ਇੰਦਰ ਕੌਰ ਕਤਲ ਮਾਮਲੇ ’ਚ ਕਈ ਪਹੇਲੀਆਂ ਦਾ ਜਵਾਬ ਬਾਕੀ
ਪੰਜਾਬੀ ਗਾਇਕਾ ਇੰਦਰ ਕੌਰ ਕਤਲ ਮਾਮਲੇ ਵਿੱਚ ਕਈ ਪਹੇਲੀਆਂ ਦਾ ਜਵਾਬ ਬਾਕੀ
Publish Date: Thu, 21 May 2026 09:51 PM (IST)
Updated Date: Fri, 22 May 2026 04:17 AM (IST)

-ਮ੍ਰਿਤਕਾ ਦੇ ਵਕੀਲ ਅਤੇ ਪਰਿਵਾਰਿਕ ਮੈਂਬਰਾਂ ਨੇ ਕੀਤੀ ਇਨਸਾਫ ਦੀ ਮੰਗ -ਕਿਹਾ ਐਨਆਰਆਈ ਦਾ ਅਸਲਾ ਲਾਈਸੈਂਸ ਕਿਵੇਂ ਬਣਿਆ -ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਿਲ ਹੋਰ ਮੁਲਜ਼ਮਾਂ ਨੂੰ ਕੀਤਾ ਜਾਵੇ ਗ੍ਰਿਫਤਾਰ --- ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਬੀਤੇ ਦਿਨੀਂ ਪੰਜਾਬੀ ਗਾਇਕਾ ਇੰਦਰ ਕੌਰ ਉਰਫ ਯਸ਼ਵਿੰਦਰ ਕੌਰ ਦੇ ਸਨਸਨੀ ਖੇਜ ਕਤਲ ਮਾਮਲੇ ਵਿੱਚ ਗਾਇਕਾ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲ ਐਡਵੋਕੇਟ ਹਰਕਮਲ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀਂ ਇਸ ਮਾਮਲੇ ਦੀਆਂ ਕਈ ਅਨਸੁਲਝੀਆਂ ਪਹੇਲੀਆਂ ਦਾ ਜਵਾਬ ਮੰਗਿਆ। ਉਨ੍ਹਾਂ ਇਸ ਕਤਲ ਕਾਂਡ ਵਿੱਚ ਸ਼ਾਮਿਲ ਹਰ ਇੱਕ ਮੁਲਜ਼ਮ ਦੀ ਪਛਾਣ ਅਤੇ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਕਈ ਸਵਾਲ ਸਾਹਮਣੇ ਲਿਆਂਦੇ ਉਨ੍ਹਾਂ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਸਾਹਮਣੇ ਆਉਣ ਮਗਰੋਂ ਪੜਤਾਲ ਦੀ ਦਿਸ਼ਾ ਹੀ ਬਦਲ ਜਾਵੇਗੀ। ਐਡਵੋਕੇਟ ਹਰ ਕਮਲ ਸਿੰਘ ਨੇ ਦਾਅਵਾ ਕੀਤਾ ਕਿ ਇਸ ਕਤਲ ਕਾਂਡ ਦਾ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖਾ ਨੇ ਮਹਿਜ ਆਪਣੇ ਵਿਆਹ ਦੀ ਹਿੰਡ ਪਗਾਉਣ ਲਈ ਇੰਦਰ ਕੌਰ ਦਾ ਵਹਿਸ਼ੀਆਨਾ ਢੰਗ ਨਾਲ ਕਤਲ ਕਰਕੇ ਲਾਸ਼ ਖੁਰਦ ਬੁਰਦ ਕਰਨ ਦੀ ਸਾਜਿਸ਼ ਘੜੀ। ਉਨ੍ਹਾਂ ਮੰਗ ਕੀਤੀ ਕੀ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖਾ ਵੱਲੋਂ ਅੰਜਾਮ ਦਿੱਤੀ ਇਸ ਵਾਰਦਾਤ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਬਾਕੀ ਮੁਲਜ਼ਮਾਂ ਦੀ ਪਛਾਣ ਹੋਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ ਸੁੱਖਾ ਕੈਨੇਡਾ ਤੋਂ ਨੇਪਾਲ ਰਾਹੀਂ ਭਾਰਤ ਆ ਕੇ ਵਾਰਦਾਤ ਕਰਨ ਮਗਰੋਂ ਵਾਪਸ ਉਸੇ ਰਸਤੇ ਕੈਨੇਡਾ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸ ਦੀ ਨੇਪਾਲ ਤੋਂ ਲੁਧਿਆਣਾ ਤੱਕ ਆਉਣ ਵਿੱਚ ਮਦਦ ਕਰਨ ਵਾਲੇ ਅਤੇ ਲੁਧਿਆਣਾ ਵਿੱਚ ਆ ਕੇ ਇੰਦਰ ਕੌਰ ਨਾਲ ਸੰਪਰਕ ਕਰਨ ਮਗਰੋਂ ਕਿਡਨੈਪ ਕਰਨ ਅਤੇ ਕਤਲ ਕਰਨ ਵਿੱਚ ਸ਼ਾਮਿਲ ਹਰ ਇੱਕ ਚਿਹਰੇ ਨੂੰ ਬੇਨਕਾਬ ਕਰਨਾ ਜਰੂਰੀ ਹੈ। ਐਡਵੋਕੇਟ ਹਰ ਕਮਲ ਸਿੰਘ ਮੁਤਾਬਕ ਮ੍ਰਿਤਕਾ ਦੇ ਭਰਾ ਜੋਤ ਇੰਦਰ ਸਿੰਘ ਦੇ ਬਿਆਨਾ ਉੱਪਰ ਪੁਲਿਸ ਨੇ ਭਾਵੇਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇੰਦਰ ਕੌਰ ਦੀ ਲਾਸ਼ ਬਰਾਮਦ ਕਰਨ ਮਗਰੋਂ ਕਈ ਕੜੀਆਂ ਜੋੜ ਕੇ ਕੇਸ ਹੱਲ ਕਰਨ ਦਾ ਦਾਅਵਾ ਤਾਂ ਕਰ ਲਿਆ। ਪਰ ਅਜੇ ਤੱਕ ਸੁਖਵਿੰਦਰ ਸਿੰਘ ਉਰਫ ਸੁੱਖਾ ਕੋਲ ਦੋ ਲਾਈਸੈਂਸੀ ਹਥਿਆਰ ਕਿਵੇਂ ਆਏ ਜਿਨ੍ਹਾਂ ਨਾਲ ਉਸ ਨੇ ਇੰਦਰ ਕੌਰ ਨੂੰ ਕਤਲ ਕੀਤਾ। ਇਸ ਮਾਮਲੇ ਵਿੱਚ ਅਸਲਾ ਐਕਟ ਅਤੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਗਾਈਡਲਾਈਨ ਦਾ ਉਲੰਘਣ ਕਰਕੇ ਮੁਲਜ਼ਮ ਦੀ ਹਥਿਆਰ ਰੱਖਣ ਵਿੱਚ ਮਦਦ ਕਰਨ ਵਾਲੇ ਕੌਣ ਕੌਣ ਚਿਹਰੇ ਸਨ ਉਹ ਵੀ ਪੁਲਿਸ ਵੱਲੋਂ ਸਾਹਮਣੇ ਲਿਆਂਦੇ ਜਾਣ। ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਕ ਦੋ ਦੇਸ਼ਾਂ ਦੀ ਦੋਹਰੀ ਨਾਗਰਿਕਤਾ ਰੱਖਣ ਵਾਲਿਆਂ ਦੇ ਹਥਿਆਰ ਲਾਈਸੈਂਸ ਕਿਵੇਂ ਬਣ ਸਕਦੇ ਹਨ ਅਤੇ ਜੇ ਇਹ ਲਾਈਸੈਂਸ ਹਥਿਆਰ ਸੁਖਵਿੰਦਰ ਸਿੰਘ ਸੁੱਖਾ ਦੇ ਹੀ ਸਨ ਤਾਂ ਉਸ ਦੇ ਕੈਨੇਡਾ ਜਾਣ ਤੇ ਇਹ ਹਥਿਆਰ ਕਿਸੇ ਗੰਨ ਹਾਊਸ ਜਾਂ ਪੁਲਿਸ ਕੋਲ ਕਿਉਂ ਜਮ੍ਹਾਂ ਨਹੀਂ ਕਰਵਾਏ ਗਏ। ਇਨ੍ਹਾਂ ਸਵਾਲਾਂ ਦੇ ਜਵਾਬ ਵੀ ਅਜੇ ਬਾਕੀ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੁਲਿਸ ਮੁੱਖ ਮੁਲਜ਼ਮ ਨੂੰ ਕੈਨੇਡਾ ਤੋਂ ਲੁਧਿਆਣਾ ਲੈ ਕੇ ਆਉਣ ਲਈ ਬਣਦੀ ਕਾਰਵਾਈ ਅਮਲ ਵਿੱਚ ਲਿਆਵੇਗੀ ਅਤੇ ਮੁਲਜ਼ਮ ਦੇ ਯਾਤਰਾ ਰਿਕਾਰਡ ਹਥਿਆਰ ਲਾਈਸੈਂਸ ਅਤੇ ਕਾਲ ਡਿਟੇਲਾਂ ਦੀ ਜਾਂਚ ਮਗਰੋਂ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਵੀ ਆਸ ਹੈ।