ਨੀਟ ਯੂਜੀ 2026 ਦੀ ਪ੍ਰੀਖਿਆ ਸਫਲਤਾ ਪੂਰਵਕ ਸੰਪੰਨ
ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (ਨੀਟ ਯੂਜੀ 2026) ਦੀ ਪ੍ਰੀਖਿਆ ਸਫਲਤਾ ਪੂਰਵਕ ਹੋਈ
Publish Date: Sun, 03 May 2026 07:07 PM (IST)
Updated Date: Mon, 04 May 2026 04:14 AM (IST)

ਰਵੀ, ਪੰਜਾਬੀ ਜਾਗਰਣ ਲੁਧਿਆਣਾ : ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (ਨੀਟ ਯੂਜੀ 2026) ਦੀ ਪ੍ਰੀਖਿਆ ਦੇਣ ਲਈ ਭਾਰਤ ਭਰ ਚੋਂ ਪ੍ਰੀਖਿਆਰਥੀ 3 ਮਈ (ਐਤਵਾਰ) ਨੂੰ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਤੇ ਪ੍ਰੀਖਿਆ ਦੇਣ ਲਈ ਪਹੁੰਚੇ। ਨੀਟ ਯੂਜੀ ਦੀ ਪ੍ਰੀਖਿਆ ਇੱਕ ਦਿਨ ਅਤੇ ਇੱਕ ਹੀ ਸ਼ਿਫਟ ਵਿੱਚ ਕਰਵਾਈ ਗਈ। ਨੀਟ ਯੂਜੀ 2026 ਦੀ ਪ੍ਰੀਖਿਆ ਲਈ ਲੁਧਿਆਣਾ ਦੇ 15 ਸਕੂਲ ਅਤੇ ਕਾਲਜਾਂ ਵਿੱਚ ਪ੍ਰੀਖਿਆ ਕੇਂਦਰਾਂ ਸਥਾਪਿਤ ਕੀਤੇ ਗਏ ਜਿਨ੍ਹਾਂ ਵਿੱਚ ਹਜ਼ਾਰਾਂ ਨੌਜਵਾਨ ( ਮੁੰਡੇ/ਕੁੜੀਆਂ) ਪ੍ਰੀਖਿਆ ਦੇਣ ਲਈ ਪਹੁੰਚੇ। ਡਾਕਟਰ ਬਣਨ ਅਤੇ ਮੈਡੀਕਲ ਕਾਲਜਾਂ ’ਚ ਐਮਬੀਬੀਐਸ, ਬੀਡੀਐਸ, ਬੀਏਐਮਐਸ, ਬੀਐਚਐਮਐਸ ਅਤੇ ਹੋਰ ਕੋਰਸਾਂ ਵਿੱਚ ਦਾਖਲਾ ਲੈਣ ਦੇ ਇੱਛੁਕ ਪ੍ਰੀਖਿਆਰਥੀਆਂ ਚ ਨੀਟ (ਯੂਜੀ) ਦੀ ਇਸ ਪ੍ਰੀਖਿਆ ਲਈ ਭਾਰੀ ਉਤਸ਼ਾਹ ਸੀ। ਪ੍ਰੀਖਿਆ ਕੇਂਦਰਾਂ ਚ ਦਾਖਲ ਹੋਣ ਤੋਂ ਪਹਿਲਾਂ ਪ੍ਰੀਖਿਆਰਥੀਆਂ ਦੇ ਰੋਲ ਨੰਬਰ, ਪਹਿਚਾਣ ਪੱਤਰ ਆਦੀ ਜਾਂਚਣ ਤੋਂ ਬਾਅਦ ਹੀ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਅੰਦਰ ਜਾਣ ਦਿੱਤਾ ਗਿਆ। ਡਾਕਟਰ ਬਣਨ ਅਤੇ ਮੈਡੀਕਲ ਕਾਲਜਾਂ ਚ ਦਾਖਲਾ ਲੈਣ ਦੀ ਉਮੀਦ ਅਤੇ ਸੁਪਨਿਆਂ ਨੂੰ ਆਪਣਿਆਂ ਮਨਾਂ ਵਿੱਚ ਲੈ ਕੇੇ ਪਹੁੰਚੇ ਪ੍ਰੀਖਿਆਰਥੀ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰੀਖਿਆ ਕੇਂਦਰ ਦੇ ਬਾਹਰ ਪਹੁੰਚ ਚੁੱਕੇ ਸਨ, ਜਦ ਕਿ ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਦੁਪਹਿਰ 2 ਵਜੇ ਦਾ ਸੀ। ਪ੍ਰੀਖਿਆਰਥੀਆਂ ਦੇ ਪ੍ਰੀਖਿਆ ਸੈਂਟਰਾਂ ਚ ਦਾਖਿਲ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮ 5 ਵਜੇ ਪ੍ਰੀਖਿਆ ਖਤਮ ਹੋਣ ਤੱਕ ਪ੍ਰੀਖਿਆ ਕੇਂਦਰਾਂ ਦੇ ਬਾਹਰ ਹੀ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ। ਸੁਰੱਖਿਆ ਨੂੰ ਮੁੱਖ ਰੱਖਦਿਆਂ ਪ੍ਰੀਖਿਆ ਕੇਂਦਰਾਂ ਦੇ ਬਾਹਰ ਅਤੇ ਅੰਦਰ ਪੁਲਿਸ ਮੁਲਾਜ਼ਮਾਂ ਦੇ ਨਾਲ ਨਾਲ ਸਕੂਲ ਪ੍ਰਬੰਧਕ ਵੀ ਆਪਣੀ ਡਿਊਟੀ ਬਖੂਬੀ ਨਿਭਾ ਰਹੇ ਸਨ। ਦੱਸਣ ਯੋਗ ਹੈ ਕਿ ਜਿੰਨ੍ਹਾ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਮੈਡੀਕਲ ਸਟਰੀਮ ਵਿੱਚ ਪਾਸ ਕੀਤੀ ਸੀ, ਉਹ ਵਿਦਿਆਰਥੀ ਨੀਟ ਯੂਜੀ ਦੀ ਪ੍ਰੀਖਿਆ ਦੇ ਸਕਦੇ ਸਨ। ਮਿਲੀ ਜਾਣਕਾਰੀ ਮੁਤਾਬਕ ਨੀਟ ਯੂਜੀ ਦਾ ਪੇਪਰ 720 ਅੰਕਾਂ ਦਾ ਸੀ ਜਿਸ ਵਿੱਚ ਜੀਵ ਵਿਗਿਆਨ ਦੇ 90, ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਨੇ 45/45 ਸਵਾਲ ਸਨ।