ਨਰੇਸ਼ ਧੀਂਗਾਨ ਬਣੇ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ

-ਪਾਵਨ ਵਾਲਮੀਕਿ ਤੀਰਥ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ ਆਦਿ ਧਰਮ ਮਹਾਪਰਵ
-ਰਾਸ਼ਟਰੀ ਪ੍ਰਤਿਨਿਧੀ ਸੰਮੇਲਨ ਦੌਰਾਨ ਕੀਤੀਆਂ ਗਈਆਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ
---
ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਰਜਿ: ਭਾਵਾਧਸ ਭਾਰਤ ਦੀ ਵੱਲੋਂ 62 ਵਾਂ ਆਦਿ ਧਰਮ ਮਹਾਂਪਰਵ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਪਾਵਨ ਵਾਲਮੀਕਿ ਤੀਰਥ ਵਿੱਚ ਸਫਲਤਾਪੂਰਵਕ ਸੰਪੰਨ ਹੋਇਆ। ਇਸ ਸਫਲ ਆਦਿ ਧਰਮ ਮਹਾਂਪਰਵ ਅਤੇ ਰਾਸ਼ਟਰੀ ਪ੍ਰਤਿਨਿਧੀ ਸੰਮੇਲਨ ਵਿੱਚ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। 62ਵੇਂ ਆਦਿ ਧਰਮ ਮਹਾਂਪਰਵ ਅਤੇ ਰਾਸ਼ਟਰੀ ਪ੍ਰਤਿਨਿਧੀ ਸੰਮੇਲਨ ਵਿੱਚ ਭਾਵਾਧਸ ਦੇ ਸਰਵਉੱਚ ਨਿਰਦੇਸ਼ਕ ਵੀਰੇਸ਼ ਨਰੇਸ਼ ਧੀਂਗਾਨ ਵੱਲੋਂ ਆਦਿ ਧਰਮ ਗੁਰੂ ਸਵਾਮੀ ਚੰਦਰਪਾਲ ਅਨਾਰਿਆ ਦੇ ਬ੍ਰਹਮਲੀਨ ਹੋਣ ਤੋਂ ਬਾਅਦ, ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਸ਼ਿਵ ਅਨਾਰਿਆ ਨੂੰ ਧਰਮ ਗੁਰੂ ਐਲਾਨਦਿਆਂ ‘ਸਵਾਮੀ’ ਦੀ ਉਪਾਧੀ ਦਿੱਤੀ ਗਈ। ਜਿਸ ਨਾਲ ਹੁਣ ਤੋਂ ਸਵਾਮੀ ਸ਼ਿਵ ਅਨਾਰਿਆ ਨੂੰ ਭਾਵਾਧਸ ਭਾਰਤ ਦੇ ਧਰਮ ਗੁਰੂ ਵਜੋਂ ਸੰਬੋਧਿਤ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਵੀਰੋਤਮ ਰਾਮ ਲਾਲ ਕਲਿਆਣ ਨੂੰ ਸਰਵਉੱਚ ਨਿਰਦੇਸ਼ਕ ਤੇ ਵੀਰੇਸ਼ ਨਰੇਸ਼ ਧੀਂਗਾਨ ਨੂੰ ਰਾਸ਼ਟਰੀ ਮੁੱਖ ਸੰਚਾਲਕ, ਵੀਰੋਤਮ ਦਿਨੇਸ਼ ਗਹਲੋਤ ਰਾਸ਼ਟਰੀ ਮਹਾਂ ਮੰਤਰੀ ਨਿਯੁਕਤ ਕੀਤੇ ਗਏ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਆਏ ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਭਾਰਤ ਸਰਕਾਰ, ਰਾਜਵੀਰ ਬੋਧ ਰਾਜ ਸਭਾ ਮੈਂਬਰ, ਡਾਕਟਰ ਰਾਜ ਕੁਮਾਰ ਵੇਰਕਾ ਸਾਬਕਾ ਕੈਬਿਨਟ ਮੰਤਰੀ, ਕੇ ਪੀ ਚੌਧਰੀ ਸ਼ਾਮਲ ਹੋਏ। ਇਸ ਦੌਰਾਨ ਸਾਬਕਾ ਵਿਧਾਇਕ ਲਤਿਕਾ ਸ਼ਰਮਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਦਿਲੋਂ ਵਧਾਈ ਦਿੱਤੀ। ਇਸ ਆਦਿ ਧਰਮ ਮਹਾਂਪਰਵ ਦਾ ਆਦਿ ਸ਼ੰਭੂਕ ਪਾਵਨ ਮੁਕਤੀ-ਮਾਲਾ ਨਾਲ ਸ਼ੁਰੂਆਤ ਹੋਈ ਅਤੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪਾਵਨ ਭਜਨਾਂ ਦਾ ਗੁਣਗਾਨ ਵੀਰ ਸੰਦੀਪ ਕੁਲਾਰ ਜਥਾ ਕੁਲਾਰਾਂ ਵਾਲੇ ਅਤੇ ਵੀਰ ਰਵੀ ਗਿੱਲ ਭਜਨ ਪਾਰਟੀ ਵੱਲੋਂ ਵਾਲਮੀਕਿ-ਮਈ ਮਿੱਠੇ ਭਜਨਾਂ ਦਾ ਗੁਣਗਾਨ ਕਰਕੇ, ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਤੋਂ ਆਏ ਸਮੂਹ ਸੰਗਤ ਨੂੰ ਆਨੰਦਮਈ ਬਣਾਇਆ ਗਿਆ। ਉਨ੍ਹਾਂ ਵਾਲਮੀਕਿ (ਆਦਿ) ਧਰਮ, ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਸੋਚਾਂ ਸਾਹਮਣੇ ਸਿੱਖਿਆ ਪ੍ਰਾਪਤ ਹੋਵੋ, ਸੰਗਠਿਤ ਰਹੋ ਅਤੇ ਸੰਘਰਸ਼ ਕਰੋ ਵਰਗੀਆਂ ਅਨਮੋਲ ਸੋਚਾਂ ਨਾਲ ਜੋੜਿਆ ਗਿਆ। ਇਸ ਮੌਕੇ ’ਤੇ ਸਰਵਉਚ ਧਰਮਰਤਨ ਆਦਿ ਧਰਮ ਗੁਰੂ, ਬ੍ਰਹਮਲੀਨ ਸਵਾਮੀ ਚੰਦਰਪਾਲ ਅਨਾਰਿਆ ਦੇ ਪੰਚ ਤੱਤ ਵਿੱਚ ਵਿਲੀਨ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਧਰਮ ਰਤਨ ਸਨਮਾਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਸਾਬਕਾ ਰਾਸ਼ਟਰੀ ਸੰਯੁਕਤ ਮੰਤਰੀ ਵੀਰਸ੍ਰੇਸ਼ਠ ਸਤੀਸ਼ ਢਿਲੋਡ, ਸਾਬਕਾ ਰਾਸ਼ਟਰੀ ਕਾਰਕਾਰਨੀ ਮੈਂਬਰ ਵੀਰ ਰਮੇਸ਼ ਡਬਰਾਲ ਸਹਾਰਨਪੁਰ, ਬ੍ਰਹਮਲੀਨ ਵੀਰ ਅਸ਼ੋਕ ਉੱਜੈਨਵਾਲ ਦਿੱਲੀ, ਬ੍ਰਹਮਲੀਨ ਵੀਰ ਦੀਪਚੰਦ ਕਚੋਟੀਆ ਦਿੱਲੀ, ਬ੍ਰਹਮਲੀਨ ਵੀਰ ਬਿੱਟੂ ਡੁਲਗਚ ਲੁਧਿਆਣਾ, ਬ੍ਰਹਮਲੀਨ ਵੀਰਾਂਗੀ ਲਕਸ਼ਮੀ ਦੇਵੀ ਖੈਰਥਲ ਰਾਜਸਥਾਨ ਦੇ ਬ੍ਰਹਮਲੀਨ (ਮੌਤ) ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਧਰਮ ਰਤਨ ਸਨਮਾਨ ਦਿੱਤਾ ਗਿਆ। ਆਦਿ ਧਰਮ ਮਹਾਂਪਰਵ ਦੇ ਪਾਵਨ ਮੌਕੇ ’ਤੇ ਭਾਵਾਧਸ ਦੇ ਰਾਸ਼ਟਰੀ ਪ੍ਰਤੀਨਿਧੀ ਅਧਿਵੇਸ਼ਨ ਵਿੱਚ ਨਵ ਨਿਯੁਕਤ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ, ਧਰਮ ਗੁਰੂ ਸਵਾਮੀ ਸ਼ਿਵ ਅਨਾਰਯ, ਸਰਬਉੱਚ ਨਿਰਦੇਸ਼ਕ ਵੀਰੋਤਮ ਰਾਮ ਲਾਲ ਕਲਿਆਣ ਅਤੇ ਰਾਸ਼ਟਰੀ ਮਹਾਂ ਮੰਤਰੀ ਵੀਰੋਤਮ ਦਿਨੇਸ਼ ਗਹਿਲੋਤ ਸਮੇਤ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਉਤਰਾਖੰਡ, ਗੁਜਰਾਤ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਸਮੇਤ ਵੱਖ-ਵੱਖ ਰਾਜਾਂ ਤੋਂ ਆਏ ਹਜ਼ਾਰਾਂ ਆਗੂਆਂ ਅਤੇ ਸੰਗਤ ਨੇ ਇਸ ਸਮਾਗਮ ਵਿੱਚ ਭਾਗ ਲਿਆ।
ਸਮਾਗਮ ਤੋਂ ਬਾਅਦ ਲੁਧਿਆਣਾ ਪੁੱਜੇ ਭਾਵਾਧਸ ਦੇ ਨਵ ਨਿਯੁਕਤ ਰਾਸ਼ਟਰੀ ਮੁੱਖ ਸੰਚਾਲਕ ਨਰੇਸ਼ ਧੀਂਗਾਨ ਨੇ ਦੱਸਿਆ ਕਿ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਏ ਆਗੂਆਂ ਨੇ ਭਾਵਾਧਸ ਦੇ 62ਵੇਂ ਸਥਾਪਨਾ ਦਿਵਸ ਨੂੰ ਸਮ੍ਰਪਿਤ ਆਦਿ ਧਰਮ ਮਹਾਂਪਰਵ ਅਤੇ ਰਾਸ਼ਟਰੀ ਪ੍ਰਤਿਨਿਧੀ ਅਧਿਵੇਸ਼ਨ ਨੂੰ ਸਫਲ ਬਨਾਉਣ ਲਈ ਆਪਣਾ ਸਹਿਯੋਗ ਦਿੱਤਾ। ਉਨ੍ਹਾਂ ਦੇ ਲੁਧਿਆਣਾ ਪੁੱਜਣ ਤੇ ਜ਼ਿਲ੍ਹਾ ਯੂਨਿਟ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।