ਖੁੰਬਾਂ ਦੀ ਖੇਤੀ ਲਾਹੇਵੰਦ ਕਿੱਤਾ : ਡਾ. ਰੁਪਿੰਦਰ ਕੌਰ
ਖੁੰਬਾਂ ਦੀ ਖੇਤੀ ਲਾਹੇਵੰਦ ਕਿੱਤਾ-ਡਾ.ਰੁਪਿੰਦਰ ਕੌਰ
Publish Date: Tue, 12 May 2026 06:36 PM (IST)
Updated Date: Wed, 13 May 2026 04:07 AM (IST)
-ਖੁੰਬਾਂ ਦੀ ਕਾਸ਼ਤ ਬਾਰੇ ਪੰਜ ਦਿਨਾਂ ਸਿਖਲਾਈ ਕੋਰਸ ਸਮਾਪਤ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਕਿੱਲ ਡਿਵੈੱਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਾਈਕਰੋਬਾਇਲੋਜੀ ਵਿਭਾਗ ਪੀਏਯੂ. ਦੇ ਸਹਿਯੋਗ ਨਾਲ ਪੰਜ ਦਿਨਾਂ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈੱਲਪਮੈਂਟ) ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਆਏ 77 ਸਿਖਿਆਰਥੀਆਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਕੋਲੋਂ ਕੋਰਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੁੰਬਾਂ ਦੀ ਖੇਤੀ ਇੱਕ ਬਹੁਤ ਲਾਹੇਵੰਦ ਵਾਲਾ ਕਿੱਤਾ ਹੈ, ਜਿਸ ਨੂੰ ਕਰਕੇ ਇੱਕ ਸਫਲ ਉੱਦਮੀ ਵਜੋਂ ਆਪਣੀ ਵਿਲੱਖਣ ਪਹਿਚਾਣ ਕਾਇਮ ਕੀਤੀ ਜਾ ਸਕਦੀ ਹੈ। ਉਨਾਂ ਅੱਗੇ ਦੱਸਿਆ ਕਿ ਨਾ-ਸਿਰਫ ਖੁੰਬਾਂ ਦੀ ਕਾਸ਼ਤ ਤੱਕ ਸੀਮਿਤ ਰਹਿੰਦੇ ਹੋਏ, ਸਗੋਂ ਖੁੰਬਾਂ ਦੀ ਪ੍ਰੋਸੈਸਿੰਗ ਕਰਕੇ ਜਿਵੇਂ ਕਿ ਖੁੰਬਾਂ ਦਾ ਪਾਊਡਰ, ਆਚਾਰ ਅਤੇ ਹੋਰ ਵੀ ਪੌਸ਼ਟਿਕ ਉਤਪਾਦ ਤਿਆਰ ਕਰਕੇ ਚੋਖਾ ਮੁਨਾਫਾ ਕਮਾਇਆ ਜਾ ਸਕਦਾ ਹੈ। ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਦੱਸਿਆ ਕਿ ਸਕਿੱਲ ਡਿਵੈੱਲਪਮੈਂਟ ਸੈਂਟਰ ਇਸ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਸਾਲ ਵਿੱਚ ਦੋ ਵਾਰ ਸਿਖਲਾਈ ਕੋਰਸ ਕਰਵਾਉਂਦਾ ਹੈ। ਸਿਖਿਆਰਥੀ ਇਸ ਸੈਂਟਰ ਵੱਲੋਂ ਕਰਵਾਏ ਜਾਂਦੇ ਕੋਰਸਾਂ ਦਾ ਭਰਪੂਰ ਲਾਹਾ ਲੈਂਦੇ ਹਨ। ਉਨਾਂ ਦੱਸਿਆ ਕਿ ਇਸ ਕੋਰਸ ਵਿੱਚ ਮਾਈਕਰੋਬਾਇਓਲੋਜੀ ਵਿਭਾਗ ਤੋਂ ਡਾ. ਸ਼ਿਵਾਨੀ ਸ਼ਰਮਾ, ਡਾ. ਜਸਪ੍ਰੀਤ ਕੌਰ ਅਤੇ ਡਾ. ਐਨਾ ਗੋਇਲ, ਭੋਜਨ ਅਤੇ ਪੋਸ਼ਣ ਵਿਭਾਗ ਤੋਂ ਡਾ. ਸੋਨਿਕਾ ਸ਼ਰਮਾ, ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਡਾ. ਅਰਸ਼ਦੀਪ ਸਿੰਘ, ਸਕੂਲ ਆਫ ਬਿਜਨਸ ਸਟਡੀਜ ਤੋਂ ਡਾ. ਰਾਕੇਸ਼ ਰਾਠੌਰ, ਕੀਟ ਵਿਗਿਆਨ ਵਿਭਾਗ ਤੋਂ ਡਾ. ਅਨੁਰੀਤ ਕੌਰ ਚੰਦੀ ਅਤੇ ਡਾ. ਗੁਰਪ੍ਰੀਤ ਕੌਰ ਬਾਗਬਾਨੀ ਵਿਭਾਗ(ਪੰਜਾਬ ਸਰਕਾਰ) ਨੇ ਵੱਖ-ਵੱਖ ਵਿਸ਼ਿਆਂ ਉੱਪਰ ਸਿਖਿਆਰਥੀਆਂ ਨੂੰ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ। ਡਾ. ਕੁਲਵੀਰ ਕੌਰ ਅਤੇ ਕੰਵਲਜੀਤ ਕੌਰ ਨੇ ਖੁੰਬਾਂ ਦਾ ਅਚਾਰ ਬਣਾਉਣ ਦੀ ਵਿਧੀ ਪ੍ਰੈਕਟੀਕਲ ਤਰੀਕੇ ਨਾਲ ਸਾਂਝੀ ਕੀਤੀ।
ਡਾ. ਲਵਲੀਸ਼ ਗਰਗ ਨੇ ਸਕਿੱਲ ਡਿਵੈੱਲਪਮੈਂਟ ਸੈਂਟਰ ਵਿੱਚ ਕਰਵਾਏ ਜਾਂਦੇ ਵੱਖ-ਵੱਖ ਸਿਖਲਾਈ ਕੋਰਸ ਬਾਰੇ ਚਾਨਣਾ ਪਾਇਆ। ਅੰਤ ਵਿੱਚ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਗਈ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਣਾ ਕੇ ਸਫਲ ਉੱਦਮੀ ਬਣਨ ਦੀ ਸਲਾਹ ਦਿੱਤੀ।