ਪੀਏਯੂ ਦੇ ਵਿਦਿਆਰਥੀਆਂ ਨੇ ਹਾਸਿਲ ਕੀਤੇ ਵੱਕਾਰੀ ਪੁਰਸਕਾਰ
ਉਦਿਤ ਜੈਨ ‘ਸਰਵੋਤਮ ਜ਼ੁਬਾਨੀ ਪੇਪਰ ਪੇਸ਼ਕਾਰੀ ਪੁਰਸਕਾਰ’ ਨਾਲ ਸਨਮਾਨਿਤ
Publish Date: Tue, 21 Apr 2026 06:23 PM (IST)
Updated Date: Tue, 21 Apr 2026 06:25 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਦੇ ਬਾਇਓਤਕਨਾਲੋਜੀ ਵਿਭਾਗ ਦੇ ਦੋ ਵਿਦਿਆਰਥੀਆਂ ਨੂੰ ਬੀਤੇ ਦਿਨੀਂ ਤੂਲਾ ਸੰਸਥਾਨ ਦੇਹਰਾਦੂਨ ਵਿਖੇ ਅੱਠਵੀਂ ਪੌਦਾ ਵਿਗਿਆਨ ਖੋਜੀ ਇਕੱਤਰਤਾ ਵਿਚ ਰਾਸ਼ਟਰੀ ਪੱਧਰ ਦੇ ਵੱਕਾਰੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਪੀਐੱਚਡੀ ਦੀ ਖੋਜਾਰਥੀ ਸ਼ੈਲਾ ਸੇਪੀਆ ਨੂੰ ਯੁਵਾ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਐੱਮਐੱਸਸੀ ਦੀ ਵਿਦਿਆਰਥਣ ਰਮਣੀਕ ਕੌਰ ਨੂੰ ਨੌਜਵਾਨ ਖੋਜੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ਇਹ ਵਿਦਿਆਰਥਣਾਂ ਡਾ. ਯਦੂ ਸੁਨੇਜਾ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰ ਰਹੀਆਂ ਹਨ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਬਾਇਓਕਮਿਸਟਰੀ ਵਿਭਾਗ ਦੇ ਮੁਖੀ ਡਾ. ਸਤਵੀਰ ਕੌਰ ਗਰੇਵਾਲ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। -ਉਦਿਤ ਜੈਨ ‘ਸਰਵੋਤਮ ਜ਼ੁਬਾਨੀ ਪੇਪਰ ਪੇਸ਼ਕਾਰੀ ਪੁਰਸਕਾਰ’ ਨਾਲ ਸਨਮਾਨਿਤ ਪੀਏਯੂ ਦੇ ਕੰਪਿਊਟਰ ਵਿਗਿਆਨ ਵਿਭਾਗ ਵਿੱਚ ਨੌਕਰੀ ਦੌਰਾਨ ਪੀਐੱਚਡੀ ਕਰ ਰਹੇ ਵਿਦਿਆਰਥੀ ਉਦਿਤ ਜੈਨ ਨੂੰ ਬੀਤੇ ਦਿਨੀਂ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ਵਿਖੇ ਹੋਈ ਕੌਮਾਂਤਰੀ ਕਾਨਫਰੰਸ ਦੌਰਾਨ ਸਰਵੋਤਮ ਜ਼ੁਬਾਨੀ ਪੇਪਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਦਿਤ ਜੈਨ ਨੇ ਫਸਲਾਂ ਦੇ ਝਾੜ ਦੇ ਪੂਰਵ ਅਨੁਮਾਨ ਬਾਰੇ ਮਸਨੂਈ ਬੁੱਧੀ ਦੀ ਸਹਾਇਤਾ ਨਾਲ ਕੀਤੇ ਜਾਣ ਵਾਲੇ ਕਾਰਜ ਸੰਬੰਧੀ ਆਪਣਾ ਖੋਜ ਪੇਪਰ ਪੇਸ਼ ਕੀਤਾ ਸੀ। ਇਸ ਦੌਰਾਨ ਉਨਾਂ ਮਸਨੂਈ ਬੁੱਧੀ ਅਤੇ ਮਸ਼ੀਨ ਲਰਨਿੰਗ ਰਾਹੀਂ ਫਸਲਾਂ ਦੇ ਝਾੜ ਵਿੱਚ ਵਾਧੇ ਦੇ ਵਿਸ਼ਲੇਸ਼ਣ ਲਈ ਅੰਕੜਾ ਅਧਾਰਿਤ ਅਧਿਐਨ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਉਦਿਤ ਜੈਨ ਕੰਪਿਊਟਰ ਵਿਗਿਆਨ ਵਿਭਾਗ ਵਿੱਚ ਡਾ. ਓਪੀ ਗੁਪਤਾ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਜਾਰੀ ਰੱਖ ਰਹੇ ਹਨ। ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਉਦਿਤ ਜੈਨ ਦੇ ਨਿਗਰਾਨ ਡਾ. ਓਪੀ ਗੁਪਤਾ ਨੇ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਮਸਨੂਈ ਬੌਧਿਕਤਾ ਦੇ ਖੇਤਰ ਵਿੱਚ ਮਸ਼ੀਨ ਲਰਨਿੰਗ ਅਤੇ ਡਾਟਾ ਅਧਾਰਿਤ ਹੋਰ ਹੱਲ ਪੇਸ਼ ਕਰ ਸਕਣਗੇ ਜਿਸ ਨਾਲ ਫਸਲੀ ਝਾੜ ਬਾਰੇ ਪੂਰਵ ਅਨੁਮਾਨ ਲਾਇਆ ਜਾ ਸਕੇਗਾ।