ਟ੍ਰੈਫਿਕ ਪੁਲਿਸ ਨੇ ਇੱਕ ਦਿਨ ’ਚ ਕੱਟੇ ਹਜ਼ਾਰਾਂ ਚਲਾਨ
ਟ੍ਰੈਫਿਕ ਪੁਲਿਸ ਦੀ ਵੱਡੀ ਕਾਰਵਾਈ, ਇੱਕ ਦਿਨ ਵਿੱਚ ਕੱਟੇ ਹਜ਼ਾਰਾਂ ਵਾਹਨ ਚਾਲਕਾਂ ਦੇ ਚਲਾਨ
Publish Date: Wed, 13 May 2026 09:40 PM (IST)
Updated Date: Thu, 14 May 2026 04:16 AM (IST)

ਪ੍ਰਿੰਸ ਸ਼ਰਮਾ ਪੰਜਾਬੀ ਜਾਗਰਣ ਲੁਧਿਆਣਾ ਮੰਗਲਵਾਰ ਨੂੰ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਲੁਧਿਆਣਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 1970 ਵਾਹਨ ਚਾਲਕਾਂ ਨੂੰ ਈ-ਚਲਾਨ ਜਾਰੀ ਕੀਤੇ ਗਏ। ਟ੍ਰੈਫਿਕ ਪੁਲਿਸ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਸਭ ਤੋਂ ਵੱਧ ਕਾਰਵਾਈ ਬਿਨ੍ਹਾਂ ਹੈਲਮੈਟ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ। ਇਸ ਸ੍ਰੇਣੀ ਵਿੱਚ 563 ਚਲਾਨ ਕੱਟੇ ਗਏ, ਜੋ ਇਹ ਦਰਸਾਉਂਦਾ ਹੈ ਕਿ ਲੋਕ ਅਜੇ ਵੀ ਸੁਰੱਖਿਆ ਨਿਯਮਾਂ ਪ੍ਰਤੀ ਲਾਪ੍ਰਵਾਹੀ ਵਰਤ ਰਹੇ ਹਨ। ਇਸੇ ਤਰ੍ਹਾਂ ਗਲਤ ਸਾਈਡ ’ਤੇ ਵਾਹਨ ਚਲਾਉਣ ਵਾਲਿਆਂ ਦੇ 336 ਚਲਾਨ ਕੀਤੇ ਗਏ, ਜੋ ਅਕਸਰ ਗੰਭੀਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਅੰਕੜਿਆਂ ਅਨੁਸਾਰ 141 ਚਲਾਨ ਗਲਤ ਪਾਰਕਿੰਗ, 119 ਓਵਰ ਸਪੀਡ ਅਤੇ 106 ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ 88 ਵਾਹਨ ਬਿਨ੍ਹਾਂ ਨੰਬਰ ਪਲੇਟ, 71 ਰੈੱਡ ਲਾਈਟ ਜੰਪ ਅਤੇ 59 ਬਿਨ੍ਹਾਂ ਸੀਟ ਬੈਲਟ ਵਾਹਨ ਚਲਾਉਣ ਦੇ ਮਾਮਲਿਆਂ ਵਿੱਚ ਵੀ ਪੁਲਿਸ ਨੇ ਕਾਰਵਾਈ ਕੀਤੀ। ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਡਰਾਈਵਿੰਗ ਦੌਰਾਨ 35 ਵਾਹਨ ਚਾਲਕ ਮੋਬਾਇਲ ਫੋਨ ਦੀ ਵਰਤੋਂ ਕਰਦੇ ਪਾਏ ਗਏ, ਜਦਕਿ 38 ਵਾਹਨਾਂ ’ਤੇ ਗੈਰ ਕਾਨੂੰਨੀ ਬਲੈਕ ਫਿਲਮ ਲੱਗੀ ਮਿਲੀ। ਇਸ ਦੇ ਨਾਲ ਹੀ 32 ਚਲਾਨ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ (ਡਰਿੰਕ ਐਂਡ ਡਰਾਈਵ) ਦੇ ਮਾਮਲਿਆਂ ’ਚ ਕੀਤੇ ਗਏ, ਜੋ ਸੜਕ ਸੁਰੱਖਿਆ ਲਈ ਗੰਭੀਰ ਖਤਰਾ ਮੰਨੇ ਜਾਂਦੇ ਹਨ। ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਅਤੇ ਨਿਯਮ ਤੋੜਨ ਵਾਲਿਆਂ ਨਾਲ ਕਿਸੇ ਵੀ ਕਿਸਮ ਦੀ ਰਿਆਇਤ ਨਹੀਂ ਵਰਤੀ ਜਾਵੇਗੀ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਹੈਲਮੈਟ ਅਤੇ ਸੀਟ ਬੈਲਟ ਦੀ ਵਰਤੋਂ ਯਕੀਨੀ ਬਣਾਉਣ, ਟ੍ਰੈਫਿਕ ਸਿਗਨਲਾਂ ਦੀ ਪਾਲਣਾ ਕਰਨ ਅਤੇ ਸੜਕਾਂ ’ਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਉਣ, ਤਾਂ ਜੋ ਹਾਦਸਿਆਂ ’ਤੇ ਬਚਿਆ ਜਾ ਸਕੇ।