ਢੱਕੀ ਸਾਹਿਬ ’ਚ ਵਿਸ਼ਵ ਸ਼ਾਂਤੀ ਦਿਵਸ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ
ਢੱਕੀ ਸਾਹਿਬ ਵਿਖੇ ਵਿਸ਼ਵ ਸ਼ਾਂਤੀ ਦਿਵਸ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ
Publish Date: Wed, 06 May 2026 08:11 PM (IST)
Updated Date: Thu, 07 May 2026 04:15 AM (IST)

ਪੀ 14 : ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਮੀਟਿੰਗ ਉਪਰੰਤ ਸਮੂਹ ਸੇਵਾਦਾਰ। ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ ਰਾੜਾ ਸਾਹਿਬ : ਮਨੁੱਖਤਾ ਲਈ ਸ਼ਾਂਤੀ ਪ੍ਰਦਾਨ ਕਰਨ ਵਾਲ਼ੇ, ਕੁਦਰਤੀ ਸਰੋਤਾਂ ਦੀ ਸੁੰਦਰਤਾ ਨਾਲ਼ ਭਰਪੂਰ, ਰਮਣੀਕ ਪੁਰਾਤਨ ਅਸਥਾਨ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸਰਬ ਧਰਮਾਂ ਦੇ ਸਾਂਝੇ ਮਹਾਂਪੁਰਸ਼ ਤੇ ਜੰਗਲ ਵਿੱਚ ਮੰਗਲ ਲਾਉਣ ਵਾਲੇ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਦੀ ਦੇਖ ਰੇਖ ਹੇਠ 29ਵਾਂ ਸਲਾਨਾ ਵਿਸ਼ਵ ਸ਼ਾਂਤੀ ਦਿਵਸ 15 ਤੋਂ 17 ਮਈ ਤੱਕ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ, ਭਾਵਨਾ, ਉਤਸ਼ਾਹ ਅਤੇ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਦੀਪ ਸਿੰਘ ਤੇ ਭਾਈ ਹਰਬੰਤ ਸਿੰਘ ਨੇ ਦੱਸਿਆ ਕਿ 15 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ 11 ਵਜੇ ਤੋਂ ਸ਼ਾਮ 4 ਵਜੇ ਤੱਕ ਸਰਬ ਧਰਮ ਸੰਮੇਲਨ ਹੋਵੇਗਾ ਜਿਸ ਵਿੱਚ ਵਿਸ਼ਵ ਸ਼ਾਂਤੀ ਲਈ ਵਿਚਾਰਾਂ ਹੋਣਗੀਆਂ ਉਪਰੰਤ ਵਿਸ਼ਵ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਜਾਵੇਗੀ। 16 ਮਈ ਦਿਨ ਸ਼ਨਿੱਚਰਵਾਰ ਨੂੰ ਮੱਸਿਆ ਦੇ ਪਾਵਨ ਦਿਹਾੜੇ ਮੌਕੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮਹਾਨ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵੱਖ ਵੱਖ ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼ ਹਾਜ਼ਰੀ ਭਰਨਗੇ 17 ਮਈ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੱਚਿਆਂ ਵਲੋਂ ਪ੍ਰਾਰਥਨਾ ਹੋਵੇਗੀ ਉਪਰੰਤ ਨਾਮ ਸਿਮਰਨ ਕੀਰਤਨ ਭਗਤੀ ਸਮਾਗਮ ਹੋਵੇਗਾ। ਇਸ ਸਲਾਨਾ ਸਮਾਗਮ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਦੁਆਰਾ ਨੇਪੜੇ ਚਾੜ੍ਹਨ ਸਬੰਧੀ ਪ੍ਰਮੁੱਖ ਸੇਵਾਦਾਰਾਂ ਦੀ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਵੱਖ ਵੱਖ ਵਿਭਾਗਾਂ ਵਿਚ ਸੇਵਾ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਸਲਾਨਾ ਸਮਾਗਮ ਸਬੰਧੀ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਕੁਲਵੰਤ ਸਿੰਘ, ਭਾਈ ਕੜਾਕਾ ਸਿੰਘ ਢੱਕੀ ਸਾਹਿਬ, ਹਰਕੀਰਤ ਸਿੰਘ ਫੈਜਗੜ੍ਹ, ਗੁਰਦੀਪ ਸਿੰਘ ਰਸੂਲੜਾ, ਗੁਰਪ੍ਰੀਤ ਸਿੰਘ ਖੰਨਾ, ਮਨਪ੍ਰੀਤ ਸਿੰਘ ਫੈਜੁਲਾਪੁਰ, ਲਖਵਿੰਦਰ ਸਿੰਘ ਲਿਬੜਾ, ਮਸਤਾਨ ਸਿੰਘ ਪੂਰਬਾ, ਰਵਿੰਦਰ ਸਿੰਘ ਕੋਟ ਪਨੈਚ, ਦਰਸ਼ਨ ਸਿੰਘ ਮਾਨੂੰਪੁਰ ਆਦਿਕ ਹਾਜ਼ਰ ਸਨ।