ਰੂਹ ਦੀ ਖੁਰਾਕ ਹੈ ਨਾਮ ਸਿਮਰਨ : ਸੰਤ ਅਮੀਰ ਸਿੰਘ
ਰੂਹ ਦੀ ਖੁਰਾਕ ਹੈ ਨਾਮ ਸਿਮਰਨ-ਸੰਤ ਅਮੀਰ ਸਿੰਘ
Publish Date: Sun, 26 Apr 2026 05:59 PM (IST)
Updated Date: Sun, 26 Apr 2026 06:01 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗੁਰਬਾਣੀ, ਗੁਰ ਇਤਿਹਾਸ ਦੇ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆ। ਸਮਾਗਮ ਦੀ ਅਰੰਭਤਾ ਗੁਰ ਸ਼ਬਦ ਕੀਰਤਨ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ। ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸੰਗਤਾਂ ਦੇ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਮਝਾਇਆ ਕਿ ਨਾਮ ਸਿਮਰਨ ਆਤਮਾ ਦਾ ਸਫਰ ਹੈ, ਜਿਸ ਦੇ ਆਸਰੇ ਅਸਥੁਲ ਮਨ ਸੂਖਸ਼ਮ ਮੰਡਲ ਵਿਚ ਪੁੱਜਦਾ ਹੈ। ਜਿਵੇਂ ਕੋਈ ਪੰਛੀ ਆਪਣੇ ਖੰਭਾਂ ਦੇ ਆਸਰੇ ਉੱਡ ਕੇ ਆਕਾਸ਼ ਵਿੱਚ ਉਡਾਰੀ ਭਰਦਾ ਹੈ ਅਤੇ ਆਪਣੇ ਆਲਣੇ ਵਿਚ ਚਲਾ ਜਾਂਦਾ ਹੈ। ਉਸੇ ਤਰ੍ਹਾਂ ਪ੍ਰਮਾਤਮਾਂ ਤੋਂ ਵਿਛੜੀ ਇਹ ਜੀਵ ਆਤਮਾਂ ਨਾਮ ਸਿਮਰਨ ਕਰ ਕੇ ਪਰਮਾਤਮਾ ਨਾਲ ਮਿਲਦੀ ਹੈ। ਮਹਾਂਪੁਰਸ਼ਾਂ ਨੇ ਉਦਾਹਰਣਾਂ ਦਿੰਦਿਆਂ ਸਮਝਾਇਆ ਜਿਵੇਂ ਦੋ ਲੋਹੇ ਦੇ ਟੁਕੜਿਆਂ ਨੂੰ ਵੈਲਡਿੰਗ ਨਾਲ ਜੁੜਿਆ ਜਾਂਦਾ ਹੈ। ਨਾਮ ਸਿਮਰਨ ਵੀ ਇਕ ਅਜਿਹਾ ਬਿਲਡਿੰਗ ਦਾ ਟਾਂਕਾ ਹੈ ਜਿਸ ਨਾਲ ਆਤਮਾ ਨੂੰ ਪਰਮਾਤਮਾ ਨਾਲ ਜੋੜਿਆ ਜਾਂਦਾ ਹੈ। ਜਿਵੇਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੁਰਾਕ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹੀ ਸਾਡੇ ਮਨ ਨੂੰ ਸੰਸਾਰਕ ਮਾਇਆ ਦੇ ਪ੍ਰਭਾਵਾਂ ਤੋਂ ਬਚਾਉਣ ਵਾਸਤੇ ਨਾਮ ਸਿਮਰਨ ਦੀ ਲੋੜ ਹੁੰਦੀ ਹੈ। ਮਹਾਂਪੁਰਸ਼ਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਨਾਮ ਸਿਮਰਨ ਰੂਹ ਦੀ ਖੁਰਾਕ ਹੈ, ਅਜੋਕੇ ਦੌਰ ਚ ਪੂਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੰਜ ਪਿਆਰੇ ਜਗਿਆਸੂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰਬਾਣੀ ਦੇ ਸ਼ਬਦ ਦੀ ਬਖਸ਼ਿਸ਼ ਕਰਦੇ ਹਨ। ਅਸੀਂ ਵੀ ਗੁਰੂ ਦੇ ਪਿਆਰਿਆਂ ਜਾਂ ਰੱਬੀ ਰੰਗ ਵਿਚ ਰੰਗੀਆਂ ਅਭੇਦ ਰੂਹਾਂ ਵੱਲੋਂ ਜਗਿਆਸੂਆਂ ਨੂੰ ਬਖਸ਼ਿਸ਼ ਸ਼ਬਦ ਮਨ ਵਿਚ ਵਸਾਉਣਾ ਹੈ।