ਚਿੱਟੀ ਪਿੱਠ ਵਾਲੇ ਬੂਟੇ ਦੇ ਟਿੱਡੇ ਰਾਹੀਂ ਫੈਲਦੀ ਹੈ ਝੋਨੇ ਦੇ ਬੌਣੇਪਣ ਦੀ ਬਿਮਾਰੀ : ਡਾ. ਹੂੰਝਣ
ਚਿੱਟੀ ਪਿੱਠ ਵਾਲੇ ਪੌਦੇ ਦੇ ਟਿੱਡੇ ਰਾਹੀਂ ਫੈਲਦੀ ਹੈ ਝੋਨੇ ਦੇ ਬੌਣੇਪਣ ਦੀ ਬਿਮਾਰੀ-ਡਾ.ਹੂੰਝਣ
Publish Date: Wed, 29 Apr 2026 06:31 PM (IST)
Updated Date: Wed, 29 Apr 2026 06:34 PM (IST)

- ਪੀਏਯੂ ਨੇ ਰੋਗ ਬਾਰੇ ਸੂਬਾ ਪੱਧਰੀ ਆਨਲਾਈਨ ਸਿਖਲਾਈ ਦਿੱਤੀ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੀਏਯੂ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਨੇ ਬੂਟਾ ਰੋਗ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਝੋਨੇ ਦੇ ਬੌਣੇਪਣ ਦੀ ਸਮੱਸਿਆ ਦੀ ਰੋਕਥਾਮ ਬਾਰੇ ਅਗਾਊਂ ਜਾਣਕਾਰੀ ਦੇਣ ਲਈ ਆਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਇਆ। ਇਸ ਵਿੱਚ ਪੀਏਯੂ ਦੇ ਪੌਦਾ ਰੋਗ ਮਾਹਿਰਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ 350 ਦੇ ਕਰੀਬ ਪਸਾਰ ਮਾਹਿਰਾਂ, ਵਿਗਿਆਨੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਪੰਜਾਬ ਵਿੱਚ ਝੋਨੇ ਦੇ ਬੌਣੇਪਣ ਦੇ ਰੋਗ ਦੇ ਖਤਰੇ ਅਤੇ ਬੀਤੇ ਸਾਲਾਂ ਦੇ ਤਜਰਬਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਬਾਰੇ ਸਮਾਂ ਰਹਿੰਦੇ ਜਾਣਕਾਰੀ ਨੂੰ ਪ੍ਰਸਾਰਿਤ ਕਰਨ ਦੀ ਲੋੜ ਹੈ, ਨਾਲ ਹੀ ਡਾ. ਭੁੱਲਰ ਨੇ ਕੁੱਝ ਅਜਿਹੀਆਂ ਪਹਿਲਕਦਮੀਆਂ ਵੱਲ ਧਿਆਨ ਦਿਵਾਇਆ ਜਿਨ੍ਹਾਂ ਦੀ ਵਰਤੋਂ ਅਗਾਊਂ ਸਾਵਧਾਨੀਆਂ ਵਜੋਂ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਹ ਰੋਗ ਦੱਖਣੀ ਚੌਲਾਂ ਦੇ ਕਾਲੇ ਧਾਰੀਦਾਰ ਬੌਣੇ ਰੋਗ ਵਾਇਰਸ ਕਾਰਨ ਆਪਣਾ ਪ੍ਰਭਾਵ ਛੱਡਦਾ ਹੈ। ਡਾ. ਭੁੱਲਰ ਨੇ ਮਾਹਿਰਾਂ ਦੀ ਖੋਜ ਨੂੰ ਅਧਾਰ ਬਣਾ ਕੇ ਪੰਜਾਬ ਵਿਚ ਇਸਦੇ ਸੰਯੁਕਤ ਪ੍ਰਬੰਧਨ ਬਾਰੇ ਵੀ ਗੱਲ ਕੀਤੀ। ਤਕਨੀਕੀ ਸ਼ੈਸਨ ਵਿੱਚ ਪੌਦਾ ਰੋਗ ਮਾਹਿਰ ਡਾ. ਮਨਦੀਪ ਸਿੰਘ ਹੂੰਝਣ ਨੇ 2025 ਦੇ ਸਾਉਣੀ ਸੀਜ਼ਨ ਦੌਰਾਨ ਪੰਜਾਬ ਵਿੱਚ ਇਸ ਬਿਮਾਰੀ ਦੇ ਅਸਰ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਬੀਜੀਆਂ ਜਾ ਰਹੀਆਂ ਝੋਨੇ ਦੀਆਂ ਕਿਸਮਾਂ ਇਸ ਰੋਗ ਬਾਰੇ ਕੋਈ ਪ੍ਰਤੀਰੋਧ ਨਹੀਂ ਦਿਖਾਉਂਦੀਆਂ ਅਤੇ ਇਹ ਬਿਮਾਰੀ ਚਿੱਟੀ ਪਿੱਠ ਵਾਲੇ ਪੌਦੇ ਦੇ ਟਿੱਡੇ ਰਾਹੀਂ ਫੈਲਦੀ ਹੈ। ਡਾ. ਹੂੰਝਣ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੁਰੂਆਤੀ ਪੜਾਅ ਵਿੱਚ ਕਾਸ਼ਤ ਵਿਧੀਆਂ ਨੂੰ ਬਿਮਾਰੀ ਰਹਿਤ ਬਣਾ ਦੇਣ ਨਾਲ ਇਸਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਡਾ. ਰੂਬਲਜੋਤ ਕੂਨਰ ਨੇ ਇਸ ਰੋਗ ਲਈ ਜ਼ਿੰਮੇਵਾਰ ਕੀੜੇ ਦੇ ਜੀਵ ਵਿਗਿਆਨ ਅਤੇ ਵਿਹਾਰ ਬਾਰੇ ਵਿਸਥਾਰ ਨਾਲ ਦੱਸਦਿਆਂ ਇਸਦੀ ਰੋਕਥਾਮ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ। ਸਿਖਲਾਈ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਨੇ ਵੀ ਝੋਨੇ ਦੇ ਬੌਣੇ ਰੋਗ ਦੇ ਵੱਧਦੇ ਪ੍ਰਭਾਵ ਅਤੇ ਇਸਦੇ ਸੰਭਾਵੀ ਆਰਥਿਕ ਅਸਰ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਸ ਵੈਬੀਨਾਰ ਦਾ ਮੰਤਵ ਸਮਾਂ ਰਹਿੰਦੇ ਵਿਗਿਆਨਕ ਜਾਣਕਾਰੀ ਦੀ ਪਸਾਰ ਕਰਨਾ ਹੈ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਨੇ ਇਸ ਰੋਗ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਅਤੇ ਪੀਏਯੂ. ਵਿਚਕਾਰ ਤਾਲਮੇਲ ਦੀ ਮਹੱਤਤਾ ਦੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਝੋਨੇ ਦੀ ਛੇਤੀ ਬਿਜਾਈ ਵੀ ਇਸ ਰੋਗ ਦੇ ਜ਼ਿੰਮੇਵਾਰ ਰੋਗਾਣੂੰਆਂ ਨੂੰ ਫੈਲਣ ਅਤੇ ਵਧਾਉਣ ਵਿੱਚ ਸਹਾਈ ਹੁੰਦੀ ਹੈ। ਪਸਾਰ ਕਰਮੀਆਂ ਨੂੰ ਸੰਬੋਧਨ ਕਰਦਿਆਂ ਉਨਾਂ ਵੱਖ-ਵੱਖ ਮਾਧਿਅਮਾਂ ਰਾਹੀਂ ਇਸ ਰੋਗ ਦੀ ਰੋਕਥਾਮ ਦੇ ਤਰੀਕੇ ਕਿਸਾਨਾਂ ਨਾਲ ਸਾਂਝੇ ਕਰਨ ਦੀ ਸਲਾਹ ਦਿੱਤੀ। ਵਿਚਾਰ ਚਰਚਾ ਸੈਸ਼ਨ ਵਿੱਚ ਡਾ. ਜਗਜੀਤ ਸਿੰਘ ਲੋਰੇ, ਡਾ. ਅਮਰਜੀਤ ਸਿੰਘ ਅਤੇ ਡਾ. ਮਨਮੋਹਨ ਢਕਾਲ ਸਮੇਤ ਵੱਖ-ਵੱਖ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਡਾ. ਅਮਰਜੀਤ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਇਸ ਵੈਬੀਨਾਰ ਨੂੰ ਲਾਹੇਵੰਦ ਕਿਹਾ। --