ਗਾਇਕਾ ਇੰਦਰ ਕੌਰ ਕਤਲਕਾਂਡ 'ਚ ਨਵਾਂ ਮੋੜ, ਮੈਡੀਕਲ ਰਿਪੋਰਟ ਆਈ ਸਾਹਮਣੇ, ਖੁੱਲ੍ਹ ਗਏ ਸਾਰੇ ਭੇਤ
ਪੰਜਾਬੀ ਗਾਇਕਾ ਇੰਦਰ ਕੌਰ ਦੇ ਸੰਸਨੀਖੇਜ ਕਤਲ ਮਾਮਲੇ ਵਿੱਚ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ। ਮਾਹਰ ਡਾਕਟਰ ਵੱਲੋਂ ਪੋਸਟਮਾਰਟਮ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਇੰਦਰ ਕੌਰ ਦੇ ਇਸ ਸੰਸਨੀਖੇਜ ਕਤਲ ਨੂੰ ਅੰਜਾਮ ਦੇਣ ਲਈ ਇਕ ਨਹੀਂ, ਬਲਕਿ ਦੋ ਗੋਲੀਆਂ ਮਾਰੀਆਂ ਗਈਆਂ। ਇੱਕ ਗੋਲੀ ਇੰਦਰ ਕੌਰ ਦੇ ਮੱਥੇ ਵਿੱਚ ਲੱਗ ਕੇ ਖੋਪੜੀ ਅੰਦਰ ਹੀ ਫਸੀ ਰਹਿ ਗਈ, ਜਦਕਿ ਦੂਜੀ ਗੋਲੀ ਛਾਤੀ ਦੇ ਸੱਜੇ ਹਿੱਸੇ ਤੋਂ ਆਰ-ਪਾਰ ਹੋ ਗਈ।
Publish Date: Fri, 22 May 2026 10:12 PM (IST)
Updated Date: Sat, 23 May 2026 11:01 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬੀ ਗਾਇਕਾ ਇੰਦਰ ਕੌਰ ਦੇ ਸੰਸਨੀਖੇਜ ਕਤਲ ਮਾਮਲੇ ਵਿੱਚ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ। ਮਾਹਰ ਡਾਕਟਰ ਵੱਲੋਂ ਪੋਸਟਮਾਰਟਮ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਇੰਦਰ ਕੌਰ ਦੇ ਇਸ ਸੰਸਨੀਖੇਜ ਕਤਲ ਨੂੰ ਅੰਜਾਮ ਦੇਣ ਲਈ ਇਕ ਨਹੀਂ, ਬਲਕਿ ਦੋ ਗੋਲੀਆਂ ਮਾਰੀਆਂ ਗਈਆਂ। ਇੱਕ ਗੋਲੀ ਇੰਦਰ ਕੌਰ ਦੇ ਮੱਥੇ ਵਿੱਚ ਲੱਗ ਕੇ ਖੋਪੜੀ ਅੰਦਰ ਹੀ ਫਸੀ ਰਹਿ ਗਈ, ਜਦਕਿ ਦੂਜੀ ਗੋਲੀ ਛਾਤੀ ਦੇ ਸੱਜੇ ਹਿੱਸੇ ਤੋਂ ਆਰ-ਪਾਰ ਹੋ ਗਈ।
ਦੱਸ ਦਈਏ ਕਿ ਇੰਦਰ ਕੌਰ ਦੀ ਲਾਸ਼ ਦਾ ਪੋਸਟਮਾਰਟਮ ਲੁਧਿਆਣਾ ਸਿਵਲ ਹਸਪਤਾਲ ਵਿਖੇ ਡਾ. ਵਿਸ਼ਾਲ ਚੋਪੜਾ, ਡਾ. ਕਰਨ ਅਤੇ ਡਾ. ਮਨਦੀਪ ਦੀ ਤਿੰਨ ਮੈਂਬਰੀ ਬੋਰਡ ਵੱਲੋਂ ਕੀਤਾ ਗਿਆ। ਪੋਸਟਮਾਰਟਮ ਮਗਰੋਂ ਲਾਸ਼ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ ਅਤੇ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਭਲਕੇ ਮ੍ਰਿਤਕਾ ਦੇ ਕਤਲ ਮਾਮਲੇ ਵਿੱਚ ਐਡਵੋਕੇਟ ਹਰ ਕਮਲ ਨੇ ਪ੍ਰੈੱਸ ਕਾਨਫਰੰਸ ਵਿੱਚ ਕਈ ਅਹਿਮ ਸਵਾਲ ਖੜ੍ਹੇ ਕੀਤੇ ਸਨ. ਜਿਸ ਵਿੱਚ ਸੁਖਵਿੰਦਰ ਸਿੰਘ ਉਰਫ ਸੁੱਖਾ ਨੂੰ ਨੇਪਾਲ ਰਾਹੀਂ ਲੁਧਿਆਣਾ ਤੱਕ ਲੈ ਕੇ ਆਉਣ ਵਾਲਿਆਂ ਅਤੇ ਵਾਰਦਾਤ ਮਗਰੋਂ ਉਸੇ ਰੂਟ ਰਾਹੀਂ ਕੈਨੇਡਾ ਫ਼ਰਾਰ ਕਰਵਾਉਣ ਵਿੱਚ ਮਦਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਅਤੇ ਸੁੱਖਾ ਦੇ ਦੱਸੇ ਜਾ ਰਹੇ ਲਾਇਸੈਂਸੀ ਅਸਲੇ ਦਾ ਲਾਇਸੈਂਸ ਵਿਦੇਸ਼ ਵਿੱਚ ਰਹਿਣ ਦੇ ਬਾਵਜੂਦ ਕੈਂਸਲ ਨਾ ਕੀਤੇ ਜਾਣ ’ਤੇ ਸਵਾਲੀਆ ਨਿਸ਼ਾਨ ਲਾਇਆ ਗਿਆ ਸੀ। ਜਦਕਿ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖਾ ਦੇ ਵਕੀਲ ਨੇ ਵੀ ਪੁਲਿਸ ਪੜਤਾਲ ਉੱਤੇ ਸਵਾਲੀਆ ਨਿਸ਼ਾਨ ਲਾਏ ਹਨ।
ਬਚਾਅ ਪੱਖ ਮੁਤਾਬਿਕ ਮ੍ਰਿਤਕਾ ਇੰਦਰ ਕੌਰ ਦੇ ਬੈਂਕ ਖਾਤਿਆਂ ਵਿੱਚ ਸੁਖਵਿੰਦਰ ਸਿੰਘ ਉਰਫ ਸੁਖੀ ਵੱਲੋਂ 60 ਲੱਖ ਤੋਂ ਵੀ ਵੱਧ ਪੈਸੇ ਦੀ ਟਰਾਂਜੈਕਸ਼ਨ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਦੱਸਿਆ ਜਾਂਦਾ ਸੁੱਖਾ ਪੰਜਾਬ ਆਇਆ ਵੀ ਸੀ ਜਾਂ ਨਹੀਂ ਇਸ ਬਾਰੇ ਕੋਈ ਠੋਸ ਸਬੂਤ ਅਜੇ ਤੱਕ ਪੇਸ਼ ਨਹੀਂ ਕੀਤੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਇੰਦਰ ਕੌਰ ਚੰਗੀ ਤਰ੍ਹਾਂ ਜਾਣਦੀ ਸੀ ਕਿ ਸੁੱਖਾ ਪਹਿਲਾਂ ਤੋਂ ਸ਼ਾਦੀਸ਼ੁਦਾ ਹੈ ਅਤੇ ਸੁੱਖਾ ਨੇ ਕਦੇ ਉਸ ਕੋਲੋਂ ਆਪਣੇ ਵਿਆਹ ਦੀ ਗੱਲ ਕਦੇ ਲੁਕਾਈ ਵੀ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇੰਦਰ ਕੌਰ ਦੀ ਮੌਤ ਖੁਦਕੁਸ਼ੀ ਦਾ ਮਾਮਲਾ ਸੀ, ਪਰ ਇਸ ਨੂੰ ਜ਼ਬਰਦਸਤੀ ਕਤਲ ਦਾ ਮਾਮਲਾ ਬਣਾ ਕੇ ਸੁੱਖਾ ਅਤੇ ਉਸ ਦੇ ਪਰਿਵਾਰ ਨੂੰ ਬੇਵਜਾ ਫਸਾਇਆ ਜਾ ਰਿਹਾ ਹੈ।