ਮਾਨਸੂਨ ਤੋਂ ਪਹਿਲਾਂ ਹੀ ਨਗਰ ਨਿਗਮ ਦੇ ਪ੍ਰਬੰਧਾਂ ਦੀ ਖੁੱਲੀ ਪੋਲ
ਮਾਨਸੂਨ ਤੋਂ ਪਹਿਲਾਂ ਹੀ ਨਗਰ ਨਿਗਮ ਦੇ ਪ੍ਰਬੰਧਾਂ ਦੀ ਖੁੱਲੀ ਪੋਲ, ਬਰਸਾਤ ਦੌਰਾਨ ਓਵਰਫਲੋ ਹੋਏ ਨਾਲੇ
Publish Date: Sat, 30 May 2026 08:01 PM (IST)
Updated Date: Sun, 31 May 2026 04:06 AM (IST)

-ਸਿੰਗਾਰ ਸਿਨੇਮਾ ਤੋਂ ਸ਼ਮਸ਼ਾਨਘਾਟ ਤੱਕ ਸੜਕਾਂ ’ਤੇ ਵਗਿਆ ਸੀਵਰੇਜ ਦਾ ਪਾਣੀ, ਰਾਹਗੀਰ ਹੋਏ ਪਰੇਸ਼ਾਨ --- ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਮਾਨਸੂਨ ਦੀ ਆਮਦ ਤੋਂ ਪਹਿਲਾਂ ਹੀ ਸ਼ਨੀਵਾਰ ਨੂੰ ਹੋਈ ਬਰਸਾਤ ਨੇ ਲੁਧਿਆਣਾ ਨਗਰ ਨਿਗਮ ਦੇ ਸੀਵਰੇਜ ਅਤੇ ਡਰੇਨੇਜ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਹਲਕੀ ਤੋਂ ਦਰਮਿਆਨੀ ਬਰਸਾਤ ਦੌਰਾਨ ਹੀ ਸ਼ਹਿਰ ਦੇ ਸਿੰਘਾਰ ਸਿਨੇਮਾ ਆਈਪੀਐਸ ਇਲਾਕੇ ਤੋਂ ਸ਼ਮਸ਼ਾਨ ਘਾਟ ਤੱਕ ਸੀਵਰੇਜ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਓਵਰਫਲੋ ਹੋ ਗਏ, ਜਿਸ ਕਾਰਨ ਸੀਵਰੇਜ ਦਾ ਪਾਣੀ ਸੜਕਾਂ ’ਤੇ ਵਗਣਾ ਸ਼ੁਰੂ ਹੋ ਗਿਆ। ਮੌਕੇ ਦੀਆਂ ਸਥਿਤੀਆਂ ਇਤਨੀ ਗੰਭੀਰ ਸਨ ਕਿ ਨਾਲੇ ਅਤੇ ਸੜਕ ਵਿਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਸੀ। ਸੜਕ ’ਤੇ ਸੀਵਰੇਜ ਮਿਲਿਆ ਪਾਣੀ ਵਗਣ ਕਾਰਨ ਰਾਹਗੀਰਾਂ, ਦੋਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਨਗਰ ਨਿਗਮ ਦੇ ਪ੍ਰਬੰਧਾਂ ਪ੍ਰਤੀ ਰੋਸ ਵੀ ਜਤਾਇਆ ਅਤੇ ਦੋਸ਼ ਲਾਇਆ ਕਿ ਹਰ ਸਾਲ ਬਰਸਾਤ ਤੋਂ ਪਹਿਲਾਂ ਕੀਤੇ ਜਾਣ ਵਾਲੇ ਦਾਅਵੇ ਜ਼ਮੀਨੀ ਹਕੀਕਤ ਵਿੱਚ ਨਜ਼ਰ ਨਹੀਂ ਆ ਰਹੇ। ਸਥਾਨਕ ਲੋਕਾਂ ਦੇ ਰੋਸ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀ ਹਰਕਤ ਵਿੱਚ ਆਏ। ਜਾਣਕਾਰੀ ਅਨੁਸਾਰ ਅਧਿਕਾਰੀਆਂ ਵੱਲੋਂ ਨਾਲੇ ਦੀ ਉਸਾਰੀ ਦੌਰਾਨ ਲਗਾਏ ਗਏ ਅਸਥਾਈ ਬੰਨ੍ਹਾਂ ਨੂੰ ਮੌਕੇ ’ਤੇ ਖੋਲ੍ਹਿਆ ਗਿਆ, ਜਿਸ ਤੋਂ ਬਾਅਦ ਨਾਲੇ ਦਾ ਵਹਾਅ ਸਿੱਧਾ ਬਿਨਾਂ ਟਰੀਟ ਕੀਤਾ ਪਾਣੀ ਬੁੱਢਾ ਦਰਿਆ ਵਿੱਚ ਛੱਡ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਨੇ ਵੀ ਚਿੰਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਮਾੜੇ ਪ੍ਰਬੰਧਾਂ ਕਾਰਨ ਸ਼ਹਿਰ ਦੀਆਂ ਸੀਵਰੇਜ ਲਾਈਨਾਂ ਦਾ ਪਾਣੀ ਨਿਰਵਿਘਨ ਤੌਰ ’ਤੇ ਐਸਟੀਪੀ (ਸੀਵਰੇਜ ਟ੍ਰੀਟਮੈਂਟ ਪਲਾਂਟਾਂ) ਤੱਕ ਨਹੀਂ ਪਹੁੰਚ ਪਾ ਰਿਹਾ। ਨਤੀਜੇ ਵਜੋਂ ਅਜਿਹੀਆਂ ਸਥਿਤੀਆਂ ਦੌਰਾਨ ਅਣਸੋਧਿਆ ਸੀਵਰੇਜ ਪਾਣੀ ਕਈ ਵਾਰ ਬਾਈਪਾਸ ਕਰਕੇ ਸਿੱਧਾ ਬੁੱਢਾ ਦਰਿਆ ਵਿੱਚ ਛੱਡਿਆ ਜਾਂਦਾ ਹੈ, ਜੋ ਵਾਤਾਵਰਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਵਾਤਾਵਰਨ ਪ੍ਰੇਮੀਆਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਕਾਰਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚਲਾਈ ਜਾ ਰਹੀ ਬੁੱਢਾ ਦਰਿਆ ਸਫਾਈ ਮੁਹਿੰਮ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਹਿਰ ਦੀ ਡਰੇਨੇਜ ਅਤੇ ਸੀਵਰੇਜ ਪ੍ਰਣਾਲੀ ਨੂੰ ਦੁਰੁਸਤ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਭਵਿੱਖ ਵਿੱਚ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਮਾਮਲੇ ਸਬੰਧੀ ਨਗਰ ਨਿਗਮ ਬੀਐਡਆਰ ਦੇ ਐਸਡੀਓ ਪ੍ਰਭਜੋਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਲੇ ਦਾ ਕੰਮ ਉਸਾਰੀ ਅਧੀਨ ਹੈ ਜਿਸ ਦੇ ਚਲਦੇ ਬੰਨ ਲਗਾਏ ਗਏ ਸਨ, ਪਰ ਮਾਨਸੂਨ ਤੋਂ ਪਹਿਲਾਂ ਆਈ ਬਰਸਾਤ ਕਾਰਨ ਇਲਾਕਾ ਨਿਵਾਸੀਆਂ ਦੀ ਸਮੱਸਿਆ ਦੇ ਚਲਦੇ ਸਹੂਲਤ ਲਈ ਬੰਨ ਖੋਲ ਦਿੱਤੇ ਗਏ ਹਨ। ਉਹਨਾਂ ਭਰੋਸਾ ਦਵਾਇਆ ਕਿ ਫੋਰੀ ਬਰਸਾਤ ਦੇ ਬੰਦ ਹੁੰਦੇ ਹੀ ਮਾਨਸੂਨ ਆਉਣ ਤੋਂ ਪਹਿਲਾਂ ਪਹਿਲਾਂ ਨਾਲੇ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।