ਹੰਸ ਫਾਊਂਡੇਸ਼ਨ ਤੇ ਲੈਂਡਮਾਰਕ ਗਰੁੱਪ ਵੱਲੋਂ ਮੋਬਾਈਲ ਮੈਡੀਕਲ ਐਂਬੂਲੈਂਸ ਦੀ ਸ਼ੁਰੂਆਤ
ਹੰਸ ਫਾਊਂਡੇਸ਼ਨ ਅਤੇ ਲੈਂਡਮਾਰਕ ਗਰੁੱਪ ਵੱਲੋਂ ਲੁਧਿਆਣਾ ਵਿੱਚ ਮੋਬਾਈਲ ਮੈਡੀਕਲ ਐਂਬੂਲੈਂਸ ਦੀ ਸ਼ੁਰੂਆਤ
Publish Date: Wed, 29 Apr 2026 06:25 PM (IST)
Updated Date: Wed, 29 Apr 2026 06:28 PM (IST)

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਸ਼ਹਿਰ ਦੇ ਹਾਈ ਰਿਸਕ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਦੇ ਤੌਰ ’ਤੇ ਹੰਸ ਫਾਊਂਡੇਸ਼ਨ ਨੇ ਲੈਂਡਮਾਰਕ ਗਰੁੱਪ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲ੍ਹੇ ਵਿੱਚ ਤਿੰਨ ਮੋਬਾਈਲ ਮੈਡੀਕਲ ਐਂਬੂਲੈਂਸਾਂ ਦੀ ਸ਼ੁਰੂਆਤ ਕੀਤੀ ਹੈ। ਇਸ ਉੱਦਮ ਦਾ ਉਦਘਾਟਨ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਵੱਲੋਂ ਕੀਤਾ ਗਿਆ। ਇਹ ਪ੍ਰੋਗਰਾਮ ਇੱਕ ਸਾਲ ਲਈ ਚੱਲੇਗਾ ਅਤੇ ਜ਼ਰੂਰਤਮੰਦ ਲੋਕਾਂ ਤੱਕ ਮੁੱਢਲੀਆਂ ਸਿਹਤ ਸੇਵਾਵਾਂ ਪਹੁੰਚਾਉਣ ’ਤੇ ਕੇਂਦ੍ਰਿਤ ਹੈ। ਹਰ ਮੋਬਾਈਲ ਮੈਡੀਕਲ ਐਂਬੂਲੈਂਸ ਵਿੱਚ ਇੱਕ ਯੋਗ ਡਾਕਟਰ ਅਤੇ ਪ੍ਰਸ਼ਿਕਸ਼ਿਤ ਪੈਰਾ-ਮੈਡੀਕਲ ਸਟਾਫ ਹੋਵੇਗਾ, ਜੋ ਮੌਕੇ ’ਤੇ ਹੀ ਜਾਂਚ, ਬੁਨਿਆਦੀ ਟੈਸਟ ਅਤੇ ਬਿਮਾਰੀਆਂ ਦੀ ਸ਼ੁਰੂਆਤੀ ਪਹਚਾਣ ਦੀ ਸਹੂਲਤ ਦੇਣਗੇ। ਹਰ ਵੈਨ ਹਰ ਰੋਜ਼ ਦੋ ਸਥਾਨਾਂ ਦਾ ਦੌਰਾ ਕਰੇਗੀ ਅਤੇ 15 ਦਿਨਾਂ ਬਾਅਦ ਉਹੀ ਖੇਤਰ ਦੁਬਾਰਾ ਕਵਰ ਕੀਤਾ ਜਾਵੇਗਾ, ਜਿਸ ਨਾਲ ਲਗਾਤਾਰ ਸਿਹਤ ਨਿਗਰਾਨੀ ਯਕੀਨੀ ਬਣੇਗੀ। ਇਸ ਮੁਹਿੰਮ ਦਾ ਖਾਸ ਧਿਆਨ ਇੱਟ-ਭੱਠਿਆਂ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ, ਦਿਹਾੜੀਦਾਰ ਮਜ਼ਦੂਰਾਂ ਅਤੇ ਸਲਮ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ’ਤੇ ਹੋਵੇਗਾ, ਜਿਨ੍ਹਾਂ ਲਈ ਸਿਹਤ ਸੇਵਾਵਾਂ ਤੱਕ ਪਹੁੰਚ ਅਜੇ ਵੀ ਮੁਸ਼ਕਿਲ ਹੈ। ਇਹ ਕੋਸ਼ਿਸ਼ ਉਨ੍ਹਾਂ ਤੱਕ ਸਿਹਤ ਸੇਵਾਵਾਂ ਸਿੱਧੇ ਪਹੁੰਚਾਉਣ ਲਈ ਕੀਤਾ ਗਿਆ ਹੈ। ਮੈਡੀਕਲ ਟੀਮਾਂ ਵੱਲੋਂ ਬਿਮਾਰੀਆਂ ਦੀ ਜਲਦੀ ਪਹੁੰਚਾਣ, ਰੋਕਥਾਮ ਅਤੇ ਜਾਗਰੂਕਤਾ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜਿਸ ਨਾਲ ਲੋਕਾਂ ਦੀ ਕੁੱਲ ਸਿਹਤ ਵਿੱਚ ਸੁਧਾਰ ਆਵੇਗਾ। ਇਸ ਮੌਕੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਕਿਹਾ ਕਿ ਇਹ ਮੋਬਾਈਲ ਮੈਡੀਕਲ ਐਂਬੂਲੈਂਸਾਂ ਦੀ ਸ਼ੁਰੂਆਤ ਜ਼ਮੀਨੀ ਪੱਧਰ ’ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਕਾਬਿਲ-ਏ-ਤਾਰੀਫ਼ ਕਦਮ ਹੈ। ਬਹੁਤ ਸਾਰੇ ਲੋਕ, ਖਾਸ ਕਰਕੇ ਇੱਟ-ਭੱਠਿਆਂ ਅਤੇ ਸਲਮ ਇਲਾਕਿਆਂ ਵਿੱਚ ਰਹਿਣ ਵਾਲੇ, ਸਮੇਂ ਸਿਰ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ। ਇਹ ਕੋਸ਼ਿਸ਼ ਉਨ੍ਹਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਬਿਮਾਰੀਆਂ ਦੀ ਸ਼ੁਰੂਆਤੀ ਪਹਚਾਣ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਮੇਂ ਸਿਰ ਇਲਾਜ ਸੰਭਵ ਹੁੰਦਾ ਹੈ। ਸਿਵਲ ਸਰਜਨ ਡਾ. ਅਮਨਦੀਪ ਕੌਰ ਨੇ ਕਿਹਾ ਕਿ ਉਹ ਹੰਸ ਫਾਊਂਡੇਸ਼ਨ ਅਤੇ ਲੈਂਡਮਾਰਕ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੀ ਹੈ। ਇਹ ਸਹਿਯੋਗ ਇੱਕ ਸਿਹਤਮੰਦ ਅਤੇ ਸਮਾਜ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਮੌਕੇ ਅਸਿਸਟੈਂਟ ਸਿਵਲ ਸਰਜਨ, ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਆਸ਼ੀਸ਼ ਚਾਵਲਾ ਹਾਜ਼ਰ ਸਨ। ਹੰਸ ਫਾਊਂਡੇਸ਼ਨ ਵੱਲੋਂ ਦਿਨੇਸ਼ ਧਾਮੁਨ ਅਸਿਸਟੈਂਟ ਮੈਨੇਜਰ, ਸਤਿਆਜੀਤ ਸਰਕਾਰ ਪ੍ਰਾਜੈਕਟ ਕੋਆਰਡੀਨੇਟਰ ਅਤੇ ਮੋਬਾਈਲ ਮੈਡੀਕਲ ਯੂਨਿਟ ਦੇ ਡਾਕਟਰਾਂ ਅਤੇ ਕਲੀਨਿਕਲ ਟੀਮ ਲੈਂਡਮਾਰਕ ਫਾਊਂਡੇਸ਼ਨ ਵੱਲੋਂ ਦੀਪਕ ਕੁਮਾਰ ਮੈਨੇਜਰ ਵੀ ਇਸ ਮੌਕੇ ’ਤੇ ਹਾਜ਼ਰ ਸਨ।