ਹੜ੍ਹ ਪੀੜਤਾਂ ਦੀ ਮਦਦ ਤੇ ਸੰਘਰਸ਼ ਰਾਹੀਂ ਮੁਕਤੀ ਮੁਹਿੰਮ ਹਰੇਕ ਪਿੰਡ ਲਿਜਾਵਾਂਗੇ : ਧਨੇਰ
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਵੱਲੋਂ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ
Publish Date: Mon, 15 Sep 2025 07:10 PM (IST)
Updated Date: Mon, 15 Sep 2025 07:11 PM (IST)

ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਵੱਲੋਂ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਵੱਲੋਂ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਮੰਡੀ ਮੁੱਲਾਂਪੁਰ ਵਿਖੇ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਨਰਾਇਣ ਦੱਤ, ਕੰਵਲਜੀਤ ਖੰਨਾ, ਗੁਰਦੀਪ ਰਾਮਪੁਰਾ, ਹਰੀਸ਼ ਨੱਢਾ ਅਤੇ ਹਰਨੇਕ ਮਹਿਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ’ਤੇ ਕਾਰਬਨਡਾਈਆਕਸਾਈਡ ਦੇ ਤੇਜ਼ੀ ਨਾਲ ਵਧਣ ਦਾ ਕਾਰਨ ਸਾਮਰਾਜੀ ਕਾਰਪੋਰੇਟ ਮਾਡਲ ਅਤੇ ਇਸ ਵੱਲੋਂ ਵਰਤਿਆ ਜਾ ਰਿਹਾ ਜੈਵਿਕ ਬਾਲਣ (ਡੀਜ਼ਲ, ਪੈਟਰੋਲ ਆਦਿ ਪੈਟਰੋਲੀਅਮ ਪਦਾਰਥ) ਹੈ। ਆਕਸੀਜਨ ਦੀ ਮਾਤਰਾ ਬਰਕਰਾਰ ਰੱਖਣ ਲਈ ਜੰਗਲਾਤ ਹੇਠ ਰਕਬਾ ਵਧਾਉਣ ਦੀ ਥਾਂ ਜੰਗਲਾਤ ਕਾਨੂੰਨਾਂ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਕਾਰਬਨਡਾਈਆਕਸਾਈਡ ਨੂੰ ਮਿਥੀ ਹੱਦ ਅੰਦਰ ਰੱਖਣ ਲਈ 80 ਪ੍ਰਤੀਸ਼ਤ ਜੈਵਿਕ ਬਾਲਣ ਧਰਤੀ ਹੇਠਾਂ ਹੀ ਰਹਿਣਾ ਚਾਹੀਦਾ ਅਤੇ 33 ਪ੍ਰਤੀਸ਼ਤ ਰਕਬਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ ਪਰ ਕੁੱਲ ਜੰਗਲਾਂ ਹੇਠ ਰਕਬਾ ਲਗਾਤਾਰ ਤੇਜ਼ੀ ਨਾਲ ਘੱਟ ਰਿਹਾ ਹੈ। ਪੰਜਾਬ ਅੰਦਰਲੇ ਹਾਲਤ ਵੀ ਇਸ ਮਾਮਲੇ ਵਿਚ ਬਦਤਰ ਹੈ, ਜਿੱਥੇ ਮਹਿਜ਼ 4 ਪ੍ਰਤੀਸ਼ਤ ਰਕਬਾ ਜੰਗਲਾਂ ਅਧੀਨ ਹੈ। ਵਿਗਿਆਨਕ ਮਾਹਿਰਾਂ ਦਾ ਮੰਨਣਾ ਹੈ ਕਿ 2050 ਤੱਕ 1.5 ਸੈਲਸੀਅਸ ਤੋਂ 3.2 ਸੈਲਸੀਅਸ ਤੱਕ ਵੱਧ ਜਾਵੇਗਾ ਜੋ ਮਨੁੱਖੀ ਜ਼ਿੰਦਗੀ ਦੇ ਰਹਿਣ ਯੋਗ ਨਹੀਂ ਹੋਵੇਗਾ, ਕੁਦਰਤੀ ਬਨਸਪਤੀ ਨਹੀਂ ਬਚੇਗੀ। ਇਸ ਸੰਕਟ ਦੌਰਾਨ ਉੱਸਰੀ ਭਾਈਚਾਰਕ ਸਾਂਝ ਦੀ ਵਿਲੱਖਣਤਾ ਹੈ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਯੂਪੀ, ਰਾਜਸਥਾਨ, ਦਿੱਲੀ ਅਤੇ ਵਿਦੇਸ਼ਾਂ ਤੋਂ ਵੀ ਮੱਦਦ ਲਈ ਅੱਗੇ ਆਏ ਹਨ। ਇਸ ਉੱਸਰੀ ਹੋਈ ਭਾਈਚਾਰਕ ਸਾਂਝ ਨੂੰ ਤੋੜਨ ਦੀ ਮਨਸ਼ਾ ਪਾਲਦਿਆਂ ਪੰਜਾਬ ਵਿੱਚ ਕੁੱਝ ਫ਼ਿਰਕਾਪ੍ਰਸਤ ਤਾਕਤਾਂ ਵੱਲੋਂ ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਪ੍ਰਤੀ ਫ਼ੈਲਾਈ ਜਾ ਰਹੀ ਨਫ਼ਰਤ ਨੂੰ ਕਰੜੇ ਹੱਥੀਂ ਲੈਂਦਿਆਂ ਇਸ ਨੂੰ ਸਰਕਾਰਾਂ ਦੀ ਸੇਵਾ ਵਿੱਚ ਭੁਗਤਣ ਤੋਂ ਖ਼ਬਰਦਾਰ ਰਹਿਣ ਦਾ ਸੱਦਾ ਵੀ ਦਿੱਤਾ। ਜਦੋਂ ਪੰਜਾਬ ਵਿੱਚ ਹੜ੍ਹਾਂ ਵੱਲੋਂ ਤਬਾਹੀ ਮਚਾਈ ਜਾ ਰਹੀ ਸੀ ਤਾਂ ਕੇਂਦਰ ਅਤੇ ਸੂਬਾ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ। ਜਦੋਂ ਲੋਕ ਸਵਾਲ ਉੱਠਾਉਣ ਲੱਗੇ ਤਾਂ ਸਿਰਫ 1600 ਕਰੋੜ ਅਤੇ 12000 ਕਰੋੜ ਦੇ ਗਧੀ ਗੇੜ ਵਿੱਚ ਉਲਝਾ ਦਿੱਤਾ ਗਿਆ। ਚਰਚਾ ਦੌਰਾਨ ਇਹ ਸਾਹਮਣੇ ਆਇਆ ਕਿ ਪੰਜਾਬ ਅੰਦਰ ਹੜ੍ਹਾਂ ਵੱਲੋਂ ਮਚਾਈ ਤਬਾਹੀ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਜਿੰਮੇਵਾਰ ਹਨ। ਗੰਭੀਰ ਵਿਚਾਰ ਚਰਚਾ ਤੋਂ ਬਾਅਦ ਫੈਸਲਾ ਕੀਤਾ ਕਿ ਸਾਰੇ ਜ਼ਿਲਿ੍ਹਆਂ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਰੇਹ, ਤੇਲ, ਬੀਜ, ਟਰੈਕਟਰ ਅਤੇ ਮਜ਼ਦੂਰ ਪ੍ਰੀਵਾਰਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਘਰ-ਘਰ ਮੁਹਿੰਮ ਚਲਾਈ ਜਾਵੇਗੀ। ਮੀਟਿੰਗ ਨੂੰ ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਕਾਮਰੇਡ ਸੁਰਿੰਦਰ ਸਿੰਘ, ਵੈਟਰਨਰੀ ਇੰਸਪੈਕਟਰ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬੱਸੀ, ਅਮਰਜੀਤ ਸਿੰਘ ਕਾਲਸਾਂ, ਜਸਵਿੰਦਰ ਭਮਾਲ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਕੋਟਦੁੱਨਾ, ਪਾਵਰਕੌਮ ਪੈਨਸ਼ਨਰਜ਼ ਦੇ ਆਗੂ ਜਗਤਾਰ ਸਿੰਘ ਸੇਖੁਪੁਰਾ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਨਰਾਇਣ ਦੱਤ, ਕੰਵਲਜੀਤ ਖੰਨਾ, ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰਿਤਪਾਲ ਮੰਡੀਕਲਾਂ ਅਤੇ ਭਾਕਿਯੂ ਏਕਤਾ-ਡਕੌਂਦਾ ਦੀ ਸੂਬਾਈ ਔਰਤ ਆਗੂ ਹਰਜਿੰਦਰ ਕੌਰ ਆਦਿ ਸ਼ਾਮਲ ਹੋਏ। ਮੀਟਿੰਗ ਦੌਰਾਨ ਡੈਮਾਂ ਦੀ ਸਫਾਈ, ਗਾਰ, ਸਿਲਟ ਨਾ ਕੱਢਣ ਕਰਕੇ ਦਰਿਆਵਾਂ ਤੇ ਡੈਮਾਂ ਦੀ ਕਪੈਸਟੀ ਘੱਟ ਰਹੀ ਹੈ। ਨਵੇ ਡੈਮਾਂ, ਨਵੀਆਂ ਨਹਿਰਾਂ ਤੇ ਝੀਲਾਂ ਦੀ ਉਸਾਰੀ, ਬਾਰਸ਼ਾਂ ਦੇ ਪਾਣੀ ਦੀ ਸੰਭਾਲ, ਸੂਇਆਂ, ਨਹਿਰਾਂ ਦੀ ਸਫ਼ਾਈ, ਕੰਕਰੀਟ ਦੇ ਪੱਕੇ ਬੰਨ ਬਨਾਉਣ, ਡੈਮਾਂ ਤੋ ਪਾਣੀ ਛੱਡਣ ਦਾ ਪਰੋਟੋਕੋਲ ਬਦਲਣ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਮੌਕੇ ਕੁਲਵੰਤ ਸਿੰਘ ਕਿਸ਼ਨਗੜ੍ਹ, ਗੁਰਦੇਵ ਸਿੰਘ ਮਾਂਗੇਵਾਲ, ਜਗਤਾਰ ਸਿੰਘ ਦੇਹੜਕਾ, ਹਰਵਿੰਦਰ ਸਿੰਘ ਕੋਟਲੀ, ਲਖਵੀਰ ਸਿੰਘ ਅਕਲੀਆ, ਕੁਲਵੰਤ ਸਿੰਘ ਭਦੌੜ, ਹਰਜਿੰਦਰ ਸਿੰਘ ਸੈਦੋਵਾਲ, ਸੁਖਦੇਵ ਸਿੰਘ ਘਰਾਚੋਂ, ਪਰਵਿੰਦਰ ਸਿੰਘ ਮੁਕਤਸਰ, ਜਗਜੀਤ ਸਿੰਘ ਲਹਿਰਾਮੁਹੱਬਤ, ਜਸਵੰਤ ਸਿੰਘ ਜੀਰਖ, ਅਮਰੀਕ ਸਿੰਘ ਫਾਜ਼ਿਲਕਾ, ਜੰਗੀਰ ਸਿੰਘ ਖਹਿਰਾ ਅਤੇ ਤਰਸੇਮ ਸਿੰਘ ਬੱਸੂਵਾਲ ਆਦਿ ਹਾਜ਼ਰ ਸਨ।