ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਨੇ ਘਰ ਨੂੰ ਲਾਈ ਅੱਗ
ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਵੱਲੋਂ ਘਰ ਨੂੰ ਲਾਈ ਅੱਗ
Publish Date: Mon, 18 May 2026 10:05 PM (IST)
Updated Date: Tue, 19 May 2026 04:11 AM (IST)

ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸਵਾਹ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਮੁਹੱਲਾ ਆਤਮ ਨਗਰ ਵਿੱਚ ਅੱਜ ਦੇਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਮਾਨਸਿਕ ਤੌਰ ਤੇ ਪਰੇਸ਼ਾਨ ਦੱਸੇ ਜਾ ਰਹੇ ਵਿਅਕਤੀ ਨੇ ਕਥਿਤ ਤੌਰ ਤੇ ਆਪਣੇ ਹੀ ਘਰ ਨੂੰ ਅੱਗ ਲਾ ਦਿੱਤੀ। ਇਸ ਘਟਨਾ ਕਾਰਨ ਘਰ ਵਿੱਚ ਪਿਆ ਕੀਮਤੀ ਸਮਾਨ, ਫਰਨੀਚਰ ਅਤੇ ਹੋਰ ਘਰੇਲੂ ਵਸਤਾਂ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਪਰਿਵਾਰ ਨੂੰ ਲੱਖਾਂ ਰੁਪਏ ਦੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪੁੱਤਰ ਜਸਵੰਤ ਸਿੰਘ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਘਟਨਾ ਵੇਲੇ ਘਰ ਅੰਦਰ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਕਾਰਨ ਹਫੜਾ-ਦਫੜੀ ਮਚ ਗਈ। ਘਟਨਾ ਸਮੇਂ ਉਹ ਘਰ ਵਿਚ ਇਕੱਲਾ ਸੀ ਜਦਕਿ ਉਸਦੇ ਭਰਾ ਅਤੇ ਮਾਤਾ ਘਰ ਵਿੱਚ ਤਕਰਾਰ ਕਾਰਨ ਕਿਸੇ ਹੋਰ ਜਗਾ ਤੇ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਨ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਣ ਉਪਰੰਤ ਸਰਬਜੀਤ ਸਿੰਘ ਦੇ ਭਰਾ ਹਰਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਰ ਚ ਪਏ ਸਮਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਦੋਂ ਤੱਕ ਘਰ ਚ ਪਿਆ ਸਮਾਨ ਸੜਕੇ ਸੁਆਹ ਹੋ ਗਿਆ ਸੀ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਵਲੋਂ ਅੱਗ ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕਰ ਦਿੱਤੇ। ਲੋਕਾਂ ਵੱਲੋਂ ਪਾਣੀ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਅੱਗ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਅੱਗ ਕਾਰਨ ਘਰ ਅੰਦਰ ਪਿਆ ਫਰਨੀਚਰ, ਕੱਪੜੇ, ਬਿਜਲੀ ਦੇ ਉਪਕਰਣ ਅਤੇ ਹੋਰ ਕੀਮਤੀ ਸਮਾਨ ਪੂਰੀ ਤਰ੍ਹਾਂ ਸੜ ਕੇ ਨਸ਼ਟ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸਰਬਜੀਤ ਸਿੰਘ ਲੰਬੇ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ ਅਤੇ ਘਰ ਦਾ ਕਾਫੀ ਸਮਾਨ ਅੱਗ ਦੀ ਭੇਟ ਚੜ੍ਹ ਗਿਆ ਹੈ। ਘਟਨਾ ਤੋਂ ਬਾਅਦ ਦੋਵੇਂ ਭਰਾਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ ਜੋ ਕੁਝ ਸਮੇਂ ਵਿੱਚ ਹੱਥੋਪਾਈ ਤੱਕ ਪਹੁੰਚ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਦਖਲ ਦਿੰਦਿਆਂ ਦੋਵਾਂ ਨੂੰ ਵੱਖ ਕੀਤਾ ਅਤੇ ਮਾਹੌਲ ਨੂੰ ਸ਼ਾਂਤ ਕੀਤਾ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਸਰਬਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਤੌਰ ਤੇ ਬਿਮਾਰ ਦੱਸੇ ਜਾ ਰਹੇ ਸਰਬਜੀਤ ਸਿੰਘ ਨਾਂ ਦੇ ਵਿਅਕਤੀ ਦਾ ਡਾਕਟਰੀ ਮੁਆਇਨਾ ਕਰਵਾਇਆ ਜਾਵੇਗਾ ਅਤੇ ਪਰਿਵਾਰ ਵੱਲੋਂ ਦਿੱਤੇ ਜਾਣ ਵਾਲੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਪਰਿਵਾਰ ਅਜੇ ਵੀ ਸਦਮੇ ਦੀ ਸਥਿਤੀ ਵਿੱਚ ਹੈ।