ਫੌਜੀ ਖੇਤਰ ਨਾਲ ਲੱਗਦੇ ਪਾਬੰਦੀਸ਼ੁਦਾ ਇਲਾਕੇ ’ਚ ਗੈਰਕਾਨੂੰਨੀ ਉਸਾਰੀ, ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ
ਫੌਜੀ ਖੇਤਰ ਨਾਲ ਲੱਗਦੇ ਪਾਬੰਦੀਸ਼ੁਦਾ ਇਲਾਕੇ ਵਿੱਚ ਗੈਰਕਾਨੂੰਨੀ ਉਸਾਰੀ, ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ
Publish Date: Tue, 28 Apr 2026 06:03 PM (IST)
Updated Date: Tue, 28 Apr 2026 06:07 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਫੌਜੀ ਖੇਤਰ ਨਾਲ ਲੱਗਦੇ ਉਸ ਪਾਬੰਦੀਸ਼ੁਦਾ ਇਲਾਕੇ ਵਿਚ ਗੈਰਕਾਨੂੰਨੀ ਉਸਾਰੀ ਕੀਤੀ ਗਈ ਹੈ, ਜਿੱਥੇ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਉਸਾਰੀ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਬੱਦੋਵਾਲ ਲੁਧਿਆਣਾ ਵਿਖੇ ਸਥਿਤ 17 ਫੀਲਡ ਐਮਿਊਨੀਸ਼ਨ ਡਿਪੋ ਦੇ ਐਡਮਿਨਿਸਟ੍ਰੇਟਿਵ ਅਫਸਰ ਵਜੋਂ ਤਾਇਨਾਤ ਬੱਦੋਵਾਲ ਲੁਧਿਆਣਾ ਦਾ ਵਾਸੀ ਲੈਫਟੀਨੈਂਟ ਕਰਨਲ ਰੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਅਧੀਨ ਆਉਂਦੇ ਸੁਰੱਖਿਆ ਘੇਰੇ ਨਾਲ ਲੱਗਦੇ ਇਲਾਕੇ ਵਿੱਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਉਸਾਰੀ ਕਰ ਲਈ ਗਈ ਹੈ। ਸ਼ਿਕਾਇਤ ਅਨੁਸਾਰ ਇਹ ਘਟਨਾ ਪਿੰਡ ਇਆਲੀ ਕਲਾਂ, ਲੁਧਿਆਣਾ ਵਿਚ ਵਾਪਰੀ ਹੈ, ਜੋ ਕਿ 17 ਫੀਲਡ ਐਮਿਊਨੀਸ਼ਨ ਡਿਪੋ ਦੇ ਨਾਲ ਲੱਗਦਾ ਉਹ ਇਲਾਕਾ ਹੈ, ਜਿਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਉਸਾਰੀ ਲਈ ਪਾਬੰਦੀਸ਼ੁਦਾ ਘੋਸ਼ਿਤ ਕੀਤਾ ਗਿਆ ਹੈ। ਇਸ ਦੇ ਬਾਵਜੂਦ ਅਣਪਛਾਤੇ ਮੁਲਜ਼ਮ ਨੇ ਬਿਨਾਂ ਕਿਸੇ ਮਨਜ਼ੂਰੀ ਦੇ ਉਥੇ ਉਸਾਰੀ ਕਰਕੇ ਸਰਕਾਰੀ ਹੁਕਮਾਂ ਦੀ ਖੁੱਲ੍ਹੀ ਉਲੰਘਣਾ ਕੀਤੀ ਹੈ। ਫੌਜੀ ਅਧਿਕਾਰੀਆਂ ਨੇ ਦਰਸਾਇਆ ਕਿ ਐਮਿਊਨੀਸ਼ਨ ਡਿਪੋ ਵਰਗੇ ਮਹੱਤਵਪੂਰਨ ਸੁਰੱਖਿਆ ਸਥਾਨਾਂ ਦੇ ਨੇੜੇ ਪਾਬੰਦੀਸ਼ੁਦਾ ਇਲਾਕਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਗੈਰਅਧਿਕ੍ਰਿਤ ਉਸਾਰੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ। ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਨਾ ਸਿਰਫ਼ ਕਾਨੂੰਨੀ ਉਲੰਘਣਾ ਹੁੰਦੀ ਹੈ, ਸਗੋਂ ਭਵਿੱਖ ਵਿਚ ਗੰਭੀਰ ਨਤੀਜੇ ਵੀ ਨਿਕਲ ਸਕਦੇ ਹਨ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਣਪਛਾਤੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਇਕ ਸੰਹਿਤਾ ਦੀ ਧਾਰਾ 223 ਅਧੀਨ ਕੇਸ ਦਰਜ ਕਰ ਲਿਆ ਹੈ। ਦਰਜ ਕੀਤੇ ਕੇਸ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਮਾਮਲੇ ਦੀ ਤਫ਼ਤੀਸ਼ ਥਾਣਾ ਸਰਾਭਾ ਨਗਰ ਦੇ ਜਾਂਚ ਅਧਿਕਾਰੀ ਏਐਸਆਈ ਅਜੀਤ ਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਦੀ ਪਛਾਣ ਕਰਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਫੌਜੀ ਖੇਤਰਾਂ ਦੇ ਨੇੜੇ ਪਾਬੰਦੀਸ਼ੁਦਾ ਇਲਾਕਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਉਸਾਰੀ ਜਾਂ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਸਾਂਝੀ ਕੀਤੀ ਜਾਵੇ, ਤਾਂ ਜੋ ਸੁਰੱਖਿਆ ਪ੍ਰਬੰਧ ਮਜ਼ਬੂਤ ਬਣੇ ਰਹਿਣ।