ਵਿਧਾਇਕ ਪਰਾਸ਼ਰ ਨੇ ਮਜੀਠੀਆ ਵੱਲੋਂ ਲਗਾਏ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

-ਨਾ ਕਿਸੇ ਤੋਂ ਲਈ ਨੌਕਰੀ ਲਈ ਰਿਸ਼ਵਤ ਅਤੇ ਨਾ ਹੀ ਖਾਤੇ ਵਿੱਚ ਆਇਆ ਕੋਈ ਵਿਦੇਸ਼ੀ ਪੈਸਾ : ਅਸ਼ੋਕ ਪਰਾਸ਼ਰ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਆਪ ਦੇ ਵਿਧਾਇਕ ਅਸ਼ੋਕ ਪਰਾਸ਼ਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਏ ਗਏ ਮਨੀ ਲਾਂਡਰਿੰਗ, ਨਗਰ ਨਿਗਮ ਵਿੱਚ ਨੌਕਰੀਆਂ ਦੇਣ ਦੇ ਨਾਮ ’ਤੇ ਪੈਸੇ ਲੈਣ ਅਤੇ ਹੋਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮਾਮਲੇ ਵਿੱਚ ਸਾਹਮਣੇ ਆਏ। ਇਸ ਮਾਮਲੇ ਵਿੱਚ ਉਨ੍ਹਾਂ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਰਾਜਨੀਤਿਕ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਮਜੀਠੀਆ ਖ਼ਿਲਾਫ਼ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਦਰਜ ਕਰਨਗੇ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਨਾ ਤਾਂ ਕੋਈ ਵਿਦੇਸ਼ੀ ਰਕਮ ਆਈ ਹੈ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਨੂੰ ਨੌਕਰੀ ਦਿਵਾਉਣ ਦੇ ਨਾਮ ’ਤੇ ਕਿਸੇ ਤੋਂ ਕੋਈ ਪੈਸਾ ਲਿਆ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਵੱਲੋਂ ਦਿਖਾਏ ਗਏ ਦਸਤਾਵੇਜ਼ ਝੂਠੇ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਤਿਆਰ ਕੀਤੇ ਹੋਏ ਹਨ। ਇਸ ਦੌਰਾਨ ਉਨ੍ਹਾਂ ਆਪਣੇ ਖਾਤਿਆਂ ਦੀ ਬੈਂਕ ਸਟੇਟਮੈਂਟ ਵੀ ਪੇਸ਼ ਕੀਤੀ ਅਤੇ ਕਿਹਾ ਕਿ ਜਿਸ 40 ਲੱਖ, 25 ਲੱਖ ਜਾਂ 10 ਲੱਖ ਰੁਪਏ ਦੀ ਗੱਲ ਕੀਤੀ ਜਾ ਰਹੀ ਹੈ, ਉਹ ਰਕਮ ਉਨ੍ਹਾਂ ਦੇ ਖਾਤੇ ਵਿੱਚ ਕਦੇ ਨਹੀਂ ਆਈ। ਉਨ੍ਹਾਂ ਕਿਹਾ ਕਿ ਕਥਿਤ ਪੀਏ ਨਿਖਲ ਸਭਰਵਾਲ ਵੱਲੋਂ ਵੀਡੀਓ ਵਿੱਚ ਜਿਸ ਬਿਲਡਿੰਗ ਇੰਸਪੈਕਟਰ ਦਾ ਨਾਮ ਲਿਆ ਜਾ ਰਿਹਾ ਹੈ ਉਹ ਵੀ ਉਸ ਖਿਲਾਫ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਕੋਈ ਗੈਰ-ਕਾਨੂੰਨੀ ਜਾਇਦਾਦ ਬਣਾਈ ਹੈ ਅਤੇ ਨਾ ਹੀ ਕਿਸੇ ਤੋਂ ਭ੍ਰਿਸ਼ਟਾਚਾਰ ਰਾਹੀਂ ਪੈਸੇ ਵਸੂਲੇ ਹਨ। ਉਨ੍ਹਾਂ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਪਣੀ ਸਾਰੀ ਜਾਇਦਾਦ ਅਤੇ ਆਮਦਨ ਦਾ ਵੇਰਵਾ ਲੈ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਅਤੇ ਵੁਹ ਵੀ ਆਪਣੇ ਸਾਰੇ ਵੇਰਵੇ ਲੈਕੇ ਆਉਣਗੇ ਦੋਨੋਂ ਸਹੁੰ ਚੁੱਕਣਗੇ ਕਿ ਕਿਸ ਨੇ ਕਿੰਨੀ ਦੌਲਤ ਇਮਾਨਦਾਰੀ ਨਾਲ ਕਮਾਈ ਹੈ, ਜੋ ਵੀ ਝੂਠਾ ਹੋਵੇਗਾ ਆਪਣੀ ਜਾਇਦਾਤ ਗੁਰੂ ਘਰ ਨੂੰ ਛੱਡੇਗਾ। ਪਰਾਸ਼ਰ ਨੇ ਕਿਹਾ ਕਿ ਜੇਕਰ ਉਹ ਝੂਠੇ ਸਾਬਤ ਹੁੰਦੇ ਹਨ ਤਾਂ ਆਪਣਾ ਸਾਰਾ ਕੁਝ ਗੁਰੂ ਘਰ ਨੂੰ ਦੇਣ ਦੇ ਨਾਲ ਨਾਲ ਰਾਜਨੀਤੀ ਵੀ ਛੱਡਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਇਆ ਤਾਂ ਉਹ ਮਜੀਠੀਆ ਖਿਲਾਫ ਅਦਾਲਤੀ ਕਾਰਵਾਈ ਕਰਨਗੇ।
ਕਥਿਤ ਪੀਏ ਨਿਖਿਲ ਸਭਰਵਾਲ ਬਾਰੇ ਗੱਲ ਕਰਦਿਆਂ ਵਿਧਾਇਕ ਪਰਾਸ਼ਰ ਨੇ ਕਿਹਾ ਕਿ ਨਿਖਿਲ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦਾ ਸੀ ਅਤੇ ਵਿਹਲਾ ਹੋਣ ਕਾਰਨ ਤਰਸ ਦੇ ਅਧਾਰ ਤੇ ਉਨ੍ਹਾਂ ਉਸ ਨੂੰ ਆਪਣੇ ਦਫਤਰ ਵਿੱਚ ਪਾਣੀ ਪਿਲਾਉਣ ਲਈ ਰੱਖ ਲਿਆ। ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਕਿ ਨਿਖਿਲ ਨੇ ਕਿਲਾ ਮੁਹੱਲਾ ਦੀ ਰਹਿਣ ਵਾਲੀ ਇੱਕ ਲੜਕੀ ਜੋਤੀ ਤੋਂ ਉਸ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿਵਾਉਣ ਲਈ 40 ਹਜ਼ਾਰ ਰੁਪਏ ਲਏ ਹਨ। ਸ਼ਿਕਾਇਤ ਮਿਲਣ ’ਤੇ ਉਨ੍ਹਾਂ ਉਸ ਨਾਲ ਗੱਲ ਕੀਤੀ ਤਾਂ ਨਿਖਿਲ ਦੇ ਪਰਿਵਾਰਕ ਮੈਂਬਰ ਉਨ੍ਹਾਂ ਕੋਲ ਆਏ ਤਾਂ ਉਨ੍ਹਾਂ ਵੱਲੋਂ ਉਕਤ ਲੜਕੀ ਦੇ ਪੈਸੇ ਵਾਪਸ ਕਰਵਾਉਣ ਤੋਂ ਤੁਰੰਤ ਬਾਅਦ ਦਫ਼ਤਰ ਤੋਂ ਹਟਾ ਦਿੱਤਾ ਗਿਆ।
---
ਆਪ ਆਗੂਆਂ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ਼
ਪਰਾਸ਼ਰ ਨੇ ਕਿਹਾ ਕਿ ਨਿਖਿਲ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਸੀ ਅਤੇ ਹੁਣ ਉਹ ਵਿਰੋਧੀ ਪਾਰਟੀਆਂ ਦੇ ਇਸ਼ਾਰੇ ’ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਤੇ ਝੂਠੇ ਦੋਸ਼ ਲਗਾ ਰਿਹਾ ਹੈ। ਆਪ ਵਿਧਾਇਕ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਮਜੀਠੀਆ ਸੱਤਾ ਤੋਂ ਬਾਹਰ ਹਨ ਅਤੇ ਜ਼ਮਾਨਤ ’ਤੇ ਚੱਲ ਰਹੇ ਹਨ, ਇਸ ਲਈ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੇ ਵਿਕਾਸ ਕਾਰਜਾਂ ਕਾਰਨ ਵਿਰੋਧੀ ਪਾਰਟੀਆਂ ਘਬਰਾਈਆਂ ਹੋਈਆਂ ਹਨ ਅਤੇ ਇਸੇ ਕਾਰਨ ਝੂਠੇ ਦੋਸ਼ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਸਭ ਕੁਝ ਸਮਝਦੀ ਹੈ ਅਤੇ ਆਮ ਆਦਮੀ ਪਾਰਟੀ ਦੁਬਾਰਾ ਸਰਕਾਰ ਬਣਾਏਗੀ। ਪਰਾਸ਼ਰ ਨੇ ਕਿਹਾ ਕਿ ਉਹ ਜਲਦੀ ਹੀ ਮਜੀਠੀਆ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ।