ਬਾਈਕ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਪ੍ਰਾਪਰਟੀ ਕਾਰੋਬਾਰੀ ਦੇ ਘਰ ਦੇ ਬਾਹਰ ਕੀਤੀ ਫਾਇਰਿੰਗ
ਬਾਈਕ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਪ੍ਰਾਪਰਟੀ ਕਾਰੋਬਾਰੀ ਦੇ ਘਰ ਦੇ ਬਾਹਰ ਕੀਤੀ ਫਾਇਰਿੰਗ
Publish Date: Sun, 19 Oct 2025 06:43 PM (IST)
Updated Date: Mon, 20 Oct 2025 04:00 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਐਤਵਾਰ ਤੜਕੇ ਲੁਧਿਆਣਾ ਦੇ ਬੇਗੋਆਣਾ ਪਿੰਡ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਪ੍ਰਾਪਰਟੀ ਕਾਰੋਬਾਰੀ ਨੰਦ ਲਾਲ ਦੇ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੀ। ਗੋਲੀਆਂ ਨੰਦ ਲਾਲ ਦੇ ਘਰ ਦੀ ਦੀਵਾਰ ਅਤੇ ਬਾਲਕੋਨੀ ਦੇ ਸ਼ੀਸ਼ੇ ਤੇ ਲੱਗੀਆਂ। ਘਟਨਾ ਦੇ ਕੁੱਝ ਸਮੇਂ ਬਾਅਦ ਪਰਿਵਾਰ ਨੂੰ ਇੱਕ ਪਰਚੀ ਮਿਲੀ ਜਿਸ ਉੱਪਰ ਗੈਂਗਸਟਰ ਕੌਸ਼ਲ ਚੌਧਰੀ ਗਰੁੱਪ ਦਾ ਨਾਮ ਲਿਖ ਕੇ ਪੰਜ ਕਰੋੜ ਰੁਪਏ ਲਿਖਿਆ ਹੋਇਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗੈਂਗਸਟਰ ਵੱਲੋਂ ਕਾਰੋਬਾਰੀ ਕੋਲੋਂ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਘਟਨਾ ਦੇ ਤੁਰੰਤ ਬਾਅਦ ਪ੍ਰਾਪਰਟੀ ਕਾਰੋਬਾਰੀ ਨੰਦ ਲਾਲ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਤਫਤੀਸ਼ ਸ਼ੁਰੂ ਕੀਤੀ। ਪੁਲਿਸ ਨੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਸ਼ਨਾਖਤ ਕਰਕੇ ਉਨਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਕਾਬਲੇਗੌਰ ਹੈ ਕਿ ਨੰਦ ਲਾਲ ਸਾਲ 2006 ਵਿੱਚ ਫੌਜ ਚੋਂ ਸੂਬੇਦਾਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ ਜਿਸ ਤੋਂ ਬਾਅਦ ਉਹ ਰੀਅਲ ਅਸਟੇਟ ਨਾਲ ਸੰਬੰਧਿਤ ਕਾਰੋਬਾਰ ਕਰਨ ਲੱਗ ਪਏ। ਨੰਦ ਲਾਲ ਦੇ ਦੋ ਪੁੱਤਰ ਹਨ ਇੱਕ ਡਾਕਟਰ ਤੇ ਦੂਸਰਾ ਬੈਂਕ ਦਾ ਮੈਨੇਜਰ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਤੜਕੇ ਤਿੰਨ ਵਜੇ ਦੇ ਕਰੀਬ ਵਾਪਰੀ। ਲੋਕਾਂ ਦੇ ਮੁਤਾਬਕ ਦੋ ਮੋਟਰਸਾਈਕਲ ਲੁਹਾਰਾ ਪੁਲ ਵਾਲੇ ਪਾਸਿਓਂ ਆਏ ਅਤੇ ਬਦਮਾਸ਼ਾਂ ਨੇ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਜੀਐਨਈ ਕਾਲਜ ਵੱਲ ਫਰਾਰ ਹੋ ਗਏ। ਨੰਦ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੋਂ ਕਦੇ ਵੀ ਕੋਈ ਧਮਕੀ ਜਾਂ ਫਰੌਤੀ ਦੀ ਕਾਲ ਨਹੀਂ ਸੀ ਆਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੈ ਕਿ ਕੌਸ਼ਲ ਚੌਧਰੀ ਹੈ ਕੌਣ। ਨੰਦ ਲਾਲ ਦੇ ਮੁਤਾਬਕ ਘਰ ਦੇ ਬਾਹਰੋਂ ਉਨ੍ਹਾਂ ਨੂੰ ਇੱਕ ਪਰਚੀ ਮਿਲੀ ਹੈ ਜਿਸ ਵਿੱਚ ਪੰਜ ਕਰੋੜ ਰੁਪਏ ਲਿਖਿਆ ਹੈ। ਨੰਦ ਲਾਲ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। -16 ਖਾਲੀ ਖੋਲ ਹੋਏ ਬਰਾਮਦ ਹੜਤਾਲ ਦੇ ਦੌਰਾਨ ਮੌਕੇ ਤੋਂ 16 ਖਾਲੀ ਖੋਲ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ। ਮਰਾਡੋ ਚੌਂਕੀ ਦੇ ਇੰਚਾਰਜ ਏਐਸਆਈ ਕਪਿਲ ਕੁਮਾਰ ਨੇ ਦੱਸਿਆ ਕਿ ਲਗਭਗ 20 ਰਾਊਂਡ ਫਾਇਰ ਕੀਤੇ ਗਏ ਸਨ। ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਗੈਂਗਸਟਰ ਕੌਸ਼ਲ ਚੌਧਰੀ ਦਾ ਇਸ ਘਟਨਾ ਨਾਲ ਕੋਈ ਸੰਬੰਧ ਹੈ ਜਾਂ ਨਹੀਂ। ਪੁਲਿਸ ਦਾ ਕਹਿਣਾ ਹੈ ਕਿ ਕੇਸ ਦੀ ਪੂਰੀ ਪੜਤਾਲ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਵੇਗਾ ਅਤੇ ਜਲਦੀ ਹੀ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ---