ਅਵਾਰਾ ਕੁੱਤਿਆਂ ਖ਼ਿਲਾਫ਼ ਕਾਰਵਾਈ ਲਈ ਨਗਰ ਨਿਗਮ ਨੇ ਸ਼ੁਰੂ ਕੀਤੀ ਤਿਆਰੀ

ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ਤੋਂ ਬਾਅਦ ਹਰਕਤ ’ਚ ਦਿਖਾਈ ਦੇ ਰਹੀ ਨਿਗਮ ਦੀ ਸਿਹਤ ਬਰਾਂਚ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਣ ਲੁਧਿਆਣਾ
ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਬੀਤੇ ਸਮੇਂ ਦੌਰਾਨ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਭਿਆਨਕ ਤਰੀਕੇ ਨਾਲ ਕੱਟਣ ਦੇ ਸੈਂਕੜੇ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਲੁਧਿਆਣਾ ਸ਼ਹਿਰ ਦੀ ਹੱਦ ਦੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਵੀ ਕਈ ਮੌਸੂਮ ਬੱਚਿਆਂ ਨੂੰ ਅਵਾਰਾ ਕੁੱਤਿਆਂ ਵੱਲੋਂ ਨੋਚ ਨੋਚ ਕੇ ਮਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਪਰ ਪ੍ਰਸ਼ਾਸਨਿਕ ਯਤਨਾ ਦੇ ਬਾਅਦ ਵੀ ਇਸ ਦਾ ਕੋਈ ਸਥਾਈ ਹੱਲ ਨਹੀਂ ਹੋਇਆ। ਹੁਣ ਸੁਪਰੀਮ ਕੋਰਟ ਵੱਲੋਂ ਇਸ ਗੰਭੀਰ ਮੁੱਦੇ ਤੇ ਕੀਤੀਆਂ ਗਈਆਂ ਟਿੱਪਣੀਆਂ ਨਾਲ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਯਾਤ ਮਿਲਣ ਦੀ ਉਮੀਦ ਜਾਗੀ ਹੈ। ਭਾਵੇਂ ਕਿ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀਆਂ ਨੂੰ ਕਾਰਵਾਈ ਦੀ ਤਿਆਰੀ ਕਰਨ ਲਈ ਸੁਪਰੀਮ ਕੋਰਟ ਦੇ ਹੁਕਮਾਂ ਵਾਲਾ ਪੱਤਰ ਆਉਣ ਦੀ ਉਡੀਕ ਹੈ, ਪਰ ਸ਼ਹਿਰ ਦੇ ਲੋਕ ਇਨ੍ਹਾਂ ਟਿੱਪਣੀਆਂ ਨਾਲ ਹੀ ਰਾਹਤ ਮਹਿਸੂਸ ਕਰ ਰਹੇ ਹਨ।
ਭਾਵੇਂ ਕਿ ਨਗਰ ਨਿਗਮ ਵੱਲੋਂ ਪਿਛਲੇ ਕਰੀਬ ਇਕ ਦਹਾਕੇ ਤੋਂ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਘੱਟ ਕਰਨ ਦੇ ਮਨੋਰਥ ਨਾਲ ਐਨੀਮਲ ਬਰਥ ਕੰਟਰੋਲ ਦੇ ਤਹਿਤ ਨਸਬੰਦੀ ਦਾ ਪ੍ਰਜੈਕਟ ਚਲਾਇਆ ਜਾ ਰਿਹਾ ਹੈ, ਪਰ ਇਸ ਨਾਲ ਵੀ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਤੋਂ ਕੋਈ ਜਿਆਦਾ ਰਾਹਤ ਨਹੀਂ ਮਿਲੀ। ਜਿਸ ਨੂੰ ਦੇਖਦੇ ਹੋਏ ਸਾਬਕਾ ਮੰਤਰੀ ਸੰਜੀਵ ਅਰੋੜਾ ਵੱਲੋਂ ਸ਼ਹਿਰ ਵਿੱਚ ਘੁੰਮ ਰਹੇ ਬਿਮਾਰ ਕੁੱਤਿਆਂ ਲਈ ਆਪਣੇ ਹਲਕੇ ਵਿੱਚ ਪੰਜਾਬ ਦੀ ਪਹਿਲੀ ਡੋਗ ਸੈਂਚੂਰੀ ਵੀ ਬਣਾਈ। ਜਿਸ ਵਿੱਚ ਅਧਿਕਾਰੀਆਂ ਦੇ ਦੱਸਣ ਮੁਤਾਬਿਕ 150 ਦੇ ਕਰੀਬ ਬਿਮਾਰ ਕੁੱਤੇ ਰੱਖੇ ਹੋਏ ਹਨ। ਐਂਨੇ ਉਪਰਾਲੇ ਕਰਨ ਦੇ ਬਾਅਦ ਵੀ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਵਿੱਚ ਕਮੀ ਨਹੀਂ ਆਈ।
ਹੁਣ ਸ਼ਹਿਰ ਵਿੱਚ ਖੁੰਖਾਰ ਹੋ ਚੁੱਕੇ ਅਵਾਰਾ ਕੁੱਤਿਆਂ ਦੇ ਅਤੰਕ ਨੂੰ ਠੱਲ ਪਾਉਣ ਲਈ ਸੁਪਰੀਮ ਕੋਰਟ ਦੀਆਂ ਸਖ਼ਤ ਟਿੱਪਣੀਆਂ ਤੋਂ ਬਾਅਦ ਨਗਰ ਨਿਗਮ ਲੁਧਿਆਣਾ ਹਰਕਤ ਵਿੱਚ ਆਉਦਾ ਦਿਖਾਈ ਦੇ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਦੀ ਸਿਹਤ ਸ਼ਾਖਾ ਵੱਲੋਂ ਸ਼ਹਿਰ ਵਿੱਚ ਐਨੀਮਲ ਬਰਥ ਕੰਟਰੋਲ ਦੇ ਤਹਿਤ ਨਸਬੰਦੀ ਦੇ ਕੰਮ ਵਿੱਚ ਤੇਜੀ ਲਿਆਉਣ ਦੇ ਨਾਲ ਨਾਲ ਐਂਟੀ-ਰੇਬੀਜ਼ ਟੀਕਾਕਰਨ ਪ੍ਰੋਗਰਾਮ ਚਲਾਉਣ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚਲੇ ਖੰਖਾਰੂ ਅਤੇ ਰੇਬੀਜ਼ ਤੋਂ ਪ੍ਰਭਾਵਿਤ ਕੁੱਤਿਆਂ ਨੂੰ ਵੱਖ ਵੱਖ ਰੱਖਣ ਲਈ ਡੋਗ ਸੈਂਚੂਰੀ ਦੇ ਨਾਲ ਆਈਸੋਲੇਸ਼ਨ ਸੈਂਟਰ ਸਥਾਪਤ ਕਰਨ ਦੀ ਯੋਜਨਾ ਤੇ ਵਿਚਾਰ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਸਾਲ 2016 ਤੋਂ ਸ਼ਹਿਰ ਵਿੱਚ ਏਬੀਸੀ ਅਤੇ ਐਂਟੀ-ਰੇਬੀਜ਼ ਟੀਕਾਕਰਨ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ। ਜਿਸ ਦੇ ਤਹਿਤ ਹਜ਼ਾਰਾਂ ਕੁੱਤਿਆਂ ਦਾ ਏਬੀਸੀ ਅਤੇ ਐਂਟੀ-ਰੇਬੀਜ਼ ਟੀਕਾਕਰਨ ਕੀਤਾ ਜਾ ਚੁੱਕਿਆ ਹੈ।
---
ਪਾਲਤੂ ਕੁੱਤਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਸਹੂਲਤ
ਨਗਰ ਨਿਗਮ ਲੁਧਿਆਣਾ ਨੇ ਲੋਕਾਂ ਵੱਲੋਂ ਰੱਖੇ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਬਣਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਦੀ ਵੈੱਬਸਾਈਟ 'ਤੇ ਅਨਲਾਈਨ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਉਪਲਬਧ ਕਰਵਾਈ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਲਤੂ ਕੁੱਤਿਆਂ ਦਾ ਰਿਕਾਰਡ ਰੱਖਣ ਨਾਲ ਟੀਕਾਕਰਨ ਅਤੇ ਨਿਗਰਾਨੀ ਪ੍ਰਣਾਲੀਆਂ ਵਿੱਚ ਸੁਧਾਰ ਹੋਵੇਗਾ।
---
ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ : ਡਾ. ਵਿਪਲ ਮਲਹੋਤਰਾ
ਨਗਰ ਨਿਗਮ ਲੁਧਿਆਣਾ ਦੇ ਸਿਹਤ ਅਫਸਰ ਡਾ. ਵਿਪਲ ਮਲਹੋਤਰਾ ਦਾ ਕਹਿਣਾ ਹੈ ਕਿ ਉਨ੍ਹਾਂ ਅਜੇ ਸੁਪਰੀਮ ਕੋਰਟ ਦੇ ਫੈਸਲੇ ਦੀ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਦੇ ਹੱਲ ਲਈ ਲੋਕਾਂ ਵਿੱਚ ਜਾਗਰੂਕਤਾ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਵੱਲੋਂ ਅਵਾਰਾ ਕੁੱਤਿਆਂ ਲਈ ਕਰਵਾਈ ਜਾ ਰਹੀ ਖੁੱਲ੍ਹੇ ਭੋਜਨ ਦੀ ਉਪਲਬਧਤਾ ਨਾਲ ਵੀ ਅਵਾਰਾ ਕੁੱਤਿਆਂ ਦੀ ਗਿਣਤੀ ਵਧਣ ਦੇ ਨਾਲ ਨਾਲ ਇਨ੍ਹਾਂ ਦੇ ਸੁਭਾਅ ਵਿੱਚ ਅੰਤਰ ਆਉਦਾ ਹੈ। ਉਨ੍ਹਾਂ ਕਿਹਾ ਕਿ ਬਿਮਾਰ ਕੁੱਤਿਆਂ ਲਈ ਡੋਗ ਸੈਂਚੂਰੀ ਬਣਾਈ ਗਈ ਜਿਸ ਨਾਲ ਹਲਾਤਾਂ ਵਿੱਚ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਅਵਾਰਾ ਕੁੱਤਿਆਂ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਵੇਂ ਹੀ ਸਰਕਾਰ ਵੱਲੋਂ ਕੋਈ ਨਵੇਂ ਨਿਰਦੇਸ਼ ਆਉਣਗੇ ਉਨ੍ਹਾਂ ਮੁਤਾਬਿਕ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।