ਸ਼ਾਂਤੀ ਨਗਰ ’ਚ ਇੱਕ ਬੱਚੀ ਦੀ ਮੌਤ ਤੋਂ ਬਾਅਦ ਨਿਗਮ ਨੇ ਚਲਾਈ ਸਫ਼ਾਈ ਮੁਹਿੰਮ
ਸ਼ਾਂਤੀ ਨਗਰ ਵਿੱਚ ਇੱਕ ਬੱਚੀ ਦੀ ਮੌਤ ਤੋਂ ਬਾਅਦ ਨਿਗਮ ਨੇ ਚਲਾਈ ਸਫਾਈ ਮੁਹਿੰਮ
Publish Date: Wed, 29 Apr 2026 10:49 PM (IST)
Updated Date: Wed, 29 Apr 2026 10:52 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਗਿਆਸਪੁਰ ਦੇ ਸ਼ਾਂਤੀ ਨਗਰ ਵਿੱਚ ਇੱਕ 8 ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਤੋਂ ਬਾਅਦ, ਨਗਰ ਨਿਗਮ ਦੀ ਟੀਮ ਨੇ ਬੁੱਧਵਾਰ ਨੂੰ ਪੂਰੇ ਇਲਾਕੇ ਵਿੱਚ ਇੱਕ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ। ਨਗਰ ਨਿਗਮ ਦੇ ਓਐਂਡਐੱਮ ਸੈੱਲ ਅਤੇ ਸਿਹਤ ਸ਼ਾਖਾ ਦੀਆਂ ਟੀਮਾਂ ਨੇ ਗਲੀਆਂ, ਖਾਲੀ ਪਲਾਟਾਂ ਤੇ ਸੀਵਰੇਜ ਦੀ ਸਫ਼ਾਈ ਕੀਤੀ, ਨਾਲ ਹੀ ਨਿੱਜੀ ਕੂੜੇ ਦੇ ਡੰਪਾਂ ਨੂੰ ਹਟਾ ਕੇ ਇਲਾਕੇ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ। ਵਾਰਡ 32 ਦੇ ਕੌਂਸਲਰ ਜਸਵਿੰਦਰ ਸਿੰਘ ਬੀਰੂ ਨੇ ਖੁਦ ਮੌਕੇ ’ਤੇ ਪਹੁੰਚ ਕੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਬੱਚੀ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਹੋਏ। ਮੌਕੇ ਹਲਕਾ ਦੱਖਣੀ ਦੇ ਵਿਧਾਇਕ ਰਜਿੰਦਰ ਪਾਲ ਛੀਨਾ ਅਤੇ ਉਨ੍ਹਾਂ ਦੀ ਟੀਮ ਵੀ ਮੌਜੂਦ ਸੀ। ਕੌਂਸਲਰ ਨੇ ਕਿਹਾ ਕਿ ਬੱਚੀ ਦੀ ਮੌਤ ਪ੍ਰਸ਼ਾਸਨਿਕ ਲਾਪ੍ਰਵਾਹੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਨਗਰ ਵਿੱਚ ਸਫ਼ਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ। ਨਗਰ ਨਿਗਮ ਦੇ ਐੱਸਡੀਓ ਅੰਮ੍ਰਿਤਪਾਲ ਸਿੰਘ ਨੇ ਵੀ ਆਪਣੀ ਟੀਮ ਸ਼ਾਂਤੀ ਨਗਰ ਵਿੱਚ ਭੇਜੀ। ਜੇਈ ਅਵਨੀਤ ਖੁਰਾਨਾ ਦੀ ਨਿਗਰਾਨੀ ਹੇਠ ਸ਼ਾਂਤੀ ਨਗਰ ਦੇ ਸਾਰੇ ਇਲਾਕਿਆਂ ਵਿੱਚ ਸੀਵਰੇਜ ਸਫ਼ਾਈ ਦਾ ਕੰਮ ਕੀਤਾ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਨਿਯਮਿਤ ਸਫ਼ਾਈ ਦੇ ਨਾਲ-ਨਾਲ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਵੀ ਯਕੀਨੀ ਬਣਾਈ ਜਾਵੇਗੀ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਸਥਾਨਕ ਲੋਕਾਂ ਨੇ ਨਗਰ ਨਿਗਮ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ, ਪਰ ਨਾਲ ਹੀ ਮੰਗ ਕੀਤੀ ਕਿ ਭਵਿੱਖ ਵਿੱਚ ਸਿਹਤ ਅਤੇ ਸਫ਼ਾਈ ਸਬੰਧੀ ਠੋਸ ਅਤੇ ਸਥਾਈ ਕਦਮ ਚੁੱਕੇ ਜਾਣ। ਇਸ ਦੌਰਾਨ ਇਸ ਮਾਮਲੇ ’ਤੇ ਸਾਬਕਾ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਮੌਕੇ ਦਾ ਦੌਰਾ ਕੀਤਾ ਅਤੇ ਇਸ ਇਲਾਕੇ ਵਿੱਚ ਬਹੁਤ ਸਾਰੀ ਗੰਦਗੀ ਫੈਲੀ ਹੋਈ ਸੀ। ਉਨ੍ਹਾਂ ਨਗਰ ਨਿਗਮ ਤੋਂ ਇੱਥੇ ਲਗਾਤਾਰ ਸਫ਼ਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ।