ਸਵੈ-ਗਣਨਾ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼
ਸਵੈ-ਗਣਨਾ ਵਿੱਚ ਤੇਜੀ ਲਿਆਉਣ ਲਈ ਨਗਰ ਨਿਗਮ ਉਪਰਾਲੇ ਕੀਤੇ ਤੇਜ
Publish Date: Mon, 11 May 2026 09:50 PM (IST)
Updated Date: Tue, 12 May 2026 04:15 AM (IST)

-ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਜਨਗਣਨਾ ਚਾਰਜ ਅਧਿਕਾਰੀਆਂ ਨਾਲ ਮੀਟਿੰਗ ਕਰ ਲਈ ਰਿਪੋਰਟ 14 ਮਈ ਤੱਕ ਸਵੈ-ਗਣਨਾ ਰਾਹੀਂ ਸ਼ਹਿਰ ਵਾਸੀਆਂ ਨੂੰ ਰਿਹਾਇਸ਼ੀ ਵੇਰਵੇ ਦਰਜ ਕਰਨ ਦੀ ਕੀਤੀ ਅਪੀਲ --- ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਰਾਜ ਭਰ ਵਿੱਚ ਡਿਜੀਟਲ ਜਨਗਣਨਾ-2027 ਦੇ ਮਕਾਨ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ ਦਾ ਪਹਿਲਾ ਪੜਾਅ ਚੱਲ ਰਿਹਾ ਹੈ। ਜਿਸ ਲਈ ਨਗਰ ਨਿਗਮ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ ਡਾ. ਨੀਰੂ ਕਤਿਆਲ ਗੁਪਤਾ ਨੇ ਸ਼ਹਿਰ ਵਾਸੀਆਂ ਨੂੰ ਸਵੈ-ਗਣਨਾ ਰਾਹੀਂ ਆਪਣੇ ਰਿਹਾਇਸ਼ੀ ਵੇਰਵੇ ਆਨਲਾਈਨ ਦਰਜ ਕਰਵਾਉਣ ਦੀ ਅਪੀਲ ਕੀਤੀ। ਦੱਸਣਾ ਬਣਦਾ ਹੈ ਕਿ ਪਹਿਲੀ ਵਾਰ ਰਾਸ਼ਟਰੀ ਜਨਗਣਨਾ ਡਿਜੀਟਲ ਢੰਗ ਨਾਲ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਪ੍ਰਸ਼ਾਸਨ ਵੱਡੋਂ ਸ਼ਹਿਰ ਵਾਸੀਆਂ ਨੂੰ 14 ਮਈ, 2026 ਤੱਕ ਸਵੈ-ਗਣਨਾ ਰਾਹੀਂ ਆਪਣੇ ਰਿਹਾਇਸ਼ੀ ਵੇਰਵੇ ਆਨਲਾਈਨ ਜਮ੍ਹਾਂ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ ਤਾਂ ਜੋ ਇਸ ਪ੍ਰਕਿਰਿਆ ਲੋਕਾਂ ਨੂੰ ਗਣਨਾਕਾਰਾਂ ਦੇ ਉਨ੍ਹਾਂ ਦੇ ਘਰਾਂ ਤੱਕ ਆਉਣ ਦੀ ਉਡੀਕ ਨਹੀਂ ਕਰਨੀ ਪਵੇਗੀ। ਸਵੈ-ਗਣਨਾ ਲਈ ਸਿਰਫ਼ ਔਨਲਾਈਨ ਪੋਰਟਲ se.census.gov.in ਤੇ ਜਾ ਕੇ ਆਪਣੇ ਘਰਾਂ ਵਿੱਚ ਬੈਠੇ ਆਪਣੇ ਰਿਹਾਇਸ਼ੀ ਵੇਰਵੇ (33 ਸਵਾਲ) ਜਮ੍ਹਾਂ ਕਰਵਾ ਸਕਦੇ ਹਨ। ਨਗਰ ਨਿਗਮ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ ਡਾ. ਨੀਰੂ ਕਤਿਆਲ ਗੁਪਤਾ ਨੇ ਸੋਮਵਾਰ ਨੂੰ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਜਨਗਣਨਾ ਚਾਰਜ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਵੈ-ਗਣਨਾ ਅੰਕੜਿਆਂ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਨੂੰ ਸਵੈ-ਗਣਨਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ। ਲੋਕਾਂ ਨੂੰ ਸਵੈ-ਗਣਨਾ ਰਾਹੀਂ ਵੇਰਵੇ ਜਮ੍ਹਾਂ ਕਰਵਾਉਣ ਦੀ ਅਪੀਲ ਕਰਦੇ ਹੋਏ ਡਾ. ਗੁਪਤਾ ਨੇ ਕਿਹਾ ਕਿ ਔਨਲਾਈਨ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਵਿਲੱਖਣ ਸਵੈ-ਗਣਨਾ ਆਈਡੀ (ਐਸਈ-ਆਈਡੀ) ਮਿਲੇਗਾ। ਜੋ ਉਨ੍ਹਾਂ 15 ਮਈ ਤੋਂ ਸ਼ੂਰੂ ਹੋਣ ਵਾਲੀ ਫੀਲਡ ਗਣਨਾ ਦੌਰਾਨ ਗਣਨਾਕਾਰਾਂ ਕੋਲ ਜਮ੍ਹਾਂ ਕਰਵਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਘਰਾਂ ਦੀ ਔਨਲਾਈਨ ਪ੍ਰਕਿਰਿਆ ਪੂਰੀ ਨਹੀਂ ਹੋਵੇਗੀ, ਉਨ੍ਹਾਂ ਲਈ ਇੱਕ ਅਧਿਕਾਰਤ ਗਣਨਾਕਾਰ 15 ਮਈ, 2026 ਤੋਂ ਸ਼ੁਰੂ ਹੋਣ ਵਾਲੇ ਫੀਲਡ ਗਣਨਾ ਪੜਾਅ ਦੌਰਾਨ ਲੋੜੀਂਦੀ ਜਾਣਕਾਰੀ ਇਕੱਠੀ ਕਰਨ ਲਈ ਉਨ੍ਹਾਂ ਦੇ ਘਰਾਂ ਦਾ ਦੌਰਾ ਕਰੇਗਾ। ਉਨ੍ਹਾਂ ਭਰੌਸੀ ਦਿੱਤਾ ਕਿ ਲੋਕਾਂ ਦੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ ਇਸ ਦੀ ਵਰਤੋਂ ਸਿਰਫ਼ ਅਧਿਕਾਰਤ ਜਨਗਣਨਾ ਦੇ ਉਦੇਸ਼ਾਂ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਵੈ-ਗਣਨਾ ਰਾਹੀਂ ਵੇਰਵੇ ਜਮ੍ਹਾਂ ਕਰਵਾਉਣ ਵਿੱਚ ਮਦਦ ਕਰਨ ਲਈ ਨਗਰ ਨਿਗਮ ਦੇ ਜ਼ੋਨਲ ਦਫ਼ਤਰਾਂ ਵਿੱਚ ਸਟਾਫ ਪਹਿਲਾਂ ਹੀ ਤਾਇਨਾਤ ਕੀਤਾ ਗਿਆ ਹੈ, ਡਾ. ਗੁਪਤਾ ਨੇ ਜ਼ੋਨਲ ਨਗਰ ਨਿਗਮ ਦਫ਼ਤਰਾਂ ਵਿੱਚ ਜਨਗਣਨਾ ਸਹਾਇਤਾ ਡੈਸਕ ਸਥਾਪਤ ਕਰਨ ਦੇ ਵੀ ਹੁਕਮ ਦਿੱਤੇ। ਨਗਰ ਨਿਗਮ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ ਡਾ. ਨੀਰੂ ਕਤਿਆਲ ਗੁਪਤਾ ਨੇ ਫਿਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 14 ਮਈ, 2026 ਤੱਕ ਸਵੈ-ਗਣਨਾ ਰਾਹੀਂ ਆਪਣੇ ਵੇਰਵੇ ਔਨਲਾਈਨ ਜਮ੍ਹਾਂ ਕਰਵਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਹਿੱਸਾ ਲੈਣ। ਇਸ ਮੌਕੇ ਤੇ ਮੀਟਿੰਗ ਵਿੱਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ-ਕਮ-ਸ਼ਹਿਰ ਜਨਗਣਨਾ ਅਧਿਕਾਰੀ ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ-ਕਮ-ਚਾਰਜ ਅਧਿਕਾਰੀ ਜਸਦੇਵ ਸਿੰਘ ਸੇਖੋਂ, ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ, ਨਿਗਰਾਨ ਇੰਜੀਨੀਅਰ ਪ੍ਰਵੀਨ ਸਿੰਗਲਾ, ਸੁਪਰਡੈਂਟ ਜਨਗਣਨਾ ਤਰੁਣ ਗੋਇਲ ਸਮੇਤ ਹੋਰ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।