ਪੈਲੇਸ ਦੀ ਬਕਾਇਆ ਪੇਮੈਂਟ ਮੰਗਣ ’ਤੇ ਹੋਇਆ ਹੰਗਾਮਾ, ਪੈਲੇਸ ਦੇ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ
ਪੈਲੇਸ ਦੀ ਬਕਾਇਆ ਪੇਮੈਂਟ ਮੰਗਣ ਤੇ ਹੋਇਆ ਹੰਗਾਮਾ,ਪੈਲੇਸ ਦੇ ਮੁਲਾਜ਼ਮਾਂ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ
Publish Date: Wed, 29 Apr 2026 07:37 PM (IST)
Updated Date: Wed, 29 Apr 2026 07:40 PM (IST)
- ਮੈਨੇਜਰ ’ਤੇ ਕਾਰ ਚੜ੍ਹਾਉਣ ਦੀ ਕੀਤੀ ਕੋਸ਼ਿਸ਼
- ਕਾਰ ਦੀ ਭੰਨ੍ਹਤੋੜ ਕਰ ਕੇ ਸੋਨੇ ਦੀ ਚੇਨ ਉਤਾਰੀ
- ਪੁਲਿਸ ਦੀ ਪੜਤਾਲ ਤੋਂ ਬਾਅਦ ਪੰਜ ਖ਼ਿਲਾਫ਼ ਮੁਕੱਦਮਾ ਦਰਜ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਸਾਊਥ ਐਂਡ ਗਾਰਡਨ ਮੈਰਿਜ ਪੈਲਸ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਪੈਲੇਸ ਦੇ ਮੈਨੇਜਰ ਅਤੇ ਮੁਲਾਜ਼ਮਾਂ ਨੇ ਪੈਲੇਸ ਵਿੱਚ ਹੋ ਰਹੇ ਪ੍ਰੋਗਰਾਮ ਦੀ ਬਕਾਇਆ ਪੇਮੈਂਟ ਮੰਗੀ। ਦੇਖਦੇ ਹੀ ਦੇਖਦੇ ਮਸਲਾ ਇਸ ਕਦਰ ਉਲਝ ਗਿਆ ਕਿ ਕੁੱਝ ਵਿਅਕਤੀਆਂ ਨੇ ਪੈਲੇਸ ਦੇ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਮੈਨੇਜਰ ਉੱਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਦੋਸ਼ ਇਹ ਵੀ ਹਨ ਕਿ ਭੜਕੇ ਮੁਲਜ਼ਮਾਂ ਨੇ ਮੈਰਿਜ ਪੈਲੇਸ ਦੀ ਫੋਰਚੂਨਰ ਕਾਰ ਭੰਨ ਦਿੱਤੀ ਅਤੇ ਪੈਲਸ ਦੇ ਮਾਲਕ ਦੀ ਸੋਨੇ ਦੀ ਚੇਨ ਵੀ ਉਤਾਰ ਲਈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਕਾਲਖ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਮਾਣਕਵਾਲ ਰੋਡ ਸਿਟੀ ਇਨਕਲੇਵ ਵਾਸੀ ਹਰਪਾਲ ਸਿੰਘ, ਉੱਤਮ ਵਿਹਾਰ ਪਿੰਡ ਮਾਣਕਵਾਲ ਦੇ ਰਹਿਣ ਵਾਲੇ ਦਲੀਪ ਕੁਮਾਰ, ਗੋਪੀ ਅਤੇ ਨਿਊ ਅਸ਼ੋਕ ਨਗਰ ਸਲੇਮ ਟਾਬਰੀ ਵਾਸੀ ਸਨੀ ਪਾਂਡੇ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਾਊਥ ਐਂਡ ਗਾਰਡਨ ਮੈਰਿਜ ਪੈਲੇਸ ਵਿੱਚ ਬਤੌਰ ਜੀਐੱਮ ਕੰਮ ਕਰਦੇ ਹਨ। ਬੀਤੀ ਦੇਰ ਰਾਤ ਮੈਰਿਜ ਪੈਲੇਸ ਵਿੱਚ ਹਰਪਾਲ ਸਿੰਘ ਦੀ ਬੇਟੀ ਦੇ ਵਿਆਹ ਦੀ ਰਿਸੈਪਸ਼ਨ ਚੱਲ ਰਹੀ ਸੀ। ਜੀਐੱਮ ਮੁਤਾਬਿਕ ਰਿਸੈਪਸ਼ਨ ਦੀ ਕੁਝ ਪੇਮੈਂਟ ਪੈਂਡਿੰਗ ਸੀ ਅਤੇ ਮੈਰਿਜ ਪੈਲੇਸ ਦੇ ਮੁਲਾਜ਼ਮਾਂ ਨੇ ਹਰਪਾਲ ਸਿੰਘ ਕੋਲੋਂ ਪੇਮੈਂਟ ਦੀ ਮੰਗ ਕੀਤੀ। ਇਸ ਦੌਰਾਨ ਮਾਮੂਲੀ ਬਹਿਸ ਤੋਂ ਬਾਅਦ ਹਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਮੁਲਾਜ਼ਮ ਗੁਲਾਮ ਅਲੀ ਅਤੇ ਵਸ਼ਿਸ਼ਟ ਕੁਮਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਦੇਖਦੇ ਹੀ ਦੇਖਦੇ ਮਾਮਲਾ ਵਧ ਗਿਆ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਮੁਲਜਮਾਂ ਨੇ ਆਪਣੀ ਫ਼ੋਰਡ ਉਸ ਉੱਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਹਮਲਾਵਰਾਂ ਨੇ ਪੈਲੇਸ ਦੇ ਮਾਲਕ ਸਾਹਿਲ ਅਗਰਵਾਲ ਦੀ ਫੋਰਚੂਨਰ ਕਰ ਬੁਰੀ ਤਰ੍ਹਾਂ ਭੰਨ ਦਿੱਤੀ ਅਤੇ ਉਨ੍ਹਾਂ ਦੀ ਸੋਨੇ ਦੀ ਚੇਨ ਵੀ ਉਤਾਰ ਲਈ। ਉਧਰੋਂ ਹੀ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਹਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੈਨੇਜਰ ਦੀ ਸ਼ਿਕਾਇਤ ਤੇ ਹਮਲਾਵਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੀ ਪੁਲਿਸ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁਟੀ ਹੋਈ ਹੈ।