ਰੁੱਖਾਂ ਉੱਪਰ ਲਾਏ ਜਾਣ ਵਾਲੇ ਕਿਊਆਰ ਕੋਡਜ਼ ਨੂੰ ਆਮ ਲੋਕਾਂ ਤੱਕ ਪ੍ਰਮਾਣਿਕ ਜਾਣਕਾਰੀ ਪਹੁੰਚਾਉਣ ਦਾ ਆਧੁਨਿਕ ਤਰੀਕਾ ਕਿਹਾ ਅਤੇ ਨਾਲ ਆਸ ਪ੍ਰਗਟਾਈ ਕਿ ਇਸ ਨਾਲ ਆਮ ਲੋਕਾਂ ਵਿਚ ਵਾਤਾਵਰਨ ਦੀ ਸੰਭਾਲ ਦੀ ਜਾਗਰੂਕਤਾ ਦਾ ਪਸਾਰ ਹੋਵੇਗਾ ਅਤੇ ਲੋਕ ਪੰਜਾਬ ਦੀ ਧਰਤੀ ਉੱਪਰ ਵਿਗਸੇ ਵਿਰਾਸਤੀ ਰੁੱਖਾਂ ਨੂੰ ਜਾਣ ਸਕਣਗੇ। ਪੀਏਯੂ ਵੱਲੋਂ ਅਮਲਤਾਸ਼, ਲਾਲ ਗੁਲਮ, ਪਲੂਮੇਰੀਆ ਅਤੇ ਮੌਲਸਰੀ ਸਮੇਤ ਕੁੱਝ ਰੁੱਖਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ। ਕਿਊਆਰ ਕੋਡ ਲਾਉਣ ਨਾਲ ਦਰੱਖ਼ਤ ਨੂੰ ਕੋਈ ਨੁਕਸਾਨ ਨਹੀਂ : ਡਾ. ਰਿਆੜ ਹਰ ਦਰੱਖਤ ਉੱਪਰ ਕਿੱਲ ਨਾਲ ਲਾਏ ਗਏ ਕਿਊਆਰ ਕੋਡ ਲਾਉਣ ਨਾਲ ਦਰੱਖਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਕੀਤੇ ਗਏ ਸਵਾਲ ਦੇ ਜਵਾਬ ’ਚ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਕਿਊਆਰ ਕੋਡ ਲਾਉਣ ਨਾਲ ਦਰੱਖਤ ਨੂੰ ਕੋਈ ਨੁਕਸਾਨ ਨਹੀਂ ਕਿਉਂਕਿ ਕਿੱਲ ਦਰੱਖਤ ਦੇ ਅੰਦਰ ਤੱਕ ਨਹੀਂ ਸਗੋਂ ਬਾਹਰ ਹੀ ਰਹਿ ਜਾਂਦੀ ਹੈ ਅਤੇ ਸਕੈਨਰ ਨੂੰ ਲਾਉਣ ਲਈ ਅੰਦਰ ਤੱਕ ਕਿੱਲ ਲਾਉਣ ਦੀ ਲੋੜ ਨਹੀਂ ਪੈਂਦੀ। ਦਰੱਖ਼ਤਾਂ ਨੂੰ ਕਿੱਲ ਲਾਉਣਾ ਨਵੀਂ ਪਿਰਤ ਪਾਉਣ ਵਾਲੀ ਗੱਲ : ਬੈਂਸ ਜਾਣਕਾਰੀ ਦੇਣ ਲਈ ਪੀਏਯੂ ਵੱਲੋਂ ਦਰੱਖਤਾਂ ਉੱਪਰ ਲਾਏ ਗਏ ਕਿਊਆਰ ਕੋਡ ਸਬੰਧੀ ਗੱਲ ਕਰਦੇ ਹੋਏ ਪਬਲਿਕ ਐਕਸ਼ਨ ਕਮੇਟੀ (ਪੀਏਸੀ) ਦੇ ਮੈਂਬਰ ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਦਰੱਖਤਾਂ ਨੂੰ ਕਿੱਲ ਲਾਉਣਾ ਨਵੀਂ ਪਿਰਤ ਪਾਉਣ ਵਾਲੀ ਗੱਲ ਹੈ ਇਸ ਨਾਲ ਦਰੱਖ਼ਤ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਮੇਲੇ ਦੌਰਾਨ ਕਈ ਦੁਕਾਨਦਾਰਾਂ ਵੱਲੋਂ ਵੀ ਦਰੱਖਤਾਂ ’ਤੇ ਕਿੱਲ ਲਾ ਕੇ ਬੋਰਡ ਲਾਉਣ ਦੀ ਗੱਲ ਆਖੀ। ਦਰੱਖਤਾਂ ਨੂੰ ਕਿੱਲ ਲਾਉਣਾ ਐੱਨਜੀਟੀ ਦੇ ਹੁਕਮਾਂ ਦੀ ਉਲੰਘਣਾ : ਕਪਿਲ ਅਰੋੜਾ ਵਾਤਾਵਰਣ ਪ੍ਰੇਮੀ ਕਪਿਲ ਅਰੋੜਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਨੁਕਸਾਨ ਘੱਟ ਹੋਵੇ ਜਾਂ ਵੱਧ ਦਰੱਖਤਾਂ ਨੂੰ ਕਿੱਲ ਲਾਉਣਾ ਐੱਨਜੀਟੀ ਦੇ ਹੁਕਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਦਰੱਖਤ ਨੂੰ ਕਿੱਲ ਲਾਉਣਾ ਠੀਕ ਨਹੀਂ, ਕਿਉਂਕਿ ਇਸ ਨਾਲ ਜ਼ਹਿਰ ਫੈਲਦਾ ਹੈ। ਕਾਨੂੰਨ ਅਨੁਸਾਰ ਕੋਈ ਕਿੱਲ ਨਹੀਂ ਲਾ ਸਕਦਾ।