ਨਵੀਂ ਵਿਆਹੀ ਲੜਕੀ ਦੀ ਸ਼ੱਕੀ ਹਾਲਾਤ ’ਚ ਫਾਹੇ ਨਾਲ ਲਟਕਦੀ ਲਾਸ਼ ਬਰਾਮਦ
ਨਵੀਂ ਵਿਆਹੀ ਲੜਕੀ ਦੀ ਸ਼ੱਕੀ ਹਾਲਾਤ ਵਿੱਚ ਫੰਦੇ ਨਾਲ ਲਟਕਦੀ ਲਾਸ਼ ਬਰਾਮਦ
Publish Date: Fri, 22 May 2026 09:29 PM (IST)
Updated Date: Fri, 22 May 2026 09:31 PM (IST)

- ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ’ਤੇ ਲਾਏ ਕਤਲ ਦੇ ਦੋਸ਼ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਦੇ ਟਿੱਬਾ ਰੋਡ ਇਲਾਕੇ ਵਿੱਚ ਮੁਹੱਲਾ ਗੁਲਾਬੀ ਬਾਗ ਦੇ ਇੱਕ ਘਰ ਵਿੱਚ ਨਵੀਂ ਵਿਆਹੀ ਲੜਕੀ ਦੀ ਲਾਸ਼ ਸ਼ੱਕੀ ਹਾਲਤ ਵਿੱਚ ਕਮਰੇ ਅੰਦਰ ਪੱਖੇ ਦੀ ਹੁੱਕ ਨਾਲ ਲਟਕਦੀ ਬਰਾਮਦ ਹੋਈ। ਮ੍ਰਿਤਕਾ ਦੀ ਪਛਾਣ ਆਰਤੀ ਕੁਮਾਰੀ ਉਮਰ ਕਰੀਬ 24 ਸਾਲ ਦੇ ਰੂਪ ਵਿੱਚ ਹੋਈ ਹੈ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਆਰਤੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਣ ਮਗਰੋਂ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ। ਗੁਲਾਬੀ ਬਾਗ ਇਲਾਕੇ ਵਿੱਚ ਆਰਤੀ ਦੀ ਹੋਈ ਸ਼ੱਕੀ ਹਾਲਾਤ ਮੌਤ ਦੇ ਮਾਮਲੇ ਵਿੱਚ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਵਾਲਿਆਂ ਤੇ ਵਿਆਹੁਤਾ ਨੂੰ ਕਤਲ ਕਰਨ ਦੇ ਗੰਭੀਰ ਦੋਸ਼ ਲਾਏ। ਜਦਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਇਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਮਾਮਲਾ ਸਿੱਧੇ ਤੌਰ ’ਤੇ ਖੁਦਕੁਸ਼ੀ ਦਾ ਦੱਸਿਆ। ਮ੍ਰਿਤਕਾ ਦੇ ਭਰਾ ਤੇਜੂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੀ ਭੈਣ ਆਰਤੀ ਦਾ ਵਿਆਹ ਪਿਛਲੇ ਸਾਲ 14 ਅਪ੍ਰੈਲ ਨੂੰ ਗੁਲਾਬੀ ਬਾਗ ਦੇ ਰਹਿਣ ਵਾਲੇ ਜਤਿਨ ਕੁਮਾਰ ਨਾਲ ਹੋਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਸਹੁਰੇ ਪਰਿਵਾਰ ਦੇ ਮੈਂਬਰ ਉਸ ਦੀ ਭੈਣ ਆਰਤੀ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਕਰਨ ਲੱਗ ਗਏ ਸਨ। ਇਸ ਸਬੰਧੀ ਆਰਤੀ ਨੇ ਕਈ ਵਾਰ ਆਪਣੇ ਪੇਕੇ ਪਰਿਵਾਰ ਨਾਲ ਗੱਲਬਾਤ ਵੀ ਕੀਤੀ ਸੀ। ਤੇਜੂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ ਨੌਂ ਵਜੇ ਉਸ ਦੇ ਜੀਜੇ ਜਤਿਨ ਦੇ ਕਿਸੇ ਦੋਸਤ ਨੇ ਉਨ੍ਹਾਂ ਨੂੰ ਫੋਨ ਕਰ ਕੇ ਆਰਤੀ ਵੱਲੋਂ ਖੁਦਕਸ਼ੀ ਕਰਨ ਦਾ ਸੁਨੇਹਾ ਦਿੱਤਾ। ਆਰਤੀ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਵਾਲੇ ਤੁਰੰਤ ਜਤਿਨ ਦੇ ਘਰ ਪੁੱਜੇ ਤਾਂ ਵੇਖਿਆ ਕਿ ਆਰਤੀ ਦੀ ਲਾਸ਼ ਫਾਹੇ ਤੋਂ ਉਤਾਰ ਕੇ ਜ਼ਮੀਨ ’ਤੇ ਰੱਖੀ ਹੋਈ ਸੀ। ਪਰਿਵਾਰਕ ਮੈਂਬਰਾਂ ਮੁਤਾਬਿਕ ਆਰਤੀ ਖੁਦਕੁਸ਼ੀ ਵਰਗਾ ਕਦਮ ਨਹੀਂ ਚੁੱਕ ਸਕਦੀ ਸੀ, ਬਲਕਿ ਉਸ ਦਾ ਕਤਲ ਕਰ ਕੇ ਲਾਸ਼ ਨੂੰ ਪੱਖੇ ਨਾਲ ਟੰਗ ਕੇ ਖੁਦਕੁਸ਼ੀ ਦਾ ਮਾਮਲਾ ਬਣਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਥਾਣਾ ਟਿੱਬਾ ਪੁਲਿਸ ਵੱਲੋਂ ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਕੇ ਕਈ ਕੋਣਾਂ ਤੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਪੋਰਟ ਆਉਣ ਮਗਰੋਂ ਮੌਤ ਦੇ ਸਟੀਕ ਕਾਰਨਾਂ ਬਾਰੇ ਜਾਣਕਾਰੀ ਮਿਲ ਸਕੇਗੀ।