ਅੱਗ ਨਾਲ ਗਰੀਬਾਂ ਦੀਆਂ 30 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ
ਅੱਗ ਲੱਗਣ ਕਾਰਨ ਗਰੀਬ ਮਜ਼ਦੂਰਾਂ ਦੀਆਂ 30 ਤੋਂ ਵੱਧ ਝੁੱਗੀਆਂ ਸੜਕੇ ਸੁਆਹ ਹੋਈਆਂ
Publish Date: Mon, 18 May 2026 06:55 PM (IST)
Updated Date: Tue, 19 May 2026 04:08 AM (IST)

ਨਾ ਸਿਰ ’ਤੇ ਛੱਤ ਬਚੀ ਨਾ ਖਾਣ ਨੂੰ ਅਨਾਜ ਤੇ ਨਾ ਹੀ ਪਹਿਨਣ ਲਈ ਕੱਪੜੇ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਬਲਾਕ ਦੇ ਪਿੰਡ ਸਹਿਜੋ ਮਾਜਰਾ ਵਿਖੇ ਅੱਜ ਬਾਅਦ ਦੁਪਹਿਰ ਗਰੀਬ ਮਜ਼ਦੂਰਾਂ ਦੀਆਂ ਕਰੀਬ 30 ਤੋਂ ਵੱਧ ਝੁੱਗੀਆਂ ਅੱਗ ਨਾਲ ਸੜਕੇ ਸੁਆਹ ਹੋ ਗਈਆਂ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਹਿਜੋ ਮਾਜਰਾ ਪਿੰਡ ਦੇ ਨੇੜ੍ਹੇ ਹੀ ਕਾਫ਼ੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਝੁੱਗੀਆਂ ਬਣਾ ਕੇ ਰਹਿੰਦੇ ਹਨ। ਅੱਜ ਬਾਅਦ ਦੁਪਹਿਰ ਇੱਕ ਝੁੱਗੀ ’ਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋਈਆਂ, ਜੋ ਦੇਖਦੇ-ਦੇਖਦੇ ਸਾਰੀਆਂ ਝੁੱਗੀਆਂ ’ਚ ਫੈਲ ਗਈ। ਝੁੱਗੀਆਂ ’ਚ ਔਰਤਾਂ ਤੇ ਬੱਚੇ ਸਨ ਜਦਕਿ ਪੁਰਸ਼ ਮਜ਼ਦੂਰੀ ਕਰਨ ਲਈ ਖੇਤਾਂ ਵਿਚ ਗਏ ਹੋਏ ਸਨ। ਪਰਿਵਾਰ ਵਲੋਂ ਪਹਿਲਾਂ ਆਪਣੇ ਬੱਚਿਆਂ ਤੇ ਜਾਨਵਰਾਂ ਨੂੰ ਬਾਹਰ ਸੁਰੱਖਿਅਤ ਥਾਂ ਕੱਢਿਆ ਤੇ ਬਾਹਰ ਪਿੰਡ ਵਾਸੀਆਂ ਨਾਲ ਮਿਲ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਸਮਰਾਲਾ ਪ੍ਰਿਤਪਾਲ ਸਿੰਘ, ਸਹਾਇਕ ਥਾਣੇਦਾਰ ਸੋਹਣ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਲਈਆਂ ਗਈਆਂ। ਸਮਰਾਲਾ ਤੋਂ ਆਈਆਂ ਗੱਡੀਆਂ ਵਲੋਂ ਕਰੀਬ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਉੱਪਰ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਕਰੀਬ 30 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਨ੍ਹਾਂ ਝੁੱਗੀਆਂ ’ਚ ਗਰੀਬ ਮਜ਼ਦੂਰਾਂ ਦਾ ਸਾਰਾ ਘਰੇਲੂ ਸਮਾਨ ਜਿਸ ਵਿਚ ਖਾਣ ਲਈ ਅਨਾਜ, ਬਰਤਨ, ਪੱਖੇ, ਸਕੂਲੀ ਕਿਤਾਬਾਂ, ਸਾਈਕਲ, ਕੱਪੜੇ, ਦਸਤਾਵੇਜਾਂ ਤੋਂ ਇਲਾਵਾ ਕਈ ਮਜ਼ਦੂਰਾਂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਪੈਸੇ ਵੀ ਇਕੱਠੇ ਕੀਤੇ ਸਨ, ਜੋ ਕਿ ਅੱਗ ਦੀ ਭੇਟ ਚੜ੍ਹ ਗਏ। ਅੱਜ ਜਦੋਂ ਗਰੀਬ ਮਜ਼ਦੂਰਾਂ ਦੇ ਹਾਲਾਤ ਦੇਖੇ ਗਏ ਤਾਂ ਉਨ੍ਹਾਂ ਕੋਲ ਨਾ ਸਿਰ ’ਤੇ ਛੱਤ ਬਚੀ, ਨਾ ਖਾਣ ਲਈ ਅਨਾਜ ਸੀ ਅਤੇ ਨਾ ਹੀ ਪਹਿਨਣ ਲਈ ਕੱਪੜੇ ਸਨ। ਇਹ ਗਰੀਬ ਮਜ਼ਦੂਰ ਅੱਗ ਨਾਲ ਰਾਖ਼ ਹੋਏ ਸਾਮਾਨ ’ਚੋਂ ਕੁਝ ਸਮਾਨ ਇਕੱਤਰ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਸਨ, ਤਾਂ ਜੋ ਮੁੜ ਤੋਂ ਆਪਣਾ ਆਸ਼ਿਆਨਾ ਬਣਾ ਸਕਣ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੀੜ੍ਹਤ ਮਜ਼ਦੂਰਾਂ ਦੀ ਸੂਚੀ ਕੀਤੀ ਤਿਆਰ ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚ ਗਏ, ਜਿਨ੍ਹਾਂ ਵਲੋਂ ਅੱਗ ਦੀ ਭੇਟ ਚੜ੍ਹੇ ਝੁੱਗੀਆਂ ’ਚ ਰਹਿਣ ਵਾਲੇ ਗਰੀਬ ਮਜ਼ਦੂਰਾਂ ਦੀ ਸੂਚੀ ਤਿਆਰ ਕੀਤੀ, ਤਾਂ ਜੋ ਉੱਚ ਅਧਿਕਾਰੀਆਂ ਨੂੰ ਭੇਜ ਕੇ ਕੁਝ ਮੁਆਵਜੇ ਦੀ ਮੰਗ ਕੀਤੀ ਜਾ ਸਕੇ। ਸੂਚੀ ਅਨੁਸਾਰ ਗਣੇਸ਼, ਰਿਸ਼ੀਦੇਵ, ਵਾਸੂ, ਬਿਲਾਸ, ਪੰਕਜ, ਸੀਤਾ ਦੇਵੀ, ਕਿਰਤਾਨੰਦ, ਆਵਧ ਚੌਧਰੀ, ਸ਼ਿਵਾ, ਮੁਕੇਸ਼, ਮਨਕੀ, ਸੁਨੀਲ, ਮੀਨਾ, ਰੁਪੇਸ਼, ਸੁੱਜੂ, ਤੁਫ਼ਾਨ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਦੀਆਂ ਇਹ ਝੁੱਗੀਆਂ ਅੱਗ ਦੀ ਭੇਟ ਚੜ੍ਹ ਗਈਆਂ। ਪੰਚਾਇਤ ਨੇ ਗਰੀਬਾਂ ਲਈ ਕੀਤੀ ਮੁਆਵਜ਼ੇ ਦੀ ਮੰਗ ਇਸ ਮੌਕੇ ਪੁੱਜੇ ਪਿੰਡ ਸਹਿਜੋ ਮਾਜਰਾ ਦੇ ਸਰਪੰਚ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਗਰੀਬ ਮਜ਼ਦੂਰ ਮਾਛੀਵਾੜਾ ਇਲਾਕੇ ਦੇ ਕਿਸਾਨਾਂ ਦੇ ਖੇਤਾਂ ’ਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਬਾਹਰਲੇ ਸੂਬਿਆਂ ਦੇ ਰਹਿਣ ਵਾਲੇ ਹਨ ਪਰ ਇੱਥੇ ਕਈ ਸਾਲਾਂ ਤੋਂ ਝੁੱਗੀਆਂ ਬਣਾ ਕੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ 2 ਸਾਲ ਪਹਿਲਾਂ ਵੀ ਇੱਥੇ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ ਸੀ ਪਰ ਸਰਕਾਰ ਨੇ ਉਦੋਂ ਵੀ ਕੋਈ ਮੁਆਵਜ਼ਾ ਨਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਅੱਗ ਕਾਰਨ ਇਨ੍ਹਾਂ ਗਰੀਬ ਮਜ਼ਦੂਰਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਇਸ ਲਈ ਸਰਕਾਰ ਇਨ੍ਹਾਂ ਦੀ ਮਦਦ ਕਰੇ ਤੇ ਤੁਰੰਤ ਮੁਆਵਜ਼ਾ ਦੇਵੇ।