ਐੱਸਜੀਐੱਨ ਇੰਟਰਨੈਸ਼ਨਲ ਸਕੂਲ ’ਚ ਨਵੀਂ ਐੱਨਸੀਸੀ ਯੂਨਿਟ ਦਾ ਉਦਘਾਟਨ
ਐਸਜੀਐਨ ਇੰਟਰਨੈਸ਼ਨਲ ਸਕੂਲ ਵਿਖੇ ਨਵੀਂ ਐਨਸੀਸੀ ਯੂਨਿਟ ਦਾ ਉਦਘਾਟਨ
Publish Date: Thu, 25 Sep 2025 06:25 PM (IST)
Updated Date: Fri, 26 Sep 2025 04:03 AM (IST)

ਰਵੀ, ਪੰਜਾਬੀ ਜਾਗਰਣ, ਲੁਧਿਆਣਾ ਐੱਸਜੀਐੱਨ ਸਕੂਲ ਵਿਖੇ ਨਵੀਂ ਐੱਨਸੀਸੀ ਯੂਨਿਟ ਦਾ ਉਦਘਾਟਨ 3 ਪੰਜਾਬ ਬਟਾਲੀਅਨ ਐੱਨਸੀਸੀ ਦੇ ਕਮਾਂਡਿੰਗ ਅਫ਼ਸਰ ਕਰਨਲ ਰੋਹਿਤ ਖੰਨਾ ਤੇ ਐੱਸਐੱਮ ਕਰਨੈਲ ਸਿੰਘ ਨੇ ਕੀਤਾ। ਕਰਨਲ ਰੋਹਿਤ ਖੰਨਾ ਨੇ ਕਿਹਾ ਕਿ ਇਹ ਨਾ ਸਿਰਫ਼ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਦੀ ਮੁੱਖ ਧਾਰਾ ਨਾਲ ਜੋੜੇਗਾ ਬਲਕਿ ਲੀਡਰਸ਼ਿਪ ਹੁਨਰ, ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਵਿਕਸਤ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਨੈਸ਼ਨਲ ਕੈਡੇਟ ਕੋਰ ਸਿਰਫ਼ ਇੱਕ ਸਿਖਲਾਈ ਸੰਸਥਾ ਨਹੀਂ ਹੈ, ਸਗੋਂ ਇੱਕ ਸ਼ਕਤੀਸ਼ਾਲੀ ਪਲੇਟਫਾਰਮ ਹੈ, ਜੋ ਨੌਜਵਾਨਾਂ ਨੂੰ ਦੇਸ਼ ਭਗਤੀ, ਸੇਵਾ ਤੇ ਆਤਮ-ਵਿਸ਼ਵਾਸ ਸਿਖਾਉਂਦਾ ਹੈ। ਐੱਨਸੀਸੀ ਦਾ ਤਜਰਬਾ ਜੀਵਨ ਭਰ ਦਾ ਤਜਰਬਾ ਬਣਿਆ ਰਹਿੰਦਾ ਹੈ ਤੇ ਨੌਜਵਾਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਦਾ ਹੈ। ਇਸ ਮੌਕੇ ਸਕੂਲ ਡਾਇਰੈਕਟਰ ਚੰਦਰ ਮੋਹਨ ਸ਼ਰਮਾ ਨੇ ਕਿਹਾ ਕਿ ਸਕੂਲ ’ਚ ਐੱਨਸੀਸੀ ਯੂਨਿਟ ਦੀ ਸਥਾਪਨਾ ਮਾਣ ਵਾਲੀ ਗੱਲ ਹੈ। ਇਹ ਕਦਮ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਅਨੁਸ਼ਾਸਨ, ਲੀਡਰਸ਼ਿਪ ਤੇ ਸਮਾਜਿਕ ਜ਼ਿੰਮੇਵਾਰੀ ਵੱਲ ਲੈ ਜਾਵੇਗਾ। ਸਮਾਰੋਹ ’ਚ ਵਿਦਿਆਰਥੀਆਂ ਨੇ ਗੀਤ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੂਬੇਦਾਰ ਰਸ਼ਪਾਲ ਸਿੰਘ, ਹੌਲਦਾਰ ਤਲਵਿੰਦਰ ਸਿੰਘ, ਹੌਲਦਾਰ ਅਮਨ ਚੌਧਰੀ, ਪ੍ਰਿੰਸੀਪਲ ਸੀਮਾ ਜੋਸ਼ੀ ਤੇ ਸਟਾਫ਼ ਮੈਂਬਰ ਮੌਜੂਦ ਸਨ।