ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰ ਦਿਵਸ ਸੰਮੇਲਨ ਮਨਾਉਣ ਦਾ ਫੈਸਲਾ
ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰ ਦਿਵਸ ਸੰਮੇਲਨ ਮਨਾਉਣ ਦਾ ਫੈਸਲਾ
Publish Date: Tue, 28 Apr 2026 06:19 PM (IST)
Updated Date: Tue, 28 Apr 2026 06:22 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ 1 ਮਈ 2026 ਨੂੰ ਤਾਜਪੁਰ ਰੋਡ ਮਜ਼ਦੂਰ ਲਾਇਬ੍ਰੇਰੀ ਦੇ ਸਾਹਮਣੇ ਈਡਬਲਿਊਐਸ ਕਲੋਨੀ ਸਾਹਮਣੇ ਦਿਆਲ ਪਬਲਿਕ ਸਕੂਲ ਵਿਖੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾਵੇਗਾ। ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਅਤੇ ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ ਦੇ ਉੱਪ-ਪ੍ਰਧਾਨ ਵਿਸ਼ਵਨਾਥ ਨੇ ਦੱਸਿਆ ਕਿ ਇਹ ਦਿਨ ਸ਼ਿਕਾਗੋ ਦੇ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 8 ਘੰਟੇ ਕੰਮ ਦੀ ਮੰਗ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਅੱਜ ਦੇ ਦੌਰ ਵਿੱਚ ਯੂਨੀਅਨ ਅਤੇ ਸੂਬਾ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਇਹ ਸੰਘਰਸ਼ ਹੋਰ ਵੀ ਜਰੂਰੀ ਹੋ ਗਿਆ ਹੈ। ਨਵੇਂ ਲੇਬਰ ਕੋਡਾਂ ਰਾਹੀਂ ਮਜ਼ਦੂਰਾਂ ਦੇ ਕਾਨੂੰਨੀ ਹੱਕਾਂ ਤੇ ਹਮਲੇ ਕੀਤੇ ਜਾ ਰਹੇ ਹਨ ਅਤੇ 10-12 ਘੰਟੇ ਕੰਮ ਕਰਵਾ ਕੇ ਉਨ੍ਹਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਅਮੀਰਾਂ ਦੇ ਮੁਨਾਫ਼ੇ ਵਧਾਉਣ ਲਈ ਜਨਤਕ ਸਹੂਲਤਾਂ ਤੇ ਡਾਕੇ ਮਾਰ ਰਹੀਆਂ ਹਨ। ਮਜ਼ਦੂਰ ਦਿਵਸ ਸੰਮੇਲਨ ਦੀਆਂ ਤਿਆਰੀਆਂ ਲਗਭਗ ਪਿਛਲੇ 10 ਦਿਨਾਂ ਤੋਂ ਚੱਲ ਰਹੀਆਂ ਹਨ। ਲੁਧਿਆਣਾ ਦੇ ਅਲਗ-ਅਲੱਗ ਮਜਦੂਰ ਇਲਾਕਿਆਂ ਵਿੱਚ ਪਰਚੇ ਵੰਡ ਕੇ, ਪੋਸਟਰ ਲਾ ਕੇ, ਮੀਟਿੰਗਾਂ ਕਰਕੇ, ਮੰਡੀਆਂ ਵਿੱਚ ਝੰਡਾ ਮਾਰਚ ਕਰਕੇ, ਮਜ਼ਦੂਰ ਭੈਣ ਭਰਾਵਾਂ ਨੂੰ ਇਸ ਪ੍ਰੋਗਰਾਮ ਵਿੱਚ ਵਧ ਤੋਂ ਵਧ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਜਾ ਰਹੀ ਹੈ। 1 ਮਈ ਦਿਨ ਸ਼ੁੱਕਰਵਾਰ ਨੂੰ ਕੀਤੇ ਜਾ ਰਹੇ ਪ੍ਰੋਗਰਾਮ ਵਿੱਚ ਇਨਕਲਾਬੀ ਨਾਟਕ, ਗੀਤ ਕਵਿਤਾਵਾਂ ਵੀ ਪੇਸ਼ ਕੀਤੀਆਂ ਜਾਣਗੀਆਂ ਅਤੇ ਆਗੂਆਂ ਵੱਲੋਂ ਮਈ ਦਿਵਸ ਦੇ ਇਤਿਹਾਸ ਤੇ ਅੱਜ ਦੇ ਸਮੇਂ ਸੰਘਰਸ਼ ਦੀ ਲੋੜ ਬਾਰੇ ਗੱਲ ਵੀ ਕੀਤੀ ਜਾਵੇਗੀ।