ਨੋਟ-ਅੱਜ ਮਾਂ ਦਿਵਸ ’ਤੇ ਵਿਸ਼ੇਸ਼

ਅੱਜ ਮਾਂ ਦਿਵਸ ’ਤੇ ਵਿਸ਼ੇਸ਼
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਮਾਂ ਸ਼ਬਦ ਕਹਿਣ ਨੂੰ ਭਾਵੇਂ ਬਹੁਤ ਛੋਟਾ ਜਿਹਾ ਹੈ ਪਰ ਇਸ ਸ਼ਬਦ ਦੀਆਂ ਜਿੰਨੀਆਂ ਪਰਿਭਾਸ਼ਾਵਾਂ ਦਿੱਤੀਆਂ ਜਾਣ, ਓਨੀਆਂ ਹੀ ਥੋੜ੍ਹੀਆਂ ਹਨ। ਮਾਂ ਆਦਿ ਕਾਲ ਤੋਂ ਤਿਆਗ, ਮਮਤਾ ਤੇ ਪਿਆਰ ਦੀ ਮੂਰਤ ਹੈ। ਇਨਸਾਨ ਦੁਨੀਆ 'ਚ ਆਉਂਦਿਆਂ ਹੀ ਰਿਸ਼ਤਿਆਂ ਅਤੇ ਇਨ੍ਹਾਂ ਨਾਲ ਜੁੜੀਆਂ ਮੋਹ ਦੀਆਂ ਤੰਦਾਂ 'ਚ ਬੱਝ ਜਾਂਦਾ ਹੈ ਅਤੇ ਸਭ ਤੋਂ ਪਿਆਰ ਭਰੀ ਤੰਦ ਮਾਂ ਦੇ ਰਿਸ਼ਤੇ ਦੀ ਹੁੰਦੀ ਹੈ। ਮਾਂ ਨਾਲ ਬੱਚੇ ਦਾ ਰਿਸ਼ਤਾ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਜੁੜ ਜਾਂਦਾ ਹੈ। ਜਦੋਂ ਬੱਚਾ ਬੋਲਣਾ ਸਿੱਖਦਾ ਹੈ ਤਾਂ ਉਸ ਦੇ ਮੂੰਹ 'ਚੋਂ ਨਿਕਲਣ ਵਾਲਾ ਪਹਿਲਾ ਸ਼ਬਦ ਵੀ ਜ਼ਿਆਦਾਤਰ 'ਮਾਂ' ਹੀ ਹੁੰਦਾ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇ ਤਕਦੀਰ ਲਿਖਣ ਦਾ ਹੱਕ ਮਾਂ ਨੂੰ ਹੁੰਦਾ ਤਾਂ ਔਲਾਦ ਦੀ ਜ਼ਿੰਦਗੀ ਵਿੱਚ ਇੱਕ ਵੀ ਦੁੱਖ ਨਾ ਹੁੰਦਾ। ਉਸਤਾਦ ਦੇਵ ਥਰੀਕੇ ਵਾਲੇ ਦਾ ਲਿਖਿਆ ਅਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਗਾਇਆ ਸਦਾ ਬਹਾਰ ਗੀਤ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ਵੀ ਮਾਂ ਦੀ ਮਹਾਨਤਾ ਨੂੰ ਬਾਖੂਬੀ ਬਿਆਨ ਕਰਦਾ ਹੈ। ਪੇਸ਼ ਹਨ ਮਾਂ ਦਿਵਸ ਤੇ ਸਮਾਜ ਦੇ ਵੱਖ ਵੱਖ ਸ਼ਖਸੀਅਤਾਂ ਵੱਲੋਂ ਪ੍ਰਗਟਾਏ ਵਿਚਾਰ।
ਮਾ ਦੇ ਪਿਆਰ ਦੀ ਡੂੰਘਾਈ ਦਾ ਅੰਦਾਜ਼ਾ ਲਾਉਣਾ ਤਾਂ ਦੂਰ ਦੀ ਗੱਲ-ਗਰੇਵਾਲ
ਡਾ. ਜਸਵੀਰ ਸਿੰਘ ਗਰੇਵਾਲ, ਸੰਸਥਾਪਕ ਪੰਜਾਬੀ ਚੇਤਨਾ ਸੱਥ ਨੇ ਮਾਂ ਦਿਵਸ ਦੇ ਮੌਕੇ ਤੇ ਗੱਲ ਕਰਦੇ ਹੋਏ ਕਿਹਾ ਕਿ ਦੁਨੀਆ ਭਰ ਦੀਆਂ ਮਾਵਾਂ ਪ੍ਰਤੀ ਆਪਣਾ ਸਤਿਕਾਰ ਅਤੇ ਸ਼ੁਕਰਗੁਜ਼ਾਰੀ ਦਿਖਾਉਣ ਲਈ ਅਸੀਂ ਮਾਂ ਦਿਵਸ ਮਨਾਉਂਦੇ ਹਾਂ। ਜੇਕਰ ਅਸੀਂ ਉਨਾਂ ਦਾ ਸਤਿਕਾਰ ਤੇ ਸ਼ੁਕਰਾਨਾ ਨਹੀਂ ਕਰ ਸਕਦੇ ਤਾਂ ਸਾਨੂੰ ਜਿਊਣ ਦਾ ਕੋਈ ਅਧਿਕਾਰ ਨਹੀਂ। ਇੱਕ ਮਾਂ ਇੰਨੀ ਵੱਡੀ ਪ੍ਰੇਰਨਾ ਹੈ ਕਿ ਉਸਦੇ ਕੀਤੇ ਕੰਮਾਂ ਨੂੰ ਪਛਾਣਨ ਲਈ ਇੱਕ ਦਿਨ ਕਾਫ਼ੀ ਨਹੀਂ ਹੈ। ਮਾਂ ਦੇ ਪਿਆਰ ਨੂੰ ਕਿਸੇ ਤਰਾਜੂ 'ਚ ਨਹੀਂ ਤੋਲਿਆ ਜਾ ਸਕਦਾ ਅਤੇ ਨਾ ਹੀ ਨਾਪਿਆ ਜਾ ਸਕਦਾ ਹੈ। ਮਾ ਦੇ ਪਿਆਰ ਦੀ ਡੂੰਘਾਈ ਦਾ ਅੰਦਾਜ਼ਾ ਲਾਉਣਾ ਤਾਂ ਦੂਰ ਦੀ ਗੱਲ ਹੈ।
---
ਮਾਂ ਆਪਣੇ ਬੱਚਿਆਂ ਲਈ ਕੇਵਲ ਸੁੱਖ ਹੀ ਮੰਗਦੀ ਹੈ-ਜੱਸੋਵਾਲ
ਮਾਂ ਦਿਵਸ ਮੌਕੇ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਭਰਪੂਰ ਸਿੰਘ ਜੱਸੋਵਾਲ ਨੇ ਕਿਹਾ ਕਿ ਹਰੇਕ ਕਰਜ਼ ਉਤਾਰਿਆ ਜਾ ਸਕਦਾ ਹੈ ਪਰ ਮਾਂ ਦਾ ਕਰਜ਼ਾ ਨਹੀਂ। ਬੜਾ ਦੁੱਖ ਹੁੰਦਾ ਹੈ ਜਦੋਂ ਮਾਵਾਂ ਨੂੰ ਆਸ਼ਰਮਾਂ 'ਚ ਵੇਖਦੇ ਹਾਂ। ਔਲਾਦ ਕਾਮਯਾਬ ਹੋਵੇ ਜਾਂ ਨਾਕਾਮਯਾਬ ਪਰ ਮਾਂ ਸਦਾ ਉਸ ਨੂੰ ਗਲ ਨਾਲ ਲਾ ਕੇ ਰੱਖਦੀ ਹੈ। ਇਕ ਮਾਂ ਜਿਉਂਦੇ ਜੀ ਤਾਂ ਕੀ ਇਸ ਦੁਨੀਆ ਤੋਂ ਰੁਖ਼ਸਤ ਹੋਣ ਪਿੱਛੇ ਵੀ ਬੱਚਿਆਂ ਦਾ ਬੁਰਾ ਨਹੀਂ ਸੋਚਦੀ। ਮਾਂ ਦਿਵਸ ਮੌਕੇ ਹਰੇਕ ਔਲਾਦ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਮਾਂ ਦੀ ਝੋਲੀ ਖ਼ੁਸ਼ੀਆਂ ਨਾਲ ਭਰ ਦੇਵੇ। ਮਾਂ ਆਪਣੇ ਬੱਚਿਆਂ ਲਈ ਕੇਵਲ ਸੁੱਖ ਹੀ ਮੰਗਦੀ ਹੈ। ਖ਼ੁਦ ਦੁੱਖ ਝੱਲ ਕੇ ਵੀ ਬੱਚਿਆਂ ਦੀ ਜ਼ਿੰਦਗੀ ਨੂੰ ਸੁਖਮਈ ਬਣਾਉਣਾ ਚਾਹੁੰਦੀ ਹੈ। ਕਿਸੇ ਨੇ ਸੱਚ ਕਿਹਾ ਹੈ ਕਿ ਰੱਬ ਹਰ ਜਗ੍ਹਾ ਨਹੀਂ ਸੀ ਪਹੁੰਚ ਸਕਦਾ ਇਸੇ ਲਈ ਉਸਨੇ ਮਾਂ ਬਣਾਈ। ਔਲਾਦ ਨੂੰ ਚਾਹੀਦਾ ਹੈ ਕਿ ਮਾਂ ਨੂੰ ਜਿਉਂਦੇ ਜੀਅ ਹੀ ਸਭ ਖੁਸ਼ੀਆਂ ਅਤੇ ਸੁੱਖ ਪ੍ਰਦਾਨ ਕਰੋ।
ਸੰਤਾਨ ਦੇ ਹਿਰਦੇ ਦਾ ਸਿੰਘਾਸਨ ਹੋਣਾ ਚਾਹੀਦੈ ਮਾਵਾਂ ਦਾ ਸਥਾਨ-ਡਾ. ਆਸ਼ਟ
ਡਾ. ਦਰਸ਼ਨ ਸਿੰਘ ਆਸ਼ਟ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਸਟੇਟ ਅਵਾਰਡੀ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਦੁਨੀਆ ਵਿੱਚ ਜੇਕਰ ਸਭ ਤੋਂ ਪਾਕੀਜ਼ ਰਿਸ਼ਤੇ ਦਾ ਨਾਂ ਲੈਣਾ ਹੋਵੇ ਤਾਂ ਉਹ ਯਕੀਨਨ ਮਾਂ ਹੈ ਜਿਸ ਦੇ ਅਹਿਸਾਸ ਨਾਲ ਹਿਰਦਾ ਠੰਡਕ ਮਹਿਸੂਸ ਕਰਦਾ ਹੈ। ਮਾਂ ਆਪਣੀ ਸੰਤਾਨ ਲਈ ਹੱਸ ਹੱਸ ਕੇ ਕੁਰਬਾਨੀ ਦੇਣ ਤੋਂ ਗ਼ੁਰੇਜ਼ ਨਹੀਂ ਕਰਦੀ। ਉਹ ਆਪਣੇ ਬਾਲਾਂ ਦੇ ਮੂੰਹ ਵਿੱਚ ਭੋਜਨ ਪਾਉਣ ਉਪਰੰਤ ਅਖੀਰ ਵਿੱਚ ਰੁਖੀ ਮਿਸੀ ਖਾ ਕੇ, ਸਬਰ ਸੰਤੋਖ ਅਤੇ ਸਕੂਨ ਮਹਿਸੂਸ ਕਰਦੀ ਹੈ। ਉਹ ਤਿਆਗ ਦੀ ਮੂਰਤ ਹੈ ਜਿਸ ਦਾ ਗੁਣਗਾਨ ਅਤੇ ਵਿਖਿਆਨ ਗੁਰੂਆਂ -ਪੀਰਾਂ, ਵਲੀ ਪੈਗੰਬਰ, ਔਲੀਆਂ ਨੇ ਵੀ ਕੀਤਾ ਹੈ। ਅਫਸੋਸ ਕਿ ਅੱਜ ਦੇ ਇਸ ਪਦਾਰਥਵਾਦੀ ਦੌਰ ਵਿੱਚ ਮਾਂ ਨੂੰ ਘਰ ਪਰਿਵਾਰ ਵਿੱਚ ਬੇਲੋੜੀ ਵਸਤੂ ਸਮਝ ਕੇ ਬਿਰਧ ਆਸ਼ਰਮ ਵਿੱਚ ਭੇਜਿਆ ਜਾ ਰਿਹਾ ਹੈ। ਮਾਵਾਂ ਦਾ ਸਥਾਨ ਬਿਰਧ ਆਸ਼ਰਮ ਨਹੀਂ ਸਗੋਂ ਸੰਤਾਨ ਦੇ ਹਿਰਦੇ ਦਾ ਸਿੰਘਾਸਨ ਹੋਣਾ ਚਾਹੀਦਾ ਹੈ। ਅਜੋਕਾ ਸਮਾਂ ਸਾਨੂੰ ਆਪਣੀ ਇਸੇ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ ਕਿ ਜੇਕਰ ਅਸੀਂ ਆਪਣੇ ਇਸ ਪਾਕ ਪਵਿੱਤਰ ਰਿਸ਼ਤੇ ਪ੍ਰਤੀ ਲਾਪਰਵਾਹ ਹੋਵਾਂਗੇ ਤਾਂ ਭਵਿੱਖ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ।
ਮਾਂ ਦਾ ਰੁਤਬਾ ਰੱਬ ਤੋਂ ਵੀ ਉੱਚਾ : ਸ਼ਰਨਜੀਤ ਕੌਰ
ਮਾਡਲ ਟਾਊਨ ਸਥਿੱਤ ਜਪਪ੍ਰਭ ਕਰੀਏਸ਼ਨ ਬੁਟੀਕ ਦੀ ਪ੍ਰਬੰਧਕ ਸ਼ਰਨਜੀਤ ਕੌਰ ਨੇ ਕਿਹਾ ਕਿ ਮਾਂ ਦਾ ਰੁਤਬਾ ਰੱਬ ਤੋਂ ਵੀ ਉੱਚਾ ਹੈ ਕਿਉਂਕਿ ਪੀਰਾ ਅਤੇ ਪੈਗੰਬਰਾਂ ਨੂੰ ਜਨਮ ਦੇਣ ਵਾਲੀ ਵੀ ਮਾਂ ਹੀ ਹੈ। ਵੱਖ-ਵੱਖ ਸ਼ਾਇਰਾਂ ਨੇ ਵੀ ਮਾਂ ਦੀ ਮਹਾਨਤਾ ਨੂੰ ਬਾਖੂਬੀ ਬਿਆਨ ਕਰਨ ਦਾ ਯਤਨ ਕੀਤਾ ਹੈ। ਕਿਸੇ ਨੇ ਮਾਂ ਨੂੰ ਘਣਛਾਵਾਂ ਬੂਟਾ ਦੱਸਿਆ ਤੇ ਕਿਸੇ ਨੇ ਠੰਢੀ ਛਾਂ। ਮਾਂ ਬਿਨਾਂ ਕੁੱਝ ਬੋਲੇ ਹੀ ਔਲਾਦ ਦੀ ਹਰ ਗੱਲ ਨੂੰ ਸਮਝ ਜਾਂਦੀ ਹੈ। ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਮਾਂ ਦਾ ਰਿਸ਼ਤਾ ਹੋਰ ਗੂੜ੍ਹਾ ਹੋ ਜਾਂਦਾ ਹੈ। ਅੱਜ ਦੇ ਦਿਨ ਹਰ ਔਲਾਦ ਨੂੰ ਇਹ ਅਹਿਦ ਕਰਨਾ ਚਾਹੀਦਾ ਹੈ ਕਿ ਅਸੀਂ ਮਾਂਵਾਂ ਦੀ ਝੋਲੀ ਸਿਰਫ ਤੇ ਸਿਰਫ ਖੁਸ਼ੀਆਂ ਨਾਲ ਭਰ ਦਿਆਂਗੇ।
ਮਾਂ ਦੀ ਕੁੱਟ ਅਤੇ ਝਿੜਕਾਂ ਵਿੱਚ ਵੀ ਹੁੰਦੀ ਹੈ ਮਮਤਾ-ਸਾਬਕਾ ਸੂਬੇਦਾਰ ਜਸਵੰਤ ਸਿੰਘ
ਸਾਬਕਾ ਸੂਬੇਦਾਰ ਜਸਵੰਤ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਮਾਂ-ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਸਾਰਿਆਂ ਨੂੰ ਮਾਂ-ਦਿਵਸ ਦੀਆਂ ਮੁਬਾਰਕਾਂ ਹਨ ਪਰ ਮਾਂ-ਦਿਵਸ ਸਿਰਫ ਅੱਜ ਹੀ ਨਹੀਂ ਹੈ। ਹਰ ਇੱਕ ਦਿਨ ਮਾਂ-ਦਿਵਸ ਹੁੰਦਾ ਹੈ। ਅਸਹਿ ਪੀੜਾ ਵਿੱਚੋਂ ਗੁਜ਼ਰ ਕੇ ਮਾਂ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ। ਆਪਣੇ ਦੁੱਧ ਨਾਲ ਪਾਲਦਿਆ ਅਤੇ ਲੋਰੀ ਦਿੰਦਿਆਂ ਬੱਚਿਆਂ ਦਾ ਹਰ ਪੱਖੋਂ ਧਿਆਨ ਰੱਖਦੀ ਹੈ। ਮਾਂ ਦੀ ਕੁੱਟ ਅਤੇ ਝਿੜਕਾਂ ਵਿੱਚ ਅਮੁੱਲ ਮਮਤਾ ਹੀ ਹੁੰਦੀ ਹੈ। ਮਾਂ ਦੀ ਗੋਦ ਵਿੱਚ ਬੱਚਾ ਸੁਰੱਖਿਅਤ ਹੁੰਦਾ ਹੈ। ਬਾਲ ਅਵੱਸਥਾ ਵਿੱਚ ਬੱਚਾ ਆਪਣੀ ਮਾਤਾ ਨਾਲ ਹਰ ਦੁੱਖ ਤੇ ਖੁਸ਼ੀ ਵਾਲੀ ਗੱਲ ਕਰ ਕੇ ਸੰਤੁਸ਼ਟਤਾ ਦਾ ਆਭਾਸ ਕਰਦਾ ਹੈ। ਕਿਸੇ ਸਮੇਂ ਸਹੂਲਤਾਂ ਦੀ ਥੋੜ ਵਿੱਚ ਵੀ ਮਾਵਾਂ ਆਪਣੇ ਬੱਚਿਆਂ ਨੂੰ ਹਰ ਸੰਭਵ ਢੰਗ ਨਾਲ ਪਾਲਣ-ਪੋਸ਼ਣ ਕਰ ਲੈਂਦੀਆਂ ਸਨ। ਅਸੁਵਿਧਾਵਾਂ ਵਿੱਚ ਵੀ ਮਾਂ ਤੇ ਬੱਚਿਆਂ ਦੇ ਪਿਆਰ ਦੀ ਗੰਢ ਪੀਡੀ ਹੀ ਰਹਿੰਦੀ ਸੀ।
ਮਾਂ ਹੀ ਹੁੰਦੀ ਹੈ ਜ਼ਿੰਦਗੀ ਦਾ ਪਹਿਲਾ ਪਿਆਰ ਅਤੇ ਪਹਿਲਾ ਗੁਰੂ-ਸੰਧੇ
ਗੱਲਬਾਤ ਕਰਦੇ ਹੋਏ ਮਸ਼ਹੂਰ ਗੀਤਕਾਰ ਸੰਧੇ ਸੁਖਬੀਰ ਨੇ ਕਿਹਾ ਕਿ ਔਲਾਦ ਲਈ ਜੋ ਦੁੱਖ ਅਤੇ ਤਕਲੀਫਾਂ ਮਾਂ ਝੱਲ ਸਕਦੀ ਹੈ, ਹੋਰ ਕੋਈ ਨਹੀਂ ਝੱਲ ਸਕਦਾ। ਇੱਕ ਮਾਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਕੇ ਬੱਚੇ ਨੂੰ ਜਨਮ ਦਿੰਦੀ ਹੈ। ਕਈ ਕੇਸਾਂ 'ਚ ਤਾਂ ਆਪਣਾ ਆਪ ਕੁਰਬਾਨ ਕਰ ਕੇ ਵੀ ਮਾਂ ਬੱਚੇ ਨੂੰ ਇਹ ਦੁਨੀਆ ਵਿਖਾਉਂਦੀ ਹੈ। ਇਸ ਲਈ ਹਰੇਕ ਔਲਾਦ ਦਾ ਫ਼ਰਜ਼ ਹੈ ਕਿ ਜੇਕਰ ਮਾਂ ਨੂੰ ਸੁੱਖ ਨਹੀ ਦੇ ਸਕਦੇ ਤਾਂ ਦੁੱਖ ਵੀ ਨਾ ਦੇਣ। ਸੁਖਬੀਰ ਨੇ ਕਿਹਾ ਕਿ ਕੇਵਲ ਇੱਕ ਦਿਨ ਹੀ ਨਹੀਂ ਸਗੋਂ ਹਰੇਕ ਦਿਨ ਮਾਂ ਦਿਵਸ ਹੋਣਾ ਚਾਹੀਦਾ ਹੈ। ਇਹ ਵੀ ਗੱਲ ਭੁਲਾਈ ਨਹੀਂ ਜਾ ਸਕਦੀ ਕਿ ਜ਼ਿੰਦਗੀ ਦਾ ਪਹਿਲਾ ਪਿਆਰ ਅਤੇ ਪਹਿਲਾ ਗੁਰੂ ਵੀ ਮਾਂ ਹੀ ਹੁੰਦੀ ਹੈ।
ਉਹਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਜੀਹਦੀ ਜੱਗ 'ਤੇ ਜਿਉਂਦੀ ਮਾਂ ਹੋਵੇ-ਕਵਿਤਾ ਸੋਨੀ
ਮਾਂ ਦਿਵਸ ਮੌਕੇ ਗੱਲਬਾਤ ਕਰਦਿਆਂ ਕਵਿਤਾ ਸੋਨੀ ਨੇ ਵਿਚਾਰ ਪ੍ਰਗਟਾਏ ਕਿ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਉਸ ਇਨਸਾਨ ਨੂੰ ਤੀਰਥ ਤੇ ਜਾਣ ਦੀ ਲੋੜ ਨਹੀਂ ਜੀਹਦੀ ਜੱਗ 'ਤੇ ਜਿਉਂਦੀ ਮਾਂ ਹੋਵੇ, ਦੁਨੀਆ ਦੇ ਸਭ ਰਿਸ਼ਤਿਆਂ 'ਚ ਮਤਲਬ ਛਿਪਿਆ ਹੋ ਸਕਦਾ ਹੈ ਪਰ ਮਾਂ ਦੇ ਰਿਸ਼ਤੇ 'ਚ ਨਹੀਂ, ਕਿਉਂਕਿ ਮਾਂ ਕੇਵਲ ਵੰਡਣਾ ਹੀ ਜਾਣਦੀ ਹੈ। ਮਾਂ ਔਲਾਦ ਨੂੰ ਪਿਆਰ ਵੀ ਕਰਦੀ ਹੈ ਅਤੇ ਡਾਂਟਦੀ ਵੀ ਹੈ ਪਰ ਇਹ ਕਦੇ ਬਰਦਾਸ਼ਤ ਨਹੀਂ ਕਰਦੀ ਕਿ ਉਸ ਦੀ ਔਲਾਦ ਨੂੰ ਕੋਈ ਹੋਰ ਕੁੱਝ ਕਹੇ। ਖੁਸ਼ਕਿਸਮਤ ਹੈ ਉਹ ਔਲਾਦ ਜਿਨ੍ਹਾਂ ਦੇ ਘਰ 'ਚ ਮਾਂ ਦਾ ਵਾਸਾ ਹੈ। ਮਾਂ ਦਿਵਸ ਮੌਕੇ ਮੇਰੀ ਦੁਆ ਹੈ ਕਿ ਰੱਬ ਹਰ ਮਾ ਅਤੇ ਉਸਦੀ ਔਲਾਦ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
ਔਲਾਦ ਦੀ ਹਰ ਖਵਾਹਿਸ਼ ਪੂਰੀ ਕਰਦੀ ਹੈ ਮਾਂ-ਰਣਜੋਧ ਸਿੰਘ
ਕਈ ਕਿਤਾਬਾਂ ਦੇ ਲੇਖਕ ਰਣਜੋਧ ਸਿੰਘ ਨੇ ਮਾਂ ਦਿਵਸ ਮੌਕੇ ਗੱਲ ਕਰਦੇ ਹੋਏ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੱਬ ਹਰ ਥਾਂ ਮੌਜੂਦ ਨਹੀਂ ਹੋ ਸਕਦਾ ਸੀ, ਇਸ ਲਈ ਉਸਨੇ ਮਾਂ ਬਣਾ ਦਿੱਤੀ । ਮਾਂ ਰੱਬ ਦਾ ਹੀ ਦੂਸਰਾ ਰੂਪ ਹੈ। ਮਾਂ ਜਨਨੀ ਹੈ ਤੇ ਮਾਂ ਹੀ ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਦੀ ਹੈ, ਲਾਡਾਂ ਨਾਲ ਪਾਲਦੀ ਹੈ ਅਤੇ ਉਸਦੇ ਹਰ ਚਾਅ ਪੂਰੇ ਕਰਦੀ ਹੈ। ਮਾਂ ਭਾਵੇਂ ਆਪ ਤੰਗੀ ਕੱਟ ਲਵੇ ਪਰ ਆਪਣੇ ਬੱਚਿਆਂ ਨੂੰ ਹਮੇਸ਼ਾ ਰੱਜ ਕੇ ਖਵਾਏਗੀ ਅਤੇ ਉਹਨਾਂ ਦੀ ਹਰ ਖਵਾਹਿਸ਼ ਪੂਰੀ ਕਰੇਗੀ। ਅੱਜ ਅੰਤਰਰਾਸ਼ਟਰੀ ਮਾਂ ਦਿਵਸ ਤੇ ਮੌਕੇ ਤੇ ਮੈਂ ਸਾਰਿਆਂ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਔਲਾਦ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰਦੀ ਰਹੇਗੀ।
ਮਾਂ ਬਾਰੇ ਬੋਲਣਾ ਜਾਂ ਲਿਖਣਾ ਸੋਖਾਲਾ ਨਹੀ-ਸੀਮਾ ਕਲਿਆਣ
ਸਾਰਿਆਂ ਨੂੰ ਮਦਰ ਡੇ ਦੀਆਂ ਮੁਬਾਰਕਾਂ ਦਿੰਦੇ ਹੋਏ ਲੇਖਿਕਾ ਸੀਮਾ ਕਲਿਆਣ ਨੇ ਕਿਹਾ ਕਿ ਮਾਂ ਉਹ ਪਿਆਰੀ ਸ਼ਖ਼ਸੀਅਤ ਹੈ ਜਿਸ ਨਾਲ ਸਾਡੀ ਰੂਹ ਦਾ ਸੰਚਾਰ ਹੁੰਦਾ ਹੈ। ਮਾਂ ਸਕੂਨ ਹੈ ਮਾਂ ਇਬਾਦਤ ਹੈ। ਮਾਂ ਸਾਡੇ ਹੌਂਸਲਿਆ ਨੂੰ ਬੁਲੰਦ ਕਰਕੇ ਸਾਨੂੰ ਕਾਮਯਾਬੀ ਦੇ ਸਿਖਰ ਤੱਕ ਪਹੁੰਚਣ ਵਾਲੀ ਉਹ ਮਹਾਨ ਹਸਤੀ ਹੈ ਜਿਸ ਦਾ ਦੇਣ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ ਮਾਂ ਬਾਰੇ ਬੋਲਣਾ ਜਾਂ ਲਿਖਣਾ ਸੋਖਾਲਾ ਨਹੀ। ਜੇਕਰ ਮੈਂ ਇਹ ਕਹਾਂ ਕਿ ਮਾਂ ਸਾਰੀ ਕਾਯਿਨਾਤ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ। ਮਾਂ ਪੁੱਤਾਂ ਅਤੇ ਧੀਆਂ ਵਿੱਚ ਕੋਈ ਫਰਕ ਨਹੀਂ ਸਮਝਦੀ। ਸੀਮਾ ਨੇ ਇੰਨ੍ਹਾਂ ਸਤਰਾਂ ਕੀ ਤੇਰੇ ਹੌਂਸਲੇ, ਤੇ ਕੀ ਤੇਰੀ ਸ਼ਖ਼ਸੀਅਤ ਦਾ ਬਖਿਆਨ ਕਰਾ, ਦੱਸ ਮਾਏ ਮੇਰੀਏ, ਮੈਂ ਕੀ ਤੇਰੇ ਤੋ ਕੁਰਬਾਨ ਕਰਾ ਨਾਲ ਆਪਣੀ ਗੱਲ ਮੁਕਾਈ।
ਹਰੇਕ ਦਿਨ ਮਾਂ ਨੂੰ ਖੁਸ਼ ਰੱਖਣਾ ਔਲਾਦ ਦਾ ਫ਼ਰਜ਼-ਸ਼ੇਰਪੁਰੀ
ਗੱਲਬਾਤ ਕਰਦੇ ਹੋਏ ਗੀਤਕਾਰ ਤੇ ਗਾਇਕ ਅਮਰਜੀਤ ਸਿੰਘ ਸ਼ੇਰਪੁਰੀ ਨੇ ਕਿਹਾ ਕਿ ਵੈਸੇ ਤਾਂ ਹਰੇਕ ਦਿਨ ਮਾਂ ਨੂੰ ਖੁਸ਼ ਰੱਖਣਾ ਔਲਾਦ ਦਾ ਫ਼ਰਜ਼ ਹੈ ਪਰ ਮਾਂ ਦਿਵਸ ਵਾਲੇ ਦਿਨ ਕੁੱਝ ਅਜਿਹਾ ਕਰੋ ਕਿ ਮਾਂ ਦਾ ਹਿਰਦਾ ਖ਼ੁਸ਼ ਹੋ ਜਾਵੇ। ਸ਼ੇਰਪੁਰੀ ਨੇ ਕਿਹਾ ਕਿ ਰੱਬ ਹਰ ਜਗ੍ਹਾ ਨਹੀਂ ਸੀ ਪਹੁੰਚ ਸਕਦਾ, ਇਸ ਲਈ ਉਸ ਨੇ ਮਾਂ ਬਣਾਈ। ਮਾਂ ਨੂੰ ਖੁਸ਼ ਕਰਨ ਲਈ ਕਿਸੇ ਵੱਡੇ ਅਡੰਬਰ ਦੀ ਜ਼ਰੂਰਤ ਨਹੀਂ ਬੱਸ ਕੁੱਝ ਘੜੀਆਂ ਮਾਂ ਦੇ ਨੇੜੇ ਬੈਠ ਕੇ ਗੁਜ਼ਾਰ ਦਿਓ ਤੁਸੀਂ ਮਾਂ ਦੀ ਖੁਸ਼ੀ ਉਸ ਦੇ ਚਿਹਰੇ 'ਤੇ ਖੁਦ ਪੜ੍ਹ ਲਵੋਗੇ। ਜਿਉਂਦੇ ਜੀਅ ਮਾਂ ਦੀ ਕਦਰ ਕਰਨੀ ਚਾਹੀਦੀ ਹੈ। ਮਾਂ ਦੇ ਰੁਖਸਤ ਹੋਣ ਪਿੱਛੋ ਭੋਗਾ 'ਤੇ ਪੈਸਾ ਖਰਚ ਕੇ ਮਹਾਨ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।