ਭਾਖੜਾ ਡੈਮ ਪ੍ਰਬੰਧਕੀ ਬੋਰਡ 'ਚੋਂ ਪੰਜਾਬ ਦੀ ਸਥਾਈ ਮੈਂਬਰੀ ਦਾ ਖਾਤਮਾ ਬਰਦਾਸ਼ਤ ਨਹੀਂ
ਭਾਖੜਾ ਡੈਮ ਪ੍ਰਬੰਧਕੀ ਬੋਰਡ 'ਚੋਂ ਪੰਜਾਬ ਦੀ ਸਥਾਈ ਮੈਂਬਰੀ ਦਾ ਖਾਤਮਾ ਨਹੀਂ ਬਰਦਾਸ਼ਤ
Publish Date: Sun, 26 Apr 2026 06:41 PM (IST)
Updated Date: Sun, 26 Apr 2026 06:43 PM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ ਕਿਸਾਨ ਮਜ਼ਦੂਰ ਮੋਰਚਾ ਭਾਰਤ (ਚੈਪਟਰ ਪੰਜਾਬ) ਦੀ 19 ਅਪ੍ਰੈਲ ਦੀ ਐਮਰਜੈਂਸੀ ਮੀਟਿੰਗ ਦੇ ਫੈਸਲੇ ਦੀ ਰੌਸ਼ਨੀ ਵਿਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇੜੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ ਤੇ ਸੋਹਣ ਸਿੰਘ ਸਵੱਦੀ ਨੇ ਭਾਖੜਾ ਡੈਮ ਦੇ ਅਹਿਮ ਮੁੱਦੇ ਅਤੇ ਯੂਰੀਆ ਤੇ ਡੀਏਪੀ ਖਾਦਾਂ ਦੀ ਪੰਜਾਬ ਚ ਨੇੜ ਭਵਿੱਖ ਚ ਸੰਭਾਵੀ ਭਾਰੀ ਕਿੱਲਤ ਸਬੰਧੀ ਗੰਭੀਰ ਭਰਵੇਂ ਤੇ ਡੂੰਘੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਤਹਿਤ 19 ਅਪ੍ਰੈਲ ਦੀ ਕਿਸਾਨ ਮਜ਼ਦੂਰ ਮੋਰਚਾ ਭਾਰਤ (ਚੈਪਟਰ ਪੰਜਾਬ) ਦੀ ਐਮਰਜੈਂਸੀ ਮੀਟਿੰਗ ਦੇ ਫੈਸਲੇ ਦੀ ਰੋਸ਼ਨੀ ਵਿੱਚ ਵਰਨਣ ਕੀਤਾ ਗਿਆ ਕਿ ਪੰਜਾਬ ਦੀ ਸਰ ਜ਼ਮੀਨ ਦੇ ਦਰਜਨਾਂ ਪਿੰਡ ਉਜਾੜ ਕੇ, ਪੰਜਾਬ ਦੇ ਦਰਜਨਾਂ ਇੰਜੀਨੀਅਰਾਂ ਤੇ ਸੈਂਕੜੇ ਮਜ਼ਦੂਰਾਂ ਦੀਆਂ ਕੀਮਤੀ ਜਾਨਾਂ ਨਿਸਾ਼ਵਰ ਕਰਕੇ ਅਤੇ ਪੰਜਾਬ ਦੇ ਖਜ਼ਾਨੇ ਚੋਂ ਅਰਬਾਂ ਰੁਪਏ ਖਰਚ ਕੇ ਉਸਾਰੇ ਭਾਖੜਾ ਡੈਮ ਪ੍ਬੰਧਨ ਚੋਂ ਬੀਤੇ ਦਿਨੀਂ ਕੇਂਦਰ ਦੀ ਤਾਨਾਸ਼ਾਹ ਮੋਦੀ ਹਕੂਮਤ ਵੱਲੋਂ ਪੰਜਾਬ ਦੇ ਸੰਵਿਧਾਨਕ ਅਤੇ ਸੂਬੇ ਦੇ ਸੰਘੀ (ਫੈਡਰਲ ) ਅਧਿਕਾਰਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪੰਜਾਬ ਦੀ ਸਥਾਈ ਮੈਂਬਰੀ ਨੂੰ ਪੱਕੇ ਤੌਰ ਤੇ ਖਾਰਜ ਕੀਤੇ ਜਾਣ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਚ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਨੂੰ ਫੌਰੀ ਮੁੜ ਬਹਾਲ ਕਰਨ, ਬਲਕਿ ਇਸ ਦਾ ਪੂਰਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ। ਕਿਸਾਨ ਮਜ਼ਦੂਰ ਮੋਰਚਾ ਪੰਜਾਬ ਜਲਦੀ ਹੀ ਸਮੂਹ ਕਿਸਾਨ ਮੋਰਚਿਆਂ ਤੇ ਹੋਰ ਭਰਾਤਰੀ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਉਸੇ ਤਰ੍ਹਾਂ ਸਮੁੱਚੇ ਪੰਜਾਬੀਆਂ ਦਾ ਵਿਸ਼ਾਲ ਤੇ ਫ਼ੈਸਲਾ ਕੁੰਨ ਸੰਘਰਸ਼ ਵਿੱਢੇਗਾ ਜਿਵੇਂ ਕਿ ਪੰਜਾਬ ਯੂਨੀਵਰਸਿਟੀ ਬਚਾਓ ਜੇਤੂ ਮੋਰਚਾ ਲਾਇਆ ਗਿਆ ਸੀ ।ਜਥੇਬੰਦੀ ਨੇ ਪੰਜਾਬ ਸਰਕਾਰ ਵੱਲੋਂ ਭਾਖੜਾ ਡੈਮ ਮੁੱਦੇ ਸਬੰਧੀ ਦੜ ਵੱਟਣ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਇਸ ਮੌਕੇ ਦੂਜੇ ਮਤੇ ਰਾਹੀਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਪੰਜਾਬ ਦੀਆਂ ਸਾਉਣੀ ਦੀਆਂ ਫਸਲਾਂ ਲਈ ਨੇੜ ਭਵਿੱਖ ਚ ਲੋੜੀਂਦੇ 16 ਲੱਖ ਮੀਟ੍ਰਿਕ ਟਨ ਯੂਰੀਏ ਦੀ ਬਜਾਏ ਅੱਜ ਤੱਕ ਕੇਵਲ 4.80 ਮੀਟ੍ਰਿਕ ਟਨ ਯੂਰੀਏ ਦੀ ਆਮਦ ਵਿੱਚ ਭਾਰੀ ਕਿੱਲਤ ਨੂੰ ਫੌਰੀ ਤੌਰ ਤੇ ਦੂਰ ਕਰਵਾਉਣ ਲਈ ਹੁਣ ਤੋਂ ਹੀ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ, ਨਹੀਂ ਤਾਂ ਪੰਜਾਬ ਦੇ ਖੇਤੀ ਸੈਕਟਰ ਲਈ ਭਾਰੀ ਮੁਸ਼ਕਿਲਾਂ ਦਰ ਪੇਸ਼ ਹੋਣਗੀਆਂ। ਇਸੇ ਤਰ੍ਹਾਂ ਦੂਜੇ ਪਾਸੇ ਡੀਏਪੀ ਕੇਵਲ 15,000 ਟਨ ਹੀ ਪੰਜਾਬ ਚ ਪੁੱਜਾ ਹੈ। ਮੀਟਿੰਗ ਚ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਤਲਵੰਡੀ, ਗੁਰਦੀਪ ਸਿੰਘ ਸਵੱਦੀ ,ਤਜਿੰਦਰ ਸਿੰਘ ਬਿਰਕ ,ਗੁਰਦੇਵ ਸਿੰਘ ਢੱਟ ਡਾ.ਗੁਰਮੇਲ ਸਿੰਘ ਕੁਲਾਰ, ਲਛਮਣ ਸਿੰਘ ਸਿੱਧਵਾਂ, ਪ੍ਰਿਤਪਾਲ ਸਿੰਘ ਪੰਡੋਰੀ, ਗੁਰਚਰਨ ਸਿੰਘ ਮੰਡਿਆਣੀ ਅਤੇ ਅਮਰਜੀਤ ਸਿੰਘ ਖੰਜਰਵਾਲ ਉਚੇਚੇ ਤੌਰ ਤੇ ਸ਼ਾਮਿਲ ਹੋਏ।