ਫਿਰੋਜ਼ਪੁਰ ਰੋਡ ’ਤੇ ਲੱਕੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ
ਫਿਰੋਜ਼ਪੁਰ ਰੋਡ ‘ਤੇ ਲੱਕੜ ਦੇ ਗੋਦਾਮ ’ਚ ਭਿਆਨਕ ਅੱਗ
Publish Date: Tue, 26 May 2026 09:15 PM (IST)
Updated Date: Wed, 27 May 2026 04:11 AM (IST)

-ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋਣ ਦਾ ਖ਼ਦਸ਼ਾ -ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ ’ਤੇ ਕਾਬੂ --- ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਪਾਮ ਕੋਰਟ ਦੇ ਨੇੜੇ ਸਥਿਤ ਗਣਪਤੀ ਟਿੰਬਰ ਟ੍ਰੇਡਰਜ਼ ਦੇ ਗੋਦਾਮ ਵਿੱਚ ਮੰਗਲਵਾਰ ਸਵੇਰੇ ਕਰੀਬ 6:30 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ। ਗੋਦਾਮ ਵਿੱਚ ਵੱਡੀ ਮਾਤਰਾ ਵਿੱਚ ਲੱਕੜ, ਪਲਾਈਵੁੱਡ, ਵਿਨੀਅਰ ਅਤੇ ਹੋਰ ਜਲਣਸ਼ੀਲ ਸਮਾਨ ਰੱਖਿਆ ਹੋਇਆ ਸੀ, ਜਿਸ ਕਾਰਨ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ। ਦੇਖਦੇ ਹੀ ਦੇਖਦੇ ਅੱਗ ਦੀਆਂ ਉੱਚੀਆਂ ਲਪਟਾਂ ਅਤੇ ਕਾਲੇ ਧੂੰਏਂ ਦੇ ਗੁਬਾਰ ਨੇ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਦੀ ਘਟਨਾ ਨਾਲ ਇਲਾਕੇ ਵਿੱਚ ਹੜਕੰਪ ਮੱਚ ਗਿਆ। ਨੇੜਲੇ ਦੁਕਾਨਦਾਰ ਅਤੇ ਸਥਾਨਕ ਲੋਕ ਘਬਰਾਹਟ ਵਿੱਚ ਬਾਹਰ ਨਿਕਲ ਆਏ। ਕਈ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਲਈ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਫਾਇਰ ਅਫਸਰ ਰਾਜਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਕੰਟਰੋਲ ਰੂਮ ਤੋਂ ਗੋਦਾਮ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਵੱਲ ਰਵਾਨਾ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਗੋਦਾਮ ਦੇ ਅੰਦਰ ਵੱਡੀ ਮਾਤਰਾ ਵਿੱਚ ਲੱਕੜ ਅਤੇ ਹੋਰ ਜਲਣਸ਼ੀਲ ਸਮਾਨ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ, ਜਿਸ ਕਾਰਨ ਅੱਗ ਬੁਝਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਕਰੀਬ 10:30 ਵਜੇ ਤੱਕ ਪੰਜ ਫਾਇਰ ਬ੍ਰਿਗੇਡ ਗੱਡੀਆਂ ਅਤੇ ਦਮਕਲ ਕਰਮਚਾਰੀ ਅੱਗ ‘ਤੇ ਕਾਬੂ ਪਾਉਣ ਲਈ ਲਗਾਤਾਰ ਮਸ਼ੱਕਤ ਕਰਦੇ ਰਹੇ। ਅੱਗ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਧੂੰਏਂ ਦੇ ਗੁਬਾਰ ਕਾਫੀ ਦੂਰੋਂ ਵੀ ਨਜ਼ਰ ਆ ਰਹੇ ਸਨ। ਸਥਾਨਕ ਲੋਕਾਂ ਵਿੱਚ ਵੀ ਇਸ ਘਟਨਾ ਕਾਰਨ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ। ਹਾਲਾਂਕਿ ਗੋਦਾਮ ਵਿੱਚ ਰੱਖਿਆ ਲੱਖਾਂ ਰੁਪਏ ਦਾ ਕੀਮਤੀ ਸਮਾਨ ਅੱਗ ਦੀ ਭੇਟ ਚੜ੍ਹ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।