ਮੰਗਲਵਾਰ ਨੂੰ ਪਏ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, ਹਲਕੀ ਧੁੱਪ ਦੇ ਨਾਲ ਸਾਰਾ ਦਿਨ ਬਣੀ ਰਹੀ ਬੱਦਲਵਾਈ
ਮੰਗਲਵਾਰ ਨੂੰ ਪਏ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, ਹਲਕੀ ਧੁੱਪ ਦੇ ਨਾਲ ਸਾਰਾ ਦਿਨ ਬਣੀ ਰਹੀ ਬੱਦਲਵਾਈ
Publish Date: Tue, 28 Apr 2026 06:10 PM (IST)
Updated Date: Tue, 28 Apr 2026 06:13 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਮੰਗਲਵਾਰ ਨੂੰ ਪਏ ਮੀਂਹ ਨੇ ਸ਼ਹਿਰਵਾਸੀਆਂ ਨੂੰ ਕਈ ਦਿਨ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਦਿਵਾਈ। ਬੇਸ਼ੱਕ ਮੀਂਹ ਬਹੁਤ ਜ਼ਿਆਦਾ ਨਹੀਂ ਪਿਆ ਪਰ ਤਾਪਮਾਨ ਵਿਚ ਗਿਰਾਵਟ ਦੇ ਨਾਲ ਮੌਸਮ ਦੇ ਬਦਲੇ ਮਿਜ਼ਾਜ ਨੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਲੈ ਆਂਦੀ। ਪਿਛਲੇ ਦਿਨਾਂ ਵਿਚ ਲੁਧਿਆਣਾ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਪੁੱਜ ਗਿਆ ਸੀ, ਜਿਸ ਕਾਰਨ ਲੋਕ ਕਾਫ਼ੀ ਪਰੇਸ਼ਾਨ ਸਨ। ਹੁਣ ਮੀਂਹ ਅਤੇ ਬੱਦਲਾਂ ਨਾਲ ਗਰਮੀ ਵਿਚ ਹਲਕੀ ਕਮੀ ਆਈ ਹੈ ਅਤੇ ਮੌਸਮ ਕੁੱਝ ਸੁਹਾਵਣਾ ਹੋਇਆ ਹੈ। ਮੰਗਲਵਾਰ ਨੂੰ ਸਵੇਰੇ 5 ਵਜੇ ਦੇ ਕਰੀਬ ਬੱਦਲਵਾਈ ਅਤੇ ਠੰਡੀਆਂ ਹਵਾਵਾਂ ਦੇ ਨਾਲ ਹਲਕਾ ਮੀਂਹ ਪੈਣਾ ਸ਼ੁਰੂ ਹੋਇਆ ਜੋ ਰੁਕ ਰੁਕ ਕੇ ਇੱਕ ਘੰਟੇ ਦੇ ਕਰੀਬ ਜਾਰੀ ਰਿਹਾ। ਹਲਕੀ ਧੁੱਪ ਵੀ ਨਿਕਲੀ ਅਤੇ ਨਾਲ ਨਾਲ ਕਿਣਮਿਣ ਵੀ ਜਾਰੀ ਰਹੀ। ਮੀਂਹ ਰੁਕਦੇ ਹੀ ਕਦੇ ਤੇਜ ਅਤੇ ਕਦੇ ਹਲਕੀ ਧੁੱਪ ਨਿਕਲੀ। ਸਾਰਾ ਦਿਨ ਬੱਦਲਵਾਈ ਬਣੀ ਰਹੀਂ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 3 ਤੋਂ 5 ਡਿਗਰੀ ਤੱਕ ਘਟ ਸਕਦਾ ਹੈ। ਖੇਤੀ ਮਾਹਿਰਾਂ ਅਨੁਸਾਰ ਮੀਂਹ ਕਿਸਾਨਾਂ ਲਈ ਫਾਇਦੇਮੰਦ ਹੋ ਸਕਦਾ ਹੈ (ਫਸਲਾਂ ਨੂੰ ਨਮੀ ਮਿਲਦੀ ਹੈ), ਪਰ ਜੇ ਜ਼ਿਆਦਾ ਹੋਵੇ ਤਾਂ ਨੁਕਸਾਨ ਦਾ ਖਤਰਾ ਵੀ ਬਣ ਜਾਂਦਾ ਹੈ, ਇਸ ਲਈ ਕਿਸਾਨਾਂ ਨੂੰ ਪਹਿਲਾਂ ਹੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੇਸ਼ੱਕ ਅੱਜ ਕੇਵਲ 3.8 ਮਿਲੀਮੀਟਰ ਮੀਂਹ ਪਿਆ ਪਰ ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਡਾ. ਕਿੰਗਰਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਜੋ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਸੀ ਉਹ ਵਿਚ ਗਿਰਾਵਟ ਆਈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਮਹਾਂਨਗਰ ਦਾ ਵੱਧ ਤੋਂ ਵੱਧ ਤਾਪਮਾਨ 33.6 ਅਤੇ ਘੱਟ ਤੋਂ ਘੱਟ 23.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਬੁੱਧਵਾਰ ਨੂੰ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਿਤੇ ਕਿਤੇ ਗਰਜ ਨਾਲ ਛਿੱਟੇ/ ਝੱਖੜ/ਤੇਜ਼ ਹਵਾ ਚੱਲ ਸਕਦੀ ਹੈ। ਉਸ ਤੋਂ ਬਾਅਦ ਮੌਸਮ ਖੁਸ਼ਕ ਰਹੇਗਾ ਪਰ ਇਕ ਮਈ ਤੋਂ ਮੁੜ ਮੌਸਮ ਬਦਲ ਸਕਦਾ ਹੈ।