ਬਾਈਕ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਪ੍ਰਾਪਰਟੀ ਕਾਰੋਬਾਰੀ ਦੇ ਘਰ ਦੇ ਬਾਹਰ ਕੀਤੀ ਫਾਇਰਿੰਗ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਐਤਵਾਰ ਤੜਕੇ ਲੁਧਿਆਣਾ ਦੇ ਬੇਗੋਆਣਾ ਪਿੰਡ ’ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਅਣਪਛਾਤਿਆਂ ਨੇ ਪ੍ਰਾਪਰਟੀ ਕਾਰੋਬਾਰੀ ਨੰਦ ਲਾਲ ਦੇ ਘਰ ਅੱਗੇ ਫਾਇਰਿੰਗ ਕੀਤੀ। ਨੰਦ ਲਾਲ ਦੇ ਘਰ ਦੀ ਕੰਧ ਤੇ ਬਾਲਕੋਨੀ ਦੇ ਸ਼ੀਸ਼ੇ ’ਤੇ ਗੋਲ਼ੀਆਂ ਲੱਗੀਆਂ। ਘਟਨਾ ਦੇ ਕੁੱਝ ਸਮੇਂ ਬਾਅਦ ਪਰਿਵਾਰ ਨੂੰ ਇਕ ਪਰਚੀ ਮਿਲੀ, ਜਿਸ ਉੱਪਰ ਗੈਂਗਸਟਰ ਕੌਸ਼ਲ ਚੌਧਰੀ ਗਰੁੱਪ ਦਾ ਨਾਮ ਲਿਖ ਕੇ ਪੰਜ ਕਰੋੜ ਰੁਪਏ ਲਿਖਿਆ ਹੋਇਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗੈਂਗਸਟਰ ਵੱਲੋਂ ਕਾਰੋਬਾਰੀ ਕੋਲੋਂ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਘਟਨਾ ਦੇ ਤੁਰੰਤ ਬਾਅਦ ਪ੍ਰਾਪਰਟੀ ਕਾਰੋਬਾਰੀ ਨੰਦ ਲਾਲ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਤਫਤੀਸ਼ ਸ਼ੁਰੂ ਕੀਤੀ। ਪੁਲਿਸ ਨੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਸ਼ਨਾਖਤ ਕਰ ਕੇ ਉਨਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਨੰਦ ਲਾਲ ਸਾਲ 2006 ’ਚ ਫੌਜ ’ਚੋਂ ਸੂਬੇਦਾਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ, ਜਿਸ ਤੋਂ ਬਾਅਦ ਉਹ ਰੀਅਲ ਅਸਟੇਟ ਨਾਲ ਸਬੰਧਤ ਕਾਰੋਬਾਰ ਕਰਨ ਲੱਗ ਪਏ। ਨੰਦ ਲਾਲ ਦੇ ਦੋ ਪੁੱਤਰ ਹਨ ਇਕ ਡਾਕਟਰ ਤੇ ਦੂਸਰਾ ਬੈਂਕ ਦਾ ਮੈਨੇਜਰ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਤੜਕੇ ਤਿੰਨ ਵਜੇ ਦੇ ਕਰੀਬ ਵਾਪਰੀ। ਲੋਕਾਂ ਮੁਤਾਬਕ ਦੋ ਮੋਟਰਸਾਈਕਲ ਲੁਹਾਰਾ ਪੁਲ਼ ਵਾਲੇ ਪਾਸਿਓਂ ਆਏ ਅਤੇ ਬਦਮਾਸ਼ਾਂ ਨੇ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲ਼ੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਜੀਐੱਨਈ ਕਾਲਜ ਵੱਲ ਫ਼ਰਾਰ ਹੋ ਗਏ। ਨੰਦ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਕਦੇ ਵੀ ਕੋਈ ਧਮਕੀ ਜਾਂ ਫਿਰੌਤੀ ਦੀ ਕਾਲ ਨਹੀਂ ਆਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੈ ਕਿ ਕੌਸ਼ਲ ਚੌਧਰੀ ਹੈ ਕੌਣ। ਨੰਦ ਲਾਲ ਮੁਤਾਬਕ ਘਰ ਦੇ ਬਾਹਰੋਂ ਉਨ੍ਹਾਂ ਨੂੰ ਇਕ ਪਰਚੀ ਮਿਲੀ ਹੈ, ਜਿਸ ’ਚ ਪੰਜ ਕਰੋੜ ਰੁਪਏ ਲਿਖਿਆ ਹੈ। ਨੰਦ ਲਾਲ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ।
16 ਖੋਲ ਤੇ ਇਕ ਕਾਰਤੂਸ ਬਰਾਮਦ
ਪੜਤਾਲ ਦੌਰਾਨ ਮੌਕੇ ਤੋਂ 16 ਖੋਲ ਤੇ ਇਕ ਕਾਰਤੂਸ ਬਰਾਮਦ ਕੀਤਾ ਗਿਆ ਹੈ। ਮਰਾਡੋ ਚੌਕੀ ਦੇ ਇੰਚਾਰਜ ਏਐੱਸਆਈ ਕਪਿਲ ਕੁਮਾਰ ਨੇ ਦੱਸਿਆ ਕਿ ਲਗਪਗ 20 ਰਾਊਂਡ ਫਾਇਰ ਕੀਤੇ ਗਏ ਸਨ। ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਗੈਂਗਸਟਰ ਕੌਸ਼ਲ ਚੌਧਰੀ ਦਾ ਇਸ ਘਟਨਾ ਨਾਲ ਕੋਈ ਸਬੰਧ ਹੈ ਜਾਂ ਨਹੀਂ। ਪੁਲਿਸ ਦਾ ਕਹਿਣਾ ਹੈ ਕਿ ਪੂਰੀ ਪੜਤਾਲ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਵੇਗਾ ਤੇ ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।