ਪੀਏਯੂ ਨੇ ਓਰਗੋ ਲਾਈਫ ਪਲੱਸ ਨਾਲ ਕੀਤਾ ਕਰਾਰ
ਪੀਏਯੂ ਨੇ ਓਰਗੋ ਲਾਈਫ ਪਲੱਸ ਨਾਲ ਕੀਤਾ ਕਰਾਰ
Publish Date: Tue, 21 Apr 2026 06:22 PM (IST)
Updated Date: Tue, 21 Apr 2026 06:25 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਨੇ ਲੁਧਿਆਣਾ ਸਥਿੱਤ ਫਰਮ ਓਰਗੋ ਲਾਈਫ ਪਲੱਸ ਨਾਲ ਭੰਡਾਰਨ ਦੌਰਾਨ ਦਾਲਾਂ ਦੀ ਸੁਰੱਖਿਆ ਕਿੱਟ ਤਕਨੀਕ ਦੇ ਵਪਾਰੀਕਰਨ ਦੀ ਸੰਧੀ ਕੀਤੀ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਓਰਗੋ ਲਾਈਫ ਪਲੱਸ ਦੇ ਰਾਜਨ ਗੋਇਲ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸੰਧੀ ਪਾਈ। ਇਸ ਮੌਕੇ ਡਾ. ਢੱਟ ਨੇ ਇਸ ਤਕਨੀਕ ਦਾ ਵਿਕਾਸ ਕਰਨ ਵਾਲੀ ਵਿਗਿਆਨੀਆਂ ਦੀ ਟੀਮ ਡਾ. ਮਨਪ੍ਰੀਤ ਕੌਰ ਸੈਣੀ, ਡਾ. ਐੱਮਐੱਸ ਆਲਮ, ਡਾ. ਸੁਰੇਖਾ ਭਾਟੀਆ ਅਤੇ ਡਾ. ਅੰਜਲੀ ਸਿੱਧੂ ਨੂੰ ਵਧਾਈ ਦਿੱਤੀ। ਡਾ. ਮਨਪ੍ਰੀਤ ਕੌਰ ਸੈਣੀ ਨੇ ਇਸ ਮੌਕੇ ਦੱਸਿਆ ਕਿ ਇਹ ਸੁਰੱਖਿਆ ਕਿੱਟ ਸਟੋਰ ਕੀਤੀਆਂ ਦਾਲਾਂ ਨੂੰ ਕੀੜੇ-ਮਕੌੜਿਆਂ ਤੋਂ ਬਚਾਉਂਦੀ ਹੈ ਜੋ ਦਾਲਾਂ ਪਰਚੂਨ ਪੈਕਟਾਂ ਅਤੇ ਡੱਬਿਆਂ ਵਿੱਚ ਸਧਾਰਨ ਵਰਤੋਂ ਲਈ ਸੰਭਾਲੀਆਂ ਹੁੰਦੀਆਂ ਹਨ, ਨਾਲ ਹੀ ਇਹ ਕਿੱਟ ਵਿਗਿਆਨਕ ਅਤੇ ਵਾਤਾਵਰਨ ਪੱਖੀ ਸੁਰੱਖਿਆ ਦਾ ਸੁਮੇਲ ਹੈ। ਕਿੱਟ ਦੀ ਵਰਤੋਂ ਨਾਲ ਦਾਲਾਂ ਦੇ ਅਨਾਜੀ ਮਿਆਰ ਉੱਪਰ ਕੋਈ ਪ੍ਰਭਾਵ ਪਾਏ ਬਿਨਾਂ ਕੀੜਿਆਂ-ਮਕੌੜਿਆਂ ਤੋਂ ਸੁਰੱਖਿਆ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਰਾਹੀਂ ਦਾਲਾਂ ਦੀ ਸੰਭਾਲ ਸੌਖੀ ਅਤੇ ਸਸਤੇ ਤਰੀਕੇ ਨਾਲ ਕਿਸਾਨਾਂ, ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਵੱਲੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਕਿੱਟ ਦਾ ਗੁਣ ਇਹ ਵੀ ਹੈ ਕਿ ਇਹ ਕਿਸੇ ਖਤਰਨਾਕ ਰਸਾਇਣਕ ਰਹਿੰਦ-ਖੂੰਹਦ ਨੂੰ ਨਹੀਂ ਛੱਡਦੀ, ਨਾਲ ਹੀ ਇਸ ਕਿੱਟ ਦੀ ਤਕਨੀਕ ਦਾ ਵਿਕਾਸ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵੱਲੋਂ ਵਢਾਈ ਉਪਰੰਤ ਇੰਜਨੀਅਰਿੰਗ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਹੋਇਆ। ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੋਵਾਂ ਸੰਸਥਾਵਾਂ ਨੂੰ ਇਸ ਸਮਝੌਤੇ ਦੀ ਮੁਬਾਰਕਵਾਦ ਦਿੱਤੀ।