ਬਿਨ੍ਹਾਂ ਮਨਜ਼ੂਰੀ ਬਣ ਰਹੀਆਂ ਉਸਾਰੀਆਂ ‘ਤੇ ਚੱਲਿਆ ਨਗਰ ਨਿਗਮ ਦਾ ਪੀਲਾ ਪੰਜਾਂ

ਬਿਲਡਿੰਗ ਬ੍ਰਾਂਚ ਦੀ ਟੀਮ ਵੱਲੋਂ ਚਾਰ ਦੁਕਾਨਾਂ ਸਮੇਤ 7 ਗੈਰ-ਕਾਨੂੰਨੀ ਵਪਾਰਕ ਉਸਾਰੀਆਂ ਢਾਹੀਆਂ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਗਣ ਲੁਧਿਆਣਾ
ਸ਼ਹਿਰ ਵਿੱਚ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਕਾਰਵਾਈ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਤਹਿਤ ਸੋਮਵਾਰ ਨੂੰ ਨਗਰ ਨਿਗਮ ਦੇ ਜ਼ੋਨ ਡੀ ਦੀ ਟੀਮ ਨੇ ਵੱਖ-ਵੱਖ ਇਲਾਕਿਆਂ ਵਿੱਚ ਕਾਰਵਾਈ ਕਰਦਿਆਂ 7 ਗੈਰ-ਕਾਨੂੰਨੀ ਵਪਾਰਕ ਉਸਾਰੀਆਂ ਨੂੰ ਪੀਲੇ ਪੰਜੇਂ ਨਾਲ ਢਾਹ ਦਿੱਤਾ। ਇਸ ਕਾਰਵਾਈ ਦੌਰਾਨ ਹੈਬੋਵਾਲ ਇਲਾਕੇ ਵਿੱਚ ਬਣ ਰਹੀਆਂ 4 ਦੁਕਾਨਾਂ ਸਮੇਤ ਹੋਰ ਕਈ ਗੈਰ-ਕਾਨੂੰਨੀ ਢਾਂਚਿਆਂ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਤੋੜਿਆ ਗਿਆ। ਨਗਰ ਨਿਗਮ ਦੀ ਇਸ ਕਾਰਵਾਈ ਨਾਲ ਗੈਰ-ਕਾਨੂੰਨੀ ਤੌਰ ‘ਤੇ ਉਸਾਰੀ ਕਰਨ ਵਾਲਿਆਂ ਵਿੱਚ ਹੜਕੰਪ ਮੱਚ ਗਿਆ।
ਸੋਮਵਾਰ ਨੂੰ ਨਗਰ ਨਿਗਮ ਦੀ ਟੀਮ ਨੇ ਘੁਮਾਰ ਮੰਡੀ, ਧੋਬੀ ਘਾਟ ਨੇੜੇ ਅਤੇ ਸਰਾਭਾ ਨਗਰ ਮਾਰਕੀਟ ਦੇ ਕੋਲ ਇੱਕ-ਇੱਕ ਗੈਰ-ਕਾਨੂੰਨੀ ਵਪਾਰਕ ਉਸਾਰੀ ਖ਼ਿਲਾਫ਼ ਕਾਰਵਾਈ ਕੀਤੀ। ਇਸ ਤੋਂ ਇਲਾਵਾ ਹੈਬੋਵਾਲ ਇਲਾਕੇ ਵਿੱਚ ਮਲ੍ਹੀ ਫਾਰਮਾਂ ਦੇ ਨੇੜੇ 4 ਨਿਰਮਾਣ ਅਧੀਨ ਦੁਕਾਨਾਂ ਨੂੰ ਵੀ ਢਾਹ ਦਿੱਤਾ ਗਿਆ। ਇਹ ਸਾਰੀਆਂ ਉਸਾਰੀਆਂ ਬਿਨ੍ਹਾਂ ਮਨਜ਼ੂਰਸ਼ੁਦਾ ਬਿਲਡਿੰਗ ਪਲਾਨ ਅਤੇ ਨਗਰ ਨਿਗਮ ਦੀ ਆਗਿਆ ਤੋਂ ਬਿਨ੍ਹਾਂ ਕੀਤੀਆਂ ਜਾ ਰਹੀਆਂ ਸਨ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਉਸਾਰੀਆਂ ਦੇ ਮਾਲਕਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰਕੇ ਕੰਮ ਰੋਕਣ ਲਈ ਕਿਹਾ ਗਿਆ ਸੀ। ਇਸ ਦੇ ਬਾਵਜੂਦ ਮਾਲਕਾਂ ਵੱਲੋਂ ਨਿਰਮਾਣ ਕਾਰਜ ਜਾਰੀ ਰੱਖਿਆ ਗਿਆ, ਜਿਸ ਕਾਰਨ ਨਿਗਮ ਨੂੰ ਸਖ਼ਤ ਕਦਮ ਚੁੱਕਣੇ ਪਏ। ਕਾਰਵਾਈ ਦੌਰਾਨ ਪੁਲਿਸ ਬੱਲ ਵੀ ਮੌਜੂਦ ਰਿਹਾ ਤਾਂ ਜੋ ਕਿਸੇ ਕਿਸਮ ਦੀ ਅਣਚਾਹੀ ਸਥਿਤੀ ਪੈਦਾ ਨਾ ਹੋਵੇ।
ਨਗਰ ਨਿਗਮ ਜ਼ੋਨ ਡੀ ਦੇ ਸਹਾਇਕ ਟਾਊਨ ਪਲਾਨਰ (ਏਟੀਪੀ) ਹਰਵਿੰਦਰ ਸਿੰਘ ਹਨੀ ਥਾਂਦੀ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਗੈਰ-ਕਾਨੂੰਨੀ ਉਸਾਰੀਆਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਟ੍ਰੈਫਿਕ, ਸੀਵਰੇਜ, ਪਾਰਕਿੰਗ ਅਤੇ ਹੋਰ ਬੁਨਿਆਦੀ ਸਹੂਲਤਾਂ ‘ਤੇ ਵਾਧੂ ਬੋਝ ਨਾ ਪਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਲੋਕ ਬਿਨ੍ਹਾਂ ਮਨਜ਼ੂਰੀ ਇਮਾਰਤਾਂ ਜਾਂ ਵਪਾਰਕ ਇਕਾਈਆਂ ਤਿਆਰ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਵੱਲੋਂ ਵਸਨੀਕਾਂ ਅਤੇ ਬਿਲਡਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰਨ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਗੈਰ-ਕਾਨੂੰਨੀ ਉਸਾਰੀ ਕਰਦਾ ਪਾਇਆ ਗਿਆ ਤਾਂ ਉਸਾਰੀ ਨੂੰ ਢਾਹੁਣ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਨਗਰ ਨਿਗਮ ਦੀ ਜ਼ੋਨ ਡੀ ਦੇ ਇਲਾਕੇ ਵਿੱਚ ਲਗਾਤਾਰ ਦੋ ਦਿਨ ਸ਼ਨਿਚਰਵਾਰ ਅਤੇ ਸੋਮਵਾਰ ਨੂੰ ਕੀਤੀ ਗਈ ਇਸ ਕਾਰਵਾਈ ਨੂੰ ਸ਼ਹਿਰ ਵਿੱਚ ਗੈਰ-ਕਾਨੂੰਨੀ ਕਬਜ਼ਿਆਂ ਅਤੇ ਬਿਨ੍ਹਾਂ ਮਨਜ਼ੂਰੀ ਬਣ ਰਹੀਆਂ ਇਮਾਰਤਾਂ ਵਿਰੁੱਧ ਇੱਕ ਵੱਡੇ ਸੰਦੇਸ਼ ਵਜੋਂ ਵੇਖਿਆ ਜਾ ਰਿਹਾ ਹੈ।