ਸੜਕ ਹਾਦਸੇ ’ਚ ਮਜ਼ਦੂਰ ਦੀ ਮੌਤ
ਸੜਕ ਹਾਦਸੇ ’ਚ ਇੱਕ ਮਜ਼ਦੂਰ ਦੀ ਮੌਤ
Publish Date: Wed, 06 May 2026 07:57 PM (IST)
Updated Date: Thu, 07 May 2026 04:14 AM (IST)

ਪੀ 15, 16 : ਲਿਬੜਾ ਵਿਖੇ ਸੜਕ ਹਾਦਸੇ ’ਚ ਮਾਰੇ ਗਏ ਵਿਅਕਤੀ ਦੀ ਲਾਸ਼ ਕੋਲ ਖੜ੍ਹੇ ਲੋਕ ਤੇ ਮੌਕੇ ’ਤੇ ਖੜ੍ਹਾ ਟਰੱਕ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਖੰਨਾ ’ਚ ਨੈਸ਼ਨਲ ਹਾਈਵੇ ਜੀਟੀ ਰੋਡ ਤੇ ਵਾਪਰੇ ਇਕ ਸੜਕ ਹਾਦਸੇ ’ਚ ਇਕ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਨੇ ਇਕ ਵਾਰ ਫਿਰ ਹਾਈਵੇ ਨਾਲ ਲੱਗਦੀਆਂ ਗ਼ੈਰ-ਕਾਨੂੰਨੀ ਜੂਸ ਦੀਆਂ ਰੇਹੜੀਆਂ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਨੂੰ ਸਥਾਨਕ ਲੋਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਮੰਨਦੇ ਹਨ। ਜਾਣਕਾਰੀ ਅਨੁਸਾਰ ਪਿੰਡ ਲਿਬੜਾ ਨੇੜੇ ਇਕ ਕਿਸਾਨ ਲਈ ਕੰਮ ਕਰਨ ਵਾਲਾ ਮਜ਼ਦੂਰ ਅਜੈ ਨਾਮਕ ਵਿਅਕਤੀ ਤੂੜੀ ਦੀ ਇਕ ਟਰਾਲੀ ਉਤਾਰਨ ਤੋਂ ਬਾਅਦ ਸੜਕ ਕਿਨਾਰੇ ਇਕ ਜੂਸ ਵਾਲੀ ਰੇਹੜੀ ਤੇ ਜੂਸ ਪੀਣ ਲਈ ਰੁਕਿਆ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਜ਼ਦੂਰ ਅਜੈ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਗੱਡੀ ਨੂੰ ਮੌਕੇ ਤੇ ਛੱਡ ਕੇ ਭੱਜ ਗਿਆ। ਇਸ ਦੌਰਾਨ ਘਟਨਾ ਤੋਂ ਤੁਰੰਤ ਬਾਅਦ ਜੂਸ ਦੀ ਰੇਹੜੀ ਵਾਲਾ ਵਿਅਕਤੀ ਵੀ ਮੌਕੇ ਤੋਂ ਗਾਇਬ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਆਲੇ-ਦੁਆਲੇ ਦੇ ਲੋਕ ਮੌਕੇ ਤੇ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਿਤ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੀਟੀ ਰੋਡ ਤੇ ਵੱਡੀ ਗਿਣਤੀ ’ਚ ਜੂਸ ਦੀਆਂ ਰੇਹੜੀਆਂ ਤੇ ਹੋਰ ਖਾਣ-ਪੀਣ ਦੀਆਂ ਰੇਹੜੀਆਂ ਗੈਰ-ਕਾਨੂੰਨੀ ਤੌਰ ਤੇ ਖੜ੍ਹੀਆਂ ਹਨ, ਜੋ ਨਾ ਸਿਰਫ਼ ਆਵਾਜਾਈ ’ਚ ਵਿਘਨ ਪਾਉਂਦੀਆਂ ਹਨ ਸਗੋਂ ਹਾਦਸਿਆਂ ਨੂੰ ਵੀ ਸੱਦਾ ਦਿੰਦੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਈਵੇਅ ਵਾਲੇ ਪਾਸੇ ਅਜਿਹੀਆਂ ਬੇਤਰਤੀਬ ਰੇਹੜੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਸੂਚਨਾ ਮਿਲਣ ਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਤੋਂ ਇਲਾਵਾ ਘਟਨਾ ਸਥਾਨ ਦਾ ਮੁਆਇਨਾ ਕੀਤਾ ਗਿਆ ਤੇ ਟਰੱਕ ਨੂੰ ਕਬਜ਼ੇ ’ਚ ਲੈ ਲਿਆ ਗਿਆ। ਪੁਲਿਸ ਨੇ ਅਣਪਛਾਤੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫਰਾਰ ਡਰਾਈਵਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਹਾਈਵੇਅ ਵਾਲੇ ਪਾਸੇ ਲਗਾਈਆਂ ਗਈਆਂ ਗ਼ੈਰ-ਕਾਨੂੰਨੀ ਰੇਹੜੀਆਂ ਵਿਰੁੱਧ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।