ਨਕਾਬਪੋਸ਼ ਬਦਮਾਸ਼ਾਂ ਨੇ ਸੁਨਿਆਰੇ ਨੂੰ ਚਾਕੂਆਂ ਨਾਲ ਵਿੰਨ੍ਹ ਕੇ ਲੁੱਟਿਆ ਸੋਨਾ, ਚਾਂਦੀ, ਪਿਸਤੌਲ ਤੇ ਸਕੂਟਰ
ਨਕਾਬਪੋਸ਼ ਬਦਮਾਸ਼ਾਂ ਨੇ ਸੁਨਿਆਰੇ ਨੂੰ ਚਾਕੂਆਂ ਨਾਲ ਵਿੰਨ੍ਹ ਕੇ ਲੁੱਟਿਆ ਸੋਨਾ, ਚਾਂਦੀ, ਪਿਸਤੌਲ ਤੇ ਸਕੂਟਰ
Publish Date: Fri, 22 May 2026 09:17 PM (IST)
Updated Date: Fri, 22 May 2026 09:19 PM (IST)

- ਚਿੱਟੇ ਦਿਨ ਲੁਧਿਆਣਾ ’ਚ ਲੁਟੇਰਿਆਂ ਦੀ ਦਹਿਸ਼ਤ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਏਟੀਆਈ ਰੋਡ ’ਤੇ ਵੀਰਵਾਰ ਨੂੰ ਦਿਨ-ਦਿਹਾੜੇ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਦੋ ਨਕਾਬਪੋਸ਼ ਲੁਟੇਰੇ ਇੱਕ ਜਿਊਲਰੀ ਸ਼ਾਪ ਵਿੱਚ ਦਾਖਲ ਹੋਏ ਅਤੇ ਅੰਦਰ ਇਕੱਲੇ ਮੌਜੂਦ ਜਿਊਲਰ ਨੂੰ ਬੰਦੀ ਬਣਾ ਕੇ ਛੁਰਿਆਂ ਨਾਲ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਕੁਝ ਮਿੰਟਾਂ ਵਿੱਚ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸੋਨੇ ਦੇ ਗਹਿਣੇ, ਲਾਇਸੈਂਸੀ ਪਿਸਤੌਲ, ਮੋਬਾਈਲ ਫੋਨ ਅਤੇ ਐਕਟਿਵਾ ਸਕੂਟਰ ਲੁੱਟ ਲਿਆ। ਵਾਰਦਾਤ ਦੀਆਂ ਤਸਵੀਰਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਘਟਨਾ ਸਵੇਰੇ ਵੀਰਵਾਰ 11:37 ਵਜੇ ਤੋਂ 11:41 ਵਜੇ ਦਰਮਿਆਨ ਵਾਪਰੀ। ਜਾਣਕਾਰੀ ਮੁਤਾਬਕ ਜਖ਼ਮੀ ਜਿਊਲਰ ਦੀ ਪਛਾਣ ਰਣਜੀਤ ਸਿੰਘ ਮਿੱਠੂ ਵਜੋਂ ਹੋਈ ਹੈ। ਉਹ ਦੁਕਾਨ ਅੰਦਰ ਇਕੱਲਾ ਸਾਫ-ਸਫ਼ਾਈ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਸ਼ੀਸ਼ੇ ਵਿੱਚੋਂ ਦੋ ਪਗੜੀਧਾਰੀਆਂ ਨੇ ਦੇਖਿਆ ਅਤੇ ਰਿਮੋਟ ਨਾਲ ਗੇਟ ਖੋਲ ਦਿੱਤਾ। ਦੁਕਾਨ ਦੇ ਅੰਦਰ ਚਿਹਰੇ ਢੱਕੇ ਨੌਜਵਾਨ ਅਚਾਨਕ ਦਾਖਲ ਹੋਏ। ਅੰਦਰ ਆਉਂਦੇ ਹੀ ਇੱਕ ਲੁਟੇਰੇ ਕਾਊਟਰ ਦੇ ਉੱਪਰੋਂ ਟੰਪ ਪਿਸਤੌਲ ਦੀ ਨੋਕ ’ਤੇ ਰਣਜੀਤ ਸਿੰਘ ਮਿੱਠੂ ਨੂੰ ਕਾਬੂ ਕਰ ਦੀ ਕੋਸ਼ਿਸ਼ ਸ਼ੁਰੂ ਕੀਤੀ, ਪਹਿਲਾ ਤਾਂ ਮਿੱਠੂ ਨੇ ਉਨ੍ਹਾਂ ਦਾ ਵਿਰੋਧ ਕੀਤਾ, ਪਰ ਪਿਸਤੌਲ ਦੇਖ ਉਹ ਜ਼ਿਆਦਾ ਕੁਝ ਨਾ ਕਰ ਸਕਿਆ। ਜਿਸ ਤੋਂ ਬਾਅਦ ਲੁਟੇਰਿਆਂ ਨੇ ਜ਼ਬਰਦਸਤੀ ਮਿੱਠੂ ਨੂੰ ਸਟਰੋਂਗ ਰੂਮ ਵੱਲ ਘਸੀਟਿਆ, ਜਦਕਿ ਦੂਜਾ ਉਸ ਦੇ ਪਿੱਛੇ ਅੰਦਰ ਚਲਾ ਗਿਆ। ----- - ਚਾਰ ਮਿੰਟ ’ਚ ਦਿੱਤਾ ਵਾਰਦਾਤ ਨੂੰ ਅੰਜਾਮ, ਦੋ ਨਕਾਬਪੋਸ਼ ਲੁਟੇਰੇ ਬਣੇ ਖੌਫ਼ ਦਾ ਕਾਰਨ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲੁਟੇਰੇ ਲਾਕਰ ਦੀਆਂ ਚਾਬੀਆਂ ਮੰਗ ਰਹੇ ਸਨ। ਜਦੋਂ ਰਣਜੀਤ ਨੇ ਦੱਸਿਆ ਕਿ ਉਹ ਸਿਰਫ਼ ਕਰਮਚਾਰੀ ਹੈ ਅਤੇ ਉਸ ਦੇ ਕੋਲ ਚਾਬੀਆਂ ਨਹੀਂ ਹਨ ਤਾਂ ਇੱਕ ਮੁਲਜ਼ਮ ਨੇ ਉਸ ਤੋਂ ਆਟੋਮੈਟਿਕ ਡੋਰ ਲਾਕ ਦੀ ਚਾਬੀ ਖੋਹ ਲਈ ਅਤੇ ਦੁਕਾਨ ਨੂੰ ਅੰਦਰੋਂ ਲਾਕ ਕਰ ਦਿੱਤਾ ਤਾਂ ਜੋ ਕੋਈ ਬਾਹਰਲਾ ਵਿਅਕਤੀ ਅੰਦਰ ਨਾ ਆ ਸਕੇ। ਇਸ ਦੌਰਾਨ ਇੱਕ ਲੁਟੇਰਾ ਜ਼ਖ਼ਮੀ ਜਿਊਲਰ ’ਤੇ ਨਿਗਰਾਨੀ ਕਰਦਾ ਰਿਹਾ, ਜਦਕਿ ਦੂਜਾ ਆਪਣੇ ਨਾਲ ਲਿਆਂਦੇ ਬੈਗ ਵਿੱਚ ਸੋਨੇ, ਚਾਂਦੀ ਦੇ ਗਹਿਣੇ ਭਰਨ ਲੱਗ ਪਿਆ। ਮਾਮਲਾ ਉਸ ਵੇਲੇ ਹੋਰ ਖੂਨੀ ਰੂਪ ਧਾਰ ਗਿਆ, ਜਦੋਂ ਰਣਜੀਤ ਸਿੰਘ ਨੇ ਹਿੰਮਤ ਦਿਖਾਉਂਦਿਆਂ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਉਸ ਦੇ ਗਲ ਦੀ ਸੋਨੇ ਦੀ ਚੇਨ, ਉਂਗਲੀ ਦੀ ਅੰਗੂਠੀ ਅਤੇ ਸੋਨੇ ਦਾ ਕੜਾ ਵੀ ਖੋਹ ਲਿਆ। ----- -ਜਿਊਲਰ ਨੇ ਬਹਾਦਰੀ ਨਾਲ ਕੀਤਾ ਮੁਕਾਬਲਾ, ਬਦਮਾਸ਼ਾਂ ਨੇ ਚਾਕੂ ਨਾਲ ਕੀਤੇ ਤਾਬੜ ਤੋੜ ਵਾਰ ਜਦੋਂ ਰਣਜੀਤ ਸਿੰਘ ਮਿੱਠੂ ਨੇ ਲੁਟੇਰਿਆਂ ਤੋਂ ਆਪਣੇ ਗਹਿਣੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਮੁਲਜ਼ਮ ਮੁੜ ਸਟੋਰ ਰੂਮ ਵਿੱਚ ਗਿਆ ਅਤੇ ਉਸ ਉੱਪਰ ਚਾਕੂਆਂ ਨਾਲ ਲਗਾਤਾਰ ਵਾਰ ਕਰਨ ਲੱਗ ਪਿਆ। ਇਸ ਤੋਂ ਬਾਅਦ ਉਸ ਦੇ ਹੱਥ ਨੇੜੇ ਪਏ ਉਸੇ ਦੇ ਕਮੀਜ਼ ਨਾਲ ਪਿੱਛੇ ਬੰਨ੍ਹ ਦਿੱਤੇ ਗਏ। ਮੁਲਜ਼ਮ ਦੁਕਾਨ ਵਿੱਚ ਰੱਖਿਆ ਰਣਜੀਤ ਦਾ ਲਾਇਸੈਂਸੀ .30 ਬੋਰ ਦਾ ਪਿਸਤੌਲ, ਮੋਬਾਈਲ ਫੋਨ ਅਤੇ ਸਕੂਟਰ ਵੀ ਲੁੱਟ ਕੇ ਰਫੂ ਚੱਕਰ ਹੋ ਗਏ। ----- - ਮੋਬਾਈਲ ’ਤੇ ਚੱਲ ਰਹੀ ਗੱਲ ਨੇ ਬਚਾਈ ਮਿੱਠੂ ਦੀ ਜਾਨ ਰਣਜੀਤ ਸਿੰਘ ਮਿੱਠੂ ਦਾ ਸ਼ਿਕਾਰ ਹੋਏ ਜਿਊਲਰ ਰਣਜੀਤ ਸਿੰਘ ਮਿੱਠੂ ਦੀ ਜਾਨ ਕੁਝ ਸਮਾਂ ਪਹਿਲਾਂ ਉਸ ਵੱਲੋਂ ਮਿਲਾਏ ਗਏ ਫੋਨ ਨੇ ਬਚਾਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਕਾਨ ਖੋਲਣ ਤੋਂ ਕੁਝ ਦੇਰ ਬਾਅਦ ਅਤੇ ਵਾਰਦਾਤ ਤੋਂ ਇਕ ਮਿੰਟ ਪਹਿਲਾਂ ਹੀ ਮਿੱਠੂ ਨੇ ਆਪਣੀ ਭੈਣ ਨੂੰ ਫੋਨ ਮਿਲਾਇਆ ਸੀ ਅਤੇ ਉਹ ਹੈੱਡਫੋਨ ਦੇ ਜਰੀਏ ਗੱਲ ਕਰ ਰਿਹਾ ਸੀ। ਜਿਵੇਂ ਹੀ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਤਾਂ ਇਸ ਦੀ ਜਾਣਕਾਰੀ ਮਿੱਠੂ ਦੀ ਭੈਣ ਨੂੰ ਮਿਲੀ ਉਨ੍ਹਾਂ ਤੁਰੰਤ ਸਾਰਾ ਮਾਮਲਾ ਆਪਣੇ ਪਰਿਵਾਰਕ ਮੈਂਬਰਾਂ ਦੇ ਧਿਆਨ ਵਿੱਚ ਲਿਆਂਦਾ। ਜਿਵੇਂ ਹੀ ਲੁਟੇਰੇ ਨੇ ਫੋਨ ਚੱਲਦਾ ਦੇਖਿਆ ਤਾਂ ਉਸ ਨੇ ਕਾਲ ਕੱਟ ਕਰ ਕੇ ਫੋਨ ਜੇਬ ਵਿੱਚ ਪਾ ਲਿਆ ਤੇ ਜਲਦੀ ਵਿੱਚ ਜੋ ਵੀ ਹੱਥ ਆਇਆ ਲੈਕੇ ਮੌਕੇ ਤੋਂ ਫ਼ਰਾਰ ਹੋ ਗਏੇ। ----- - ਕੁਝ ਸਮੇਂ ਲਈ ਫਸ ਗਿਆ ਸੀ ਇੱਕ ਲੁਟੇਰਾ ਜ਼ਖ਼ਮੀ ਜਿਊਲਰ ਦੇ ਪਿਤਾ ਰਘਬੀਰ ਸਿੰਘ ਨੇ ਦੱਸਿਆ ਕਿ ਪੂਰੀ ਵਾਰਦਾਤ ਕੁਝ ਹੀ ਮਿੰਟਾਂ ਵਿੱਚ ਅੰਜਾਮ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੁਟੇਰੇ ਰਣਜੀਤ ਨੂੰ ਸਟਰੋਂਗ ਰੂਮ ਵਿੱਚ ਬੰਦ ਕਰ ਕੇ ਭੱਜ ਰਹੇ ਸਨ। ਇੱਕ ਲੁਟੇਰਾ ਬਾਹਰ ਨਿਕਲ ਗਿਆ ਸੀ, ਪਰ ਇਸ ਦੌਰਾਨ ਆਟੋਮੈਟਿਕ ਦਰਵਾਜ਼ਾ ਦੁਬਾਰਾ ਲਾਕ ਹੋ ਗਿਆ ਅਤੇ ਦੂਜਾ ਅੰਦਰ ਹੀ ਫਸ ਗਿਆ। ਦੋਵੇਂ ਕੁਝ ਸਮੇਂ ਤੱਕ ਦਰਵਾਜ਼ਾ ਖੋਲ੍ਹਣ ਲਈ ਜੱਦੋ ਜਹਿਦ ਕਰਦੇ ਰਹੇ, ਜਿਸ ਕਾਰਨ ਨੇੜਲੇ ਦੁਕਾਨਦਾਰ ਨੂੰ ਸ਼ੱਕ ਹੋਇਆ। ਇੰਨੇ ਸਮੇਂ ਵਿੱਚ ਹੀ ਤੇਜ਼ ਤਰਾਰ ਲੁਟੇਰੇ ਜਿਊਲਰ ਮਿੱਠੂ ਦੀ ਐਕਟਿਵਾ ’ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਰਘਬੀਰ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਉਹ ਮੌਕੇ ’ਤੇ ਪਹੁੰਚੇ, ਮਾਰਕੀਟ ਦੇ ਲੋਕ ਰਣਜੀਤ ਨੂੰ ਹਸਪਤਾਲ ਪਹੁੰਚਾ ਚੁੱਕੇ ਸਨ। ਡਾਕਟਰਾਂ ਮੁਤਾਬਿਕ ਉਸ ਦੀ ਹਾਲਤ ਇਸ ਵੇਲੇ ਸਥਿਰ ਹੈ ਅਤੇ ਉਸ ਦਾ ਇਲਾਜ ਜਾਰੀ ਹੈ। ਉਧਰ ਸ਼ਿਮਲਾਪੁਰੀ ਥਾਣੇ ਦੇ ਐੱਸਐੱਚਓ ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਦੋਸ਼ੀਆਂ ਦੀ ਪਛਾਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।