ਬਿੱਲ ਨੂੰ ਲਾਗੂ ਕਰਦੇ ਸਮੇਂ ਹਰ ਵਰਗ ਦਾ ਰੱਖਿਆ ਜਾਵੇ ਧਿਆਨ : ਮੁਹੰਮਦ ਗੁਲਾਬ
ਬਿੱਲ ਨੂੰ ਲਾਗੂ ਕਰਦੇ ਸਮੇਂ ਹਰ ਵਰਗ ਦਾ ਰੱਖਿਆ ਜਾਵੇ ਧਿਆਨ –ਮੁਹੰਮਦ ਗੁਲਾਬ
Publish Date: Fri, 17 Apr 2026 06:04 PM (IST)
Updated Date: Fri, 17 Apr 2026 06:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟ ਮੁਹੰਮਦ ਗੁਲਾਬ ਨੇ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣਾ ਇੱਕ ਸਰਾਹਣਯੋਗ ਕਦਮ ਹੈ ਪਰ ਇਸ ਵਿਚ ਘੱਟ ਗਿਣਤੀਆਂ ਅਤੇ ਹੋਰ ਪਿੱਛੜੇ ਵਰਗਾਂ ਦੀਆਂ ਔਰਤਾਂ ਨੂੰ ਵੱਖਰੇ ਤੌਰ ‘ਤੇ ਪ੍ਰਤੀਨਿਧਿਤਾ ਦੇਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਘੱਟ ਗਿਣਤੀ ਔਰਤਂ ਦੀ ਰਾਜਨੀਤਿਕ ਭਾਗੀਦਾਰੀ ਬਹੁਤ ਘੱਟ ਹੈ। ਅਜਿਹੇ ਵਿਚ ਜੇ ਉਨ੍ਹਾਂ ਨੂੰ ਵੱਖਰਾ ਰਾਖਵਾਂਕਰਨ ਨਹੀਂ ਦਿੱਤਾ ਗਿਆ ਤਾਂ ਉਹ ਇਸ ਬਿੱਲ ਦਾ ਪੂਰਾ ਲਾਭ ਨਹੀਂ ਲੈ ਸਕਣਗੀਆਂ। ਉਨ੍ਹਾਂ ਮੰਗ ਕੀਤੀ ਕਿ ਇਸ ਬਿੱਲ ਵਿਚ ਸਾਰੇ ਵਰਗਾਂ ਖ਼ਾਸ ਕਰਕੇ ਘੱਟ ਗਿਣਤੀ ਅਤੇ ਪਿੱਛੜੇ ਵਰਗਾਂ ਦੀਆਂ ਔਰਤਾਂ ਨੂੰ ਉਨ੍ਹਾਂ ਦੀ ਅਬਾਦੀ ਦੇ ਅਨੁਸਾਰ ਉਚਿਤ ਹਿੱਸੇਦਾਰੀ ਦਿੱਤੀ ਜਾਣੀ ਚਾਹੀਦੀ ਹੈ। ਮੁਹੰਮਦ ਗੁਲਾਬ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਹਿਲਾ ਸਸ਼ਕਤੀਕਰਨ ਤਦ ਹੀ ਸਾਰਥਕ ਹੋਵੇਗਾ ਜਦੋਂ ਸਮਾਜ ਦੇ ਹਰ ਵਰਗ ਦੀਆਂ ਔਰਤਾਂ ਨੂੰ ਇਕ ਸਮਾਨ ਮੌਕੇ ਮਿਲਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਸਮਾਜਿਕ ਨਿਆਂ ਅਤੇ ਸਮਾਨ ਪ੍ਰਤੀਨਿਧਿਤਾ ਦੀ ਹਮਾਇਤੀ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬਿੱਲ ਨੂੰ ਲਾਗੂ ਕਰਦੇ ਸਮੇਂ ਸਾਰੇ ਵਰਗਾਂ ਦੇ ਹਿੱਤਾਂ ਦਾ ਖ਼ਿਆਲ ਰੱਖਿਆ ਜਾਵੇ, ਤਾਂ ਜੋ ਲੋਕਤੰਤਰ ਵਿਚ ਹਰ ਔਰਤ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ।