ਨਗਰ ਨਿਗਮ ਨੇ ਲੋਹ-ਲੰਗਰ ਦੀ ਜ਼ਮੀਨ ’ਤੇ ਗੈਰ-ਕਾਨੂੰਨੀ ਉਸਾਰੀ ਢਾਹੀ
ਨਗਰ ਨਿਗਮ ਨੇ ਗਿਆਸਪੁਰਾ ਵਿੱਚ ਲੋਹ-ਲੰਗਰ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਉਸਾਰੀ ਨੂੰ ਢਾਹਿਆ
Publish Date: Mon, 04 May 2026 10:19 PM (IST)
Updated Date: Tue, 05 May 2026 04:20 AM (IST)
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ
ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਨਗਰ ਨਿਗਮ ਜ਼ੋਨ ਸੀ ਅਧੀਨ ਆਉਦੇ ਇਲਾਕੇ ਗਿਆਸਪੁਰਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਲੋਹ-ਲੰਗਰ ਦੀ ਕਾਫੀ ਜ਼ਮੀਨ ਪਈ ਹੈ। ਜਿਸ ਦੀ ਨਾ ਤਾਂ ਖਰੀਦੋ ਫਰੋਖਤ ਹੋ ਸਕਦੀ ਹੈ ਅਤੇ ਨਾ ਹੀ ਇਸ ਤੇ ਕੋਈ ਉਸਾਰੀ ਕੀਤੀ ਜਾ ਸਕਦੀ ਹੈ। ਪਰ ਪਿਛਲੇ ਸਮੇਂ ਦੌਰਾਨ ਇਸ ਜ਼ਮੀਨ ਦੇ ਟੁਕੜਿਆਂ ਵਿੱਚ ਵਸੀਕੇ ਰਜ਼ਿਸਟਰ ਹੋਣ ਤੋਂ ਬਾਅਦ ਕਈ ਲੋਕਾਂ ਨੇ ਇਸ ਜ਼ਮੀਨ ਤੇ ਆਪਣੇ ਘਰ ਅਤੇ ਦੁਕਾਨਾਂ ਬਣਾ ਲਈਆਂ। ਜਿਵੇਂ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜ਼ਮੀਨ ਬਾਰੇ ਪਤਾ ਲੱਗਿਲਾ ਤਾਂ ਅੱਗੇ ਤੋਂ ਉਸਾਰੀਆਂ ਰੋਕਣ ਲਈ ਉਕਤ ਜ਼ਮੀਨ ਵਿੱਚ ਚੇਤਾਬਨੀ ਦੇ ਬੋਰਡ ਲਗਾ ਦਿੱਤੇ। ਪਰ ਇਸ ਦੇ ਬਾਵਜੂਦ ਕਿਸੇ ਵੱਲੋਂ ਨਵੇਂ ਸਿਰੇ ਤੋਂ ਇਸ ਜ਼ਮੀਨ ਦੇ ਇਕ ਟੁਕੜੇ ਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਜਿਸ ਦੀ ਜਾਣਕਾਰੀ ਨਗਰ ਨਿਗਮ ਅਧਿਕਾਰੀਆਂ ਨੂੰ ਮਿਲੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੇ ਐਮਟੀਪੀ ਵਿਜੈ ਕੁਮਾਰ ਨੇ ਜ਼ੋਨ ਸੀ ਦੀ ਬਿਲਡਿੰਗ ਬ੍ਰਾਂਚ ਨੂੰ ਉਕਤ ਉਸਾਰੀ ਤੇ ਕਾਰਵਾਈ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਅੱਜ ਜ਼ਮੀਨ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਨਗਰ ਨਿਗਮ ਜ਼ੋਨ ਸੀ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਨੇ ਗਿਆਸਪੁਰਾ ਵਿੱਚ ਲੋਹ-ਲੰਗਰ ਦੀ ਜ਼ਮੀਨ 'ਤੇ ਇੱਕ ਨਿਰਮਾਣ ਅਧੀਨ ਗੈਰ-ਕਾਨੂੰਨੀ ਇਮਾਰਤ ਢਾਹ ਦਿੱਤਾ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਤੋਂ ਇਸ ਜਗ੍ਹਾ 'ਤੇ ਇੱਕ ਚੇਤਾਬਨੀ ਦਾ ਬੋਰਡ ਵੀ ਲਗਾਇਆ ਗਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਇਹ ਲੋਹ-ਲੰਗਰ ਦੀ ਜ਼ਮੀਨ ਹੈ ਅਤੇ ਇਸ ਜਮੀਨ ਤੇ ਕਿਸੇ ਤਰ੍ਹਾਂ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ। ਪਰ ਇਸ ਦੇ ਬਾਵਜੂਦ ਕੋਈ ਉਸਾਰੀਕਾਰ ਇਸ ਚੇਤਾਬਨੀ ਦੀ ਪ੍ਰਵਾਹ ਕੀਤੇ ਬਗੈਰ ਉਸ ਜਗ੍ਹਾ 'ਤੇ ਇਮਾਰਤ ਬਣਾ ਰਿਹਾ ਸੀ ਜਿਸ ਦੀ ਜਾਣਕਾਰੀ ਮਿਲਦੇ ਹੀ ਨਗਰ ਨਿਗਮ ਜ਼ੋਨ ਸੀ ਦੀ ਬਿਲਡਿੰਗ ਸ਼ਾਖਾ ਦੀ ਟੀਮ ਵੱਲੋਂ ਉਕਤ ਉਸਾਰੀ ਅਧੀਨ ਇਮਾਰਤ ਨੂੰ ਢਾਹ ਦਿੱਤਾ ਗਿਆ। ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਨਿਰਦੇਸ਼ਾਂ 'ਤੇ ਗੈਰ-ਕਾਨੂੰਨੀ ਉਸਾਰੀ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਇਸ ਦੌਰਾਨ, ਨਗਰ ਨਿਗਮ ਦੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਨਿਰਮਾਣ ਕਾਰਜ ਸ਼ੁਰੂ ਕਰਨ, ਨਹੀਂ ਤਾਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।