30 ਹਜ਼ਾਰ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਨਗਰ ਨਿਗਮ ਦੀ ਵੱਡੀ ਤਿਆਰੀ

ਨਵਾਂ ਟੈਂਡਰ ਜਲਦ, ਡੋਗ ਸ਼ੈਲਟਰ ਦੀ ਸਮਰੱਥਾ ਵਧਾਉਣ ’ਤੇ ਵੀ ਚੱਲ ਰਹੀ ਚਰਚਾ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਪਿਛਲੇ ਕਰੀਬ 10 ਸਾਲਾਂ ਤੋਂ ਅਵਾਰਾ ਕੁੱਤਿਆਂ ਦੀ ਨਸਬੰਦੀ ਦੇ ਚੱਲ ਰਹੇ ਪ੍ਰਜੈਕਟ ਦੇ ਬਾਅਦ ਵੀ ਇਨ੍ਹਾਂ ਦੀ ਗFਣਤੀ ਵਿੱਚ ਵਾਧਾ ਹੋ ਰਿਹਾ ਹੈ। ਨਗਰ ਨਿਗਮ ਵੱਲੋਂ ਪਿਛਲੇ 10 ਸਾਲਾਂ ਦੌਰਾਨ ਸਵਾ ਲੱਖ ਤੋਂ ਵੱਧ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ, ਪਰ ਇਸ ਦੇ ਬਾਅਦ ਵੀ ਅਵਾਰਾ ਕੁੱਤਿਆਂ ਦੀ ਞਿਣਤੀ ਵਿੱਚ ਕਮੀ ਨਹੀਂ ਆਈ। ਜਿਸ ਨੂੰ ਦੇਖਦੇ ਹੋਏ ਹੁਣ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਵੱਧ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵੱਡੇ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਨਗਰ ਨਿਗਮ ਨੇ ਕਰੀਬ 30 ਹਜ਼ਾਰ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਨਵਾਂ ਟੈਂਡਰ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਨਸਬੰਦੀ ਤੋਂ ਬਾਅਦ ਕੁੱਤਿਆਂ ਦੀ ਸਹੀ ਦੇਖ ਭਾਲ ਅਤੇ ਰਹਿਣ ਲਈ ਡੋਗ ਸ਼ੈਲਟਰ ਦੀ ਸਮਰੱਥਾ ਵਧਾਉਣ ਦੀ ਯੋਜਨਾ ’ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਇਲਾਕਿਆਂ ਤੋਂ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਅਤੇ ਰਾਤ ਸਮੇਂ ਝੁੰਡਾਂ ਵਿੱਚ ਘੁੰਮਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਸਮੱਸਿਆ ਨੂੰ ਕਾਬੂ ਕਰਨ ਲਈ ਨਸਬੰਦੀ ਮੁਹਿੰਮ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਵਾਰ ਨਗਰ ਨਿਗਮ ਵੱਲੋਂ ਨਸਬੰਦੀ ਦੀ ਪ੍ਰਕਿਰਿਆ ਵਿੱਚ ਕੁਝ ਨਵੇਂ ਬਦਲਾਅ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਹਿਲਾਂ ਮੇਲ ਅਤੇ ਫੀਮੇਲ ਦੋਹਾਂ ਕਿਸਮਾਂ ਦੇ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਰਹੀ ਸੀ, ਪਰ ਹੁਣ ਮੇਲ ਅਤੇ ਫੀਮੇਲ ਦੋਹਾਂ ਕਿਸਮਾਂ ਵਿੱਚੋਂ ਇਕ ਦੀ ਨਸਬੰਦੀ ਦਾ ਟੈਂਡਰ ਲਗਾਉਣ ਤੇ ਵਿਚਾਰ ਚੱਲ ਰਿਹਾ ਹੈ। ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਨਵਾਂ ਟੈਂਡਰ ਤਿਆਰ ਕਰਨ ਦੀ ਕਾਰਵਾਈ ਚੱਲ ਰਹੀ ਹੈ ਅਤੇ ਇਸ ਵਿੱਚ ਪਸ਼ੂ ਭਲਾਈ ਨਾਲ ਜੁੜੇ ਸਾਰੇ ਮਾਪਦੰਡਾਂ ਦਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸਬੰਦੀ ਦੌਰਾਨ ਫੜੇ ਜਾਣ ਵਾਲੇ ਕੁੱਤਿਆਂ ਦੀ ਦੇਖ ਭਾਲ ਲਈ ਮੌਜੂਦਾ ਡੋਗ ਸ਼ੈਲਟਰ ਦੀ ਸਮਰੱਥਾ ਘੱਟ ਪੈ ਰਹੀ ਹੈ, ਜਿਸ ਕਾਰਨ ਨਵੇਂ ਡੋਗ ਸ਼ੈਲਟਰ ਦੀ ਸਥਾਪਨਾ ਜਾਂ ਮੌਜੂਦਾ ਸ਼ੈਲਟਰ ਦੇ ਵਿਸਥਾਰ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸਬੰਦੀ ਤੋਂ ਬਾਅਦ ਕੁੱਤਿਆਂ ਨੂੰ ਕੁਝ ਦਿਨ ਨਿਗਰਾਨੀ ਹੇਠ ਰੱਖਣਾ ਲਾਜ਼ਮੀ ਹੁੰਦਾ ਹੈ, ਤਾਂ ਜੋ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖੀ ਜਾ ਸਕੇ। ਇਸ ਲਈ ਵੱਡੇ ਅਤੇ ਸੁਵਿਧਾਜਨਕ ਸ਼ੈਲਟਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।
---
ਹੋਰ ਵਿਸਥਾਰਤ ਯੋਜਨਾ ਉਲੀਕੀ ਜਾਵੇਗੀ
ਨਗਰ ਨਿਗਮ ਦਾ ਉਦੇਸ਼ ਸਿਰਫ਼ ਅਵਾਰਾ ਕੁੱਤਿਆਂ ਦੀ ਗਿਣਤੀ ਘਟਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਨੂੰ ਵੀ ਯਕੀਨੀ ਬਣਾਉਣਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਪ੍ਰਾਜੈਕਟ ਨੂੰ ਲੈ ਕੇ ਹੋਰ ਵਿਸਥਾਰਤ ਯੋਜਨਾ ਤਿਆਰ ਕੀਤੀ ਜਾਵੇਗੀ ਅਤੇ ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਪਿਛਲੇ ਦਿਨੀਂ ਅਵਾਰਾ ਕੁੱਤਿਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਕੀਤੀਆਂ ਟਿੱਪਣੀਆਂ ਬਾਰੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਹੁਕਮ ਦੇ ਮੁਤਾਬਿਕ ਸਿਰਫ ਰੈਬੀਜ ਵਾਲੇ ਜਾਂ ਫਿਰ ਭਿਆਨਕ ਬਿਮਾਰੀ ਦੇ ਸ਼ਿਕਾਰ ਕੁੱਤਿਆਂ ਬਾਰੇ ਇਹ ਫੈਸਲਾ ਆਇਆ ਹੈ ਉਨ੍ਹਾਂ ਕਿਹਾ ਕਿ ਫੈਸਲੇ ਮੁਤਾਬਿਕ ਹਰ ਸ਼ਹਿਰ ਅਤੇ ਕਸਬੇ ਵਿੱਚ ਏਬੀਸੀ ਸੈਂਟਰ ਅਤੇ ਡਾਗ ਸੈਂਲਟ ਬਨਾਉਣ ਲਈ ਕਹਾ ਗਿਆ ਹੈ ਤਾਂ ਜੋ ਇਨ੍ਹਾਂ ਦੀ ਸਹੀ ਤਰੀਕੇ ਨਾਲ ਦੇਖ ਭਾਲ ਹੋ ਸਕੇ।