ਵਾਤਾਵਰਣ ਸੁਧਾਰ ’ਤੇ ਮੰਥਨ ਲਈ ਵਿਧਾਇਕਾਂ ਤੇ ਮੇਅਰ ਨੇ ਕੀਤੀ ਸੰਤ ਸੀਚੇਵਾਲ ਨਾਲ ਵਿਸਥਾਰ ਚਰਚਾ

- ਬੁੱਢੇ ਦਰਿਆ ਦੀ ਸਫ਼ਾਈ ਅੰਤਿਮ ਪੜਾਅ ’ਚ, ਮੇਅਰ ਤੇ ਵਿਧਾਇਕ ਜਲਦੀ ਲੈਣਗੇ ਜਾਇਜ਼ਾ
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ
ਲੁਧਿਆਣਾ : ਪੰਜਾਬ ਵਿੱਚ ਵਾਤਾਵਰਣ ਸੁਧਾਰ ਸਬੰਧੀ ਉਪਰਾਲਿਆਂ ਨੂੰ ਤੇਜ਼ ਕਰਨ ਅਤੇ ਲੁਧਿਆਣਾ ਦੇ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਲਈ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਬੁੱਧਵਾਰ ਨੂੰ ਨਿਰਮਲ ਕੁਟੀਆ ਵਿਖੇ ਪਹੁੰਚ ਕੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਵੀ ਮੌਕੇ ਤੇ ਹਾਜ਼ਰ ਸਨ। ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਆਗੂਆਂ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਖਾਸ ਤੌਰ ’ਤੇ ਬੁੱਢੇ ਦਰਿਆ ਦੀ ਸਫਾਈ ਨੂੰ ਮੁਕੰਮਲ ਕਰਨ ਸਬੰਧੀ ਸੰਤ ਸੀਚੇਵਾਲ ਨਾਲ ਵਿਸਥਾਰ ਨਾਲ ਚਰਚਾ ਕੀਤੀ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਦੌਰਾ ਕਿਸੇ ਕਾਰਨ ਕਰਕੇ ਰੱਦ ਹੋ ਗਿਆ, ਪਰ ਉਨ੍ਹਾਂ ਨੇ ਟੈਲੀਫੋਨ ਰਾਹੀਂ ਸੰਤ ਸੀਚੇਵਾਲ ਨਾਲ ਹਿਸ ਖਾਸ ਮੁੱਦੇ ’ਤੇ ਚਰਚਾ ਕੀਤੀ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਬੁੱਢੇ ਦਰਿਆ ਦੀ ਸਫ਼ਾਈ ਲਈ ਚੱਲ ਰਹੀ ਕਾਰ ਸੇਵਾ ਹੁਣ ਅੰਤਿਮ ਪੜਾਅ ਵਿੱਚ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਾਤਾਵਰਣ ਹਾਲਾਤ ਸੁਧਾਰਨ ਲਈ ਪ੍ਰਸ਼ਾਸਨਿਕ ਤੰਤਰ ਨੂੰ ਫਿਰ ਤੋਂ ਸਰਗਰਮ ਕਰਨ ਦੀ ਤੁਰੰਤ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 7 ਮਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਭਾਵਿਤ ਦੌਰੇ ਸਬੰਧੀ ਤਿਆਰੀਆਂ ’ਤੇ ਵੀ ਆਗੂਆਂ ਨਾਲ ਚਰਚਾ ਕੀਤੀ। ਸੰਤ ਸੀਚੇਵਾਲ ਨੇ ਦੱਸਿਆ ਕਿ ਬੁੱਢੇ ਦਰਿਆ ਵਿੱਚ ਸੁਧਾਰ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਪੇਂਡੂ ਖੇਤਰ ਦੀਆਂ 79 ਡੇਅਰੀਆਂ ਵੱਲੋਂ ਗੋਬਰ ਦਰਿਆ ’ਚ ਸੁੱਟਣ ਦੀ ਪ੍ਰਥਾ ਨੂੰ ਰੋਕਿਆ ਗਿਆ ਹੈ। ਤਾਜਪੁਰ ਅਤੇ ਹੈਬੋਬਾਲ ਖੇਤਰਾਂ ਵਿੱਚ ਆਰਜ਼ੀ ਤੌਰ ’ਤੇ ਸੀਚੇਵਾਲ ਮਾਡਲ ਲਾਗੂ ਕਰਕੇ ਸੀਬੀਜੀ ਪਲਾਂਟਾਂ ਤੱਕ ਮੂਤਰਾਲ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਤਿੰਨ ਕਾਲੋਨੀਆਂ ਦਾ ਗੰਦਾ ਪਾਣੀ ਮੁੱਖ ਸੀਵਰ ਲਾਈਨ ਨਾਲ ਜੋੜਿਆ ਜਾ ਰਿਹਾ ਹੈ ਅਤੇ 11 ਪਿੰਡਾਂ ਦਾ ਗੰਦਾ ਪਾਣੀ ਦਰਿਆ ਵਿੱਚ ਜਾਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਮਾਲਪੁਰ ਡਰੇਨ ਦਾ ਲਗਭਗ 70 ਐੱਮਐੱਲਡੀ ਗੰਦਾ ਪਾਣੀ ਸਿੱਧਾ ਦਰਿਆ ਵਿੱਚ ਜਾਣ ਤੋਂ ਰੋਕਿਆ ਗਿਆ ਹੈ, ਜਦਕਿ ਭੱਟੀਆਂ ਟਰੀਟਮੈਂਟ ਪਲਾਂਟ ਨੂੰ ਜਾਣ ਵਾਲੀ 15 ਸਾਲਾਂ ਤੋਂ ਬੰਦ ਪਈ ਪਾਈਪਲਾਈਨ ਦੀ ਸਫ਼ਾਈ ਜਾਰੀ ਹੈ। ਤਲਵਾੜਾ ਪਿੰਡ ਵਿੱਚ ਗੰਦੇ ਪਾਣੀ ਦੀ ਸੋਧ ਲਈ ਸੀਚੇਵਾਲ ਮਾਡਲ ਲਗਭਗ ਅੰਤਿਮ ਪੜਾਅ ਵਿੱਚ ਹੈ। ਮੁਲਾਕਾਤ ਦੌਰਾਨ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਗੂਆਂ ਨੂੰ ਨਿਰਮਲ ਕੁਟੀਆ ਵਿੱਚ ਚੱਲ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਨਰਸਰੀ, ਕੁਸ਼ਤੀ ਅਭਿਆਸ ਕੇਂਦਰ ਅਤੇ ਨਾਨਕ ਹੱਟ ਦਾ ਦੌਰਾ ਕਰਵਾਇਆ। ਖੇਤੀਬਾੜੀ ਵਿੱਚ ਪਾਣੀ ਰੀਚਾਰਜ ਕਰਨ ਲਈ ਤਿਆਰ ਕੀਤਾ ਮਾਡਲ ਵੇਖ ਕੇ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਆਏ ਮਹਿਮਾਨਾਂ ਨੂੰ ਬੂਟੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।